ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਵੇਲਜ਼ ਦੀ ਸਰਕਾਰ ਨੇ ਤਾਲਾਬੰਦੀ ਨੂੰ ਹੋਰ ਤਿੰਨ ਹਫ਼ਤਿਆਂ ਲਈ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਸਕੂਲਾਂ ਨੂੰ ਵੀ ਫਰਵਰੀ ਦੇ ਅੱਧ ਤੱਕ ਬੰਦ ਰੱਖਣ ਦੀ ਸੰਭਾਵਨਾ ਹੈ। ਇਸ ਸੰਬੰਧੀ ਵੇਲਜ਼ ਦੀ ਫਸਟ ਮਨਿਸਟਰ ਮਾਰਕ ਡਰੇਕਫੋਰਡ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਮਹਾਮਾਰੀ ਵੱਡੇ ਪੱਧਰ 'ਤੇ ਫੈਲ ਗਈ ਹੈ ਅਤੇ ਵਾਇਰਸ ਨੂੰ ਕਾਬੂ ਕਰਨ ਲਈ ਕੁੱਝ ‘ਅਹਿਮ ਖੇਤਰਾਂ’ ਵਿਚ ਨਿਯਮ ਸਖ਼ਤ ਕੀਤੇ ਜਾਣਗੇ।
ਇਨ੍ਹਾਂ ਨਵੇਂ ਨਿਯਮਾਂ ਤਹਿਤ ਵੇਲਜ਼ ਦੇ ਸਾਰੇ ਖੇਤਰ 29 ਜਨਵਰੀ ਤੱਕ ਟੀਅਰ ਚਾਰ ਦੀ ਤਾਲਾਬੰਦੀ ਵਿਚ ਰਹਿਣਗੇ ਅਤੇ ਇਸ ਸਮੇਂ ਤੱਕ ਕੋਰੋਨਾ ਦੇ ਮਾਮਲੇ ਘੱਟ ਨਾ ਹੋਣ ਦੀ ਸੂਰਤ ਵਿਚ ਵਿਦਿਆਰਥੀਆਂ ਨੂੰ ਘੱਟੋ-ਘੱਟ ਫਰਵਰੀ ਦੇ ਅੱਧ ਤੱਕ ਆਨਲਾਈਨ ਸਿੱਖਿਆ ਨੂੰ ਜਾਰੀ ਰੱਖਣਾ ਹੋਵੇਗਾ। ਵੇਲਜ਼ ਸਰਕਾਰ ਵਲੋਂ 19 ਦਸੰਬਰ ਦੀ ਰਾਤ ਤੋਂ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਦੀ ਸਮੀਖਿਆ ਤੋਂ ਬਾਅਦ ਇਹ ਸਾਰੇ ਨਿਯਮ ਜਾਰੀ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਨ੍ਹਾਂ ਤਹਿਤ ਗੈਰ-ਜ਼ਰੂਰੀ ਪ੍ਰਚੂਨ, ਪੱਬ, ਬਾਰ, ਰੈਸਟੋਰੈਂਟ ਅਤੇ ਮਨੋਰੰਜਨ ਸਥਾਨ ਬੰਦ ਰਹਿਣ ਦੇ ਲੋਕਾਂ ਨੂੰ ਘਰ ਵਿਚ ਰਹਿਣਾ ਪਵੇਗਾ। ਇਸ ਦੇ ਇਲਾਵਾ ਇਨਡੋਰ ਅਤੇ ਜਨਤਕ ਥਾਵਾਂ 'ਤੇ ਚਿਹਰੇ ਨੂੰ ਮਾਸਕ ਨਾਲ ਢਕਣਾ ਵੀ ਜ਼ਰੂਰੀ ਹੈ।
ਇੰਨਾ ਹੀ ਨਹੀ ਸਾਰੇ ਸ਼ੋਅਰੂਮ ਜਿਵੇਂ ਕਿ ਕਾਰਾਂ ਅਤੇ ਫਰਨੀਚਰ ਆਦਿ ਨੂੰ ਵੀ ਬੰਦ ਕਰਨਾ ਪਵੇਗਾ । ਵਾਇਰਸ ਦੇ ਮਾਮਲੇ ਪਬਲਿਕ ਹੈਲਥ ਵੇਲਜ਼ ਦੇ ਵੀਰਵਾਰ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ ਵੇਲਜ਼ ਵਿਚ ਕੋਰੋਨਾ ਵਾਇਰਸ ਦੇ 1,718 ਹੋਰ ਮਾਮਲੇ ਦਰਜ ਹੋਣ ਨਾਲ 63 ਮੌਤਾਂ ਵੀ ਹੋਈਆਂ ਹਨ। ਇਸ ਦੇ ਨਾਲ ਹੀ ਹਸਪਤਾਲਾਂ ਵਿਚ ਵੀ ਸਿਹਤ ਸਹੂਲਤਾਂ ਉੱਪਰ ਦਬਾਅ ਵੱਧ ਰਿਹਾ ਹੈ, ਜਿਸ ਦੇ ਹੱਲ ਲਈ ਤਾਲਾਬੰਦੀ ਨੂੰ ਜਾਰੀ ਰੱਖਣਾ ਜ਼ਰੂਰੀ ਹੈ।
ਅਮਰੀਕਾ ਨੇ H-1B ਵੀਜ਼ਾ ਨਿਯਮਾਂ 'ਚ ਕੀਤੀ ਸੋਧ, ਤਨਖ਼ਾਹ ਤੇ ਹੁਨਰ ਨੂੰ ਦਿੱਤੀ ਪਹਿਲ
NEXT STORY