ਡੈਨਹਾਗ (ਹਾਲੈਂਡ) (ਸਰਬਜੀਤ ਸਿੰਘ ਬਨੂੜ) : ਵਰਲਡ ਸਿੱਖ ਪਾਰਲੀਮੈਂਟ ਯੂਰਪ ਵੱਲੋਂ ਜੂਨ 1984 ਦੇ ਘੱਲੂਘਾਰੇ ਦੀ 42ਵੀਂ ਯਾਦ ਨੂੰ ਸਮਰਪਿਤ ਕਰਦਿਆਂ International Court of Justice ਦੇ ਸਾਹਮਣੇ ਸਿੱਖ ਕੌਮ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਵਿਸ਼ੇਸ਼ ਅਰਦਾਸ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ 'ਚ ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਪਹੁੰਚੀਆਂ ਸੰਗਤਾਂ ਨੇ ਸ਼ਰਧਾ ਅਤੇ ਸਤਿਕਾਰ ਨਾਲ ਸ਼ਮੂਲੀਅਤ ਕੀਤੀ।
ਇਸ ਮੌਕੇ ਗੁਰਲੀਨ ਕੌਰ ਤੇ ਬਸੰਤ ਕੌਰ ਵੱਲੋਂ ਲਿਖਿਆ ਕਾਵਿ-ਸੰਗ੍ਰਹਿ “ਕੁਰਬਾਨੀ ਦੀ ਲਹਿਰ” ਵੀ ਲੋਕ ਅਰਪਣ ਕੀਤਾ ਗਿਆ। ਇਹ ਸੰਗ੍ਰਹਿ ਸ਼ਹੀਦ ਹਰਦੀਪ ਸਿੰਘ ਨਿੱਜਰ ਦੀ ਯਾਦ ਅਤੇ ਕੁਰਬਾਨੀ ਨੂੰ ਸਮਰਪਿਤ ਹੈ। ਸਮਾਗਮ ਦੀ ਸ਼ੁਰੂਆਤ ਚੌਪਈ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਇਸ ਉਪਰੰਤ ਸਮੂਹ ਸੰਗਤਾਂ ਵੱਲੋਂ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਰਬੱਤ ਦੇ ਭਲੇ, ਕੌਮੀ ਚੜ੍ਹਦੀ ਕਲਾ ਅਤੇ ਇਨਸਾਫ਼ ਦੀ ਪ੍ਰਾਪਤੀ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਭਾਈ ਜਸਵਿੰਦਰ ਸਿੰਘ, ਭਾਈ ਹਰਜੀਤ ਸਿੰਘ ਅਤੇ ਭਾਈ ਹਰਜੋਤ ਸਿੰਘ ਸੰਧੂ ਵੱਲੋਂ ਜੂਨ 1984 ਨਾਲ ਸੰਬੰਧਿਤ ਇਤਿਹਾਸਕ ਤੱਥਾਂ ਅਤੇ ਸਿੱਖ ਕੌਮ ਉੱਤੇ ਹੋਏ ਅਤਿਆਚਾਰਾਂ ਨੂੰ ਦਰਸਾਉਂਦੀ ਇੱਕ ਪਟੀਸ਼ਨ ਅੰਤਰਰਾਸ਼ਟਰੀ ਅਦਾਲਤ ਦੇ ਨਾਮ ਸਮਰਪਿਤ ਕੀਤੀ ਗਈ। ਪਟੀਸ਼ਨ 'ਚ ਜੂਨ 1984 ਦੌਰਾਨ ਸਿੱਖ ਕੌਮ ਨਾਲ ਹੋਏ ਜ਼ੁਲਮਾਂ ਲਈ ਨਿਆਂ ਦੀ ਮੰਗ ਕਰਦਿਆਂ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਨੂੰਨੀ ਤੌਰ ’ਤੇ ਜਵਾਬਦੇਹ ਠਹਿਰਾਉਣ ਦੀ ਅਪੀਲ ਕੀਤੀ ਗਈ।
ਬੁਲਾਰਿਆਂ ਨੇ ਆਪਣੇ ਸੰਬੋਧਨਾਂ 'ਚ ਕਿਹਾ ਕਿ ਜੂਨ 1984 ਦੀਆਂ ਘਟਨਾਵਾਂ ਸਿੱਖ ਇਤਿਹਾਸ ਦਾ ਇੱਕ ਦੁਖਦਾਈ ਤੇ ਅਹਿਮ ਅਧਿਆਇ ਹਨ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਸੱਚਾਈ ਨੂੰ ਯਾਦ ਰੱਖਣਾ ਤੇ ਇਨਸਾਫ਼ ਸ਼ਾਂਤਮਈ ਤੇ ਜਮਹੂਰੀ ਢੰਗ ਨਾਲ ਆਵਾਜ਼ ਬੁਲੰਦ ਕਰਨੀ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਸਿੱਖ ਕੌਮ ਦੇ ਧਾਰਮਿਕ, ਰਾਜਨੀਤਿਕ ਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮੁੱਦਿਆਂ ਦੇ ਨਿਆਂਪੂਰਨ ਹੱਲ ਦੀ ਵੀ ਮੰਗ ਕੀਤੀ।
ਸਮਾਗਮ ਦੇ ਅੰਤ 'ਚ ਭਾਈ ਹਰਜੀਤ ਸਿੰਘ ਵੱਲੋਂ ਪਹੁੰਚੀਆਂ ਸੰਗਤਾਂ, ਸੇਵਾਦਾਰਾਂ ਅਤੇ ਸਮਾਗਮ ਨੂੰ ਸਫਲ ਬਣਾਉਣ ਵਾਲੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ “ਕੁਰਬਾਨੀ ਦੀ ਲਹਿਰ” ਕਾਵਿ-ਸੰਗ੍ਰਹਿ ਸਿੱਖ ਕੌਮ ਦੀਆਂ ਕੁਰਬਾਨੀਆਂ ਅਤੇ ਸ਼ਹੀਦਾਂ ਦੀ ਯਾਦ ਨੂੰ ਸੰਜੋਣ ਦਾ ਇੱਕ ਯਤਨ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖ ਕੌਮ ਇਨਸਾਫ਼, ਮਨੁੱਖੀ ਅਧਿਕਾਰਾਂ ਅਤੇ ਸੱਚ ਦੀ ਅਵਾਜ਼ ਨੂੰ ਵਿਸ਼ਵ ਪੱਧਰ ’ਤੇ ਉਠਾਉਂਦੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੋਕ ਘਰਾਂ 'ਚ ਅਤੇ ਵਿਦਿਆਰਥੀ ਸਕੂਲ 'ਚ ਡੱਕੇ! ਵੈਸਟ ਬੈਂਕ ਨੇੜੇ ਗੋਲੀਬਾਰੀ ਮਗਰੋਂ ਵਿਗੜੇ ਹਾਲਾਤ
NEXT STORY