ਜਲੰਧਰ (ਵੈੱਬ ਡੈਸਕ) : ਪਿਛਲੇ ਲੰਮੇ ਸਮੇਂ ਤੋਂ ਸਿਆਸੀ ਭਵਿੱਖ ਦੀ ਤਲਾਸ਼ ਕਰ ਰਹੇ ਸੁਖਪਾਲ ਖਹਿਰਾ ਨੇ ਕਾਂਗਰਸ 'ਚ ਸ਼ਾਮਿਲ ਹੋ ਕੇ ਆਪਣੇ ਸਮਰਥਕਾਂ ਅਤੇ ਵਿਰੋਧੀਆਂ ਨੂੰ ਮੁੜ ਬੋਲਣ ਦਾ ਮੌਕਾ ਦੇ ਦਿੱਤਾ ਹੈ। ਅਜਿਹੇ ਮਾਹੌਲ ਵਿੱਚ ਕਿਸੇ ਸਮੇਂ ਖਹਿਰਾ ਵੱਲੋਂ ਕਾਂਗਰਸ ਦੀਆਂ ਨੀਤੀਆਂ ਨੂੰ ਲੈ ਕੇ ਉਠਾਏ ਸਵਾਲਾਂ 'ਤੇ ਉਨ੍ਹਾਂ ਦੀ ਆਲੋਚਨਾ ਹੋਣੀ ਵੀ ਜਾਇਜ਼ ਹੈ। 'ਆਪ' 'ਚ ਰਹਿੰਦਿਆਂ ਬਤੌਰ ਵਿਰੋਧੀ ਧਿਰ ਦੇ ਨੇਤਾ ਵਜੋਂ ਖਹਿਰਾ ਨੇ ਕਾਂਗਰਸ ਦੇ ਆਗੂ ਰਾਣਾ ਗੁਰਜੀਤ ਸਿੰਘ ਖ਼ਿਲਾਫ਼ ਵੀ ਮੋਰਚਾ ਖੋਲ੍ਹਿਆ ਸੀ ਜਿਸ ਕਾਰਨ ਰਾਣਾ ਗੁਰਜੀਤ ਨੂੰ ਆਪਣੇ ਮੰਤਰੀ ਪਦ ਤੋਂ ਅਸਤੀਫ਼ਾ ਦੇਣਾ ਪਿਆ ਸੀ। ਹੁਣ ਖਹਿਰਾ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਮਗਰੋਂ ਵੀ ਦੋਹਾਂ ਆਗੂਆਂ ਵਿੱਚ ਕਿਸੇ ਤਰ੍ਹਾਂ ਦੀ ਸਲਾਹ ਹੁੰਦੀ ਨਜ਼ਰ ਨਹੀਂ ਆ ਰਹੀ ਜਿਸ ਦੀ ਤਾਜ਼ਾ ਉਦਾਹਰਣ ਖਹਿਰਾ ਵੱਲੋਂ ਰਾਣਾ ਗੁਰਜੀਤ ਖ਼ਿਲਾਫ਼ ਮੁੜ ਇਲਜ਼ਾਮ ਲਗਾਉਣਾ ਹੈ।
ਗੌਰਤਲਬ ਹੈ ਕਿ ਬੀਤੇ ਦਿਨੀਂ ਕਿਸੇ ਸ਼ਰਾਬ ਦੇ ਠੇਕੇ ਦੇ ਕਾਰਿੰਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸੁਖਪਾਲ ਖਹਿਰਾ ਦੇ ਮਰਹੂਮ ਪਿਤਾ 'ਤੇ ਕਈ ਇਲਜ਼ਾਮ ਲਾਏ ਗਏ ਸਨ ਜਿਸ ਨੂੰ ਲੈ ਕੇ ਸੁਖਪਾਲ ਖਹਿਰਾ ਵੀ ਅੰਦਰੋਂ ਭਰੇ ਪੀਤੇ ਨਜ਼ਰ ਆਏ। ਅੱਜ ਜਦੋਂ ਜਗਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸੋਢੀ ਵੱਲੋਂ ਇਸ ਘਟਨਾ ਬਾਬਤ ਸੁਖਪਾਲ ਖਹਿਰਾ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਨੇ ਠੇਕੇ ਦੇ ਕਾਰਿੰਦੇ ਪਿੱਛੇ ਰਾਣਾ ਗੁਰਜੀਤ ਦੀ ਹਿਮਾਇਤ ਹੋਣ ਦੀ ਗੱਲ ਕਹੀ।ਖਹਿਰਾ ਨੇ ਤਲਖ ਲਹਿਜ਼ੇ ਵਿੱਚ ਕਿਹਾ ਕਿ ਉਹ ਕਾਰਿੰਦਾ ਝੂਠਾ ਬਕਵਾਸ ਕਰਕੇ ਗਿਆ ਹੈ, ਜਿਸ ਦੀ ਖ਼ੁਦ ਦੀ ਐਨੀ ਹਿੰਮਤ ਨਹੀਂ ਹੈ। ਖਹਿਰਾ ਨੇ ਸ਼ਰੇਆਮ ਕਿਹਾ ਕਿ ਇਹ ਸਾਰਾ ਕੁਝ ਰਾਣਾ ਗੁਰਜੀਤ ਕਰਾ ਰਿਹਾ ਹੈ।ਜਦੋਂ ਖਹਿਰਾ ਨੂੰ ਭਵਿੱਖ ਵਿੱਚ ਰਾਣਾ ਗੁਰਜੀਤ ਨਾਲ ਬਿਹਤਰ ਸਬੰਧਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਸਾਫ਼ ਕਿਹਾ ਕੇ ਆਤਮ ਸਨਮਾਨ ਪਹਿਲਾਂ ਹੈ।
ਇਹ ਵੀ ਪੜ੍ਹੋ : ਖਹਿਰਾ ਸਮੇਤ ਬਾਕੀ ਵਿਧਾਇਕਾਂ ਦੇ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਡਾ. ਧਰਮਵੀਰ ਗਾਂਧੀ ਦੀ ਪੰਜਾਬੀਆਂ ਨੂੰ ਸਲਾਹ
ਜ਼ਿਕਰਯੋਗ ਹੈ ਕਿ ਕਾਂਗਰਸ ਦੀ ਸਰਕਾਰ ਵਿੱਚ ਰਾਣਾ ਗੁਰਜੀਤ ਕੈਬਨਿਟ ਮੰਤਰੀ ਦੇ ਅਹੁਦੇ 'ਤੇ ਸੀ। ਉਸ ਸਮੇਂ ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ ਖ਼ਿਲਾਫ਼ ਮੋਰਚਾ ਖੋਲ੍ਹਿਆ ਅਤੇ ਰੇਤ ਦੀਆਂ ਖੱਡਾਂ ਦੀ ਘਪਲੇਬਾਜ਼ੀ ਦੇ ਇਲਜ਼ਾਮ ਲਾਏ ਜਿਸ ਕਾਰਨ ਰਾਣਾ ਗੁਰਜੀਤ ਨੂੰ ਮੰਤਰੀ ਪਦ ਤੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਣਾ ਪਿਆ। ਇਸ ਨੂੰ ਆਮ ਆਦਮੀ ਪਾਰਟੀ ਅਤੇ ਸੁਖਪਾਲ ਖਹਿਰਾ ਆਪਣੀ ਵੱਡੀ ਜਿੱਤ ਦੱਸਦੇ ਸਨ। ਉਦੋਂ ਤੋਂ ਹੀ ਖਹਿਰਾ ਅਤੇ ਰਾਣਾ ਗੁਰਜੀਤ ਦਰਮਿਆਨ ਤਲਖੀਆਂ ਚੱਲ਼ਦੀਆਂ ਆ ਰਹੀਆਂ ਹਨ। ਹੁਣ ਖਹਿਰਾ ਦੇ ਕਾਂਗਰਸ ਵਿੱਚ ਜਾਣ ਨਾਲ ਲੱਗ ਰਿਹਾ ਸੀ ਕਿ ਸ਼ਾਇਦ ਦੋਨਾਂ ਆਗੂਆਂ ਵਿਚਕਾਰ ਮਨ ਮਿਟਾਵ ਮਿਟ ਜਾਣਗੇ ਪਰ ਹਾਲ ਹੀ 'ਚ ਹੋਈ ਘਟਨਾ ਨੇ ਤਲਖੀਆਂ ਨੂੰ ਮੁੜ ਉਭਾਰ ਦਿੱਤਾ ਹੈ।
ਨੋਟ: ਸੁਖਪਾਲ ਖਹਿਰਾ ਵੱਲੋਂ ਮੁੜ ਕਾਂਗਰਸ 'ਚ ਜਾਣ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕੁਮੈਂਟ ਕਰਕੇ ਦਿਓ ਆਪਣੀ ਰਾਏ
ਰੈੱਡ ਰਿਬਨ ਕਲੱਬ ਸ਼ਾਹਕੋਟ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ 'ਤੇ ਲਗਾਏ ਗਏ ਬੂਟੇ
NEXT STORY