ਕਪੂਰਥਲਾ : ਕਪੂਰਥਲਾ ਦੇ ਅੰਮ੍ਰਿਤਸਰ ਰੋਡ 'ਤੇ ਮੰਗਲਵਾਰ ਦੁਪਹਿਰ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਡੇਢ ਸਾਲ ਦਾ ਬੱਚਾ ਨਾਲ਼ੇ 'ਚ ਡਿੱਗ ਗਿਆ। ਘਟਨਾ ਤੋਂ ਕਈ ਘੰਟੇ ਬਾਅਦ ਵੀ ਬੱਚੇ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਮੌਕੇ ਨਗਰ ਨਿਗਮ ਦੀ ਟੀਮ ਪਹੁੰਚੀ ਤੇ ਬਚਾਅ ਕਾਰਜ ਜਾਰੀ ਹਨ। ਜਾਣਕਾਰੀ ਅਨੁਸਾਰ ਕਪੂਰਥਲਾ-ਅੰਮ੍ਰਿਤਸਰ ਮਾਰਗ ’ਤੇ ਬਣੀ ਆਪਣੀ ਝੁੱਗੀ ਨੂੰ ਜਾਣ ਲਈ ਮਨੀਸ਼ਾ ਨਾਮ ਦੀ ਔਰਤ ਸ਼ਹਿਰ ’ਚੋਂ ਲੰਘਦੇ ਗੰਦੇ ਨਾਲੇ ਉੱਪਰ ਆਰਜ਼ੀ ਤੌਰ ’ਤੇ ਦੋ ਲਕੱੜ ਦੇ ਫੱਟਿਆਂ ਦੀ ਮਦਦ ਨਾਲ ਬਣਾਏ ਗਏ ਰਸਤੇ ’ਤੇ ਆਪਣੀ ਭੈਣ ਅਤੇ ਡੇਢ ਸਾਲ ਦੇ ਬੱਚੇ ਅਭਿਲਾਸ਼ ਦੇ ਨਾਲ ਨਾਲਾ ਪਾਰ ਕਰ ਰਹੀ ਸੀ। ਇਸ ਦੌਰਾਨ ਉਸ ਦਾ ਬੱਚਾ ਅਚਾਨਕ ਗੰਦੇ ਨਾਲੇ ’ਚ ਡਿੱਗ ਗਿਆ। ਇਸ ਦੌਰਾਨ ਉਸ ਦੀ ਮਾਂ ਨੇ ਵੀ ਬੱਚੇ ਨੂੰ ਡਿੱਗਦਿਆਂ ਦੇਖਿਆ ਤਾਂ ਉਸ ਨੇ ਵੀ ਨਾਲ਼ੇ 'ਚ ਛਾਲ ਮਾਰ ਦਿੱਤੀ, ਜਿਸ ਨੂੰ ਆਸ-ਪਾਸ ਦੇ ਲੋਕਾਂ ਨੇ ਬਚਾ ਲਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਸੀ. ਵਿਸ਼ੇਸ਼ ਸਾਰੰਗਲ, ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ, ਐੱਸ. ਪੀ. (ਡੀ) ਹਰਵਿੰਦਰ ਸਿੰਘ, ਡੀ. ਐੱਸ. ਪੀ. ਸਬ ਡਿਵੀਜਨ ਮਨਿੰਦਰਪਾਲ ਸਿੰਘ, ਡੀ. ਆਰ. ਓ. ਮੇਜਰ ਜੀ. ਪੀ. ਸਿੰਘ, ਨਾਇਬ ਤਹਿਸੀਲਦਾਰ ਰਾਜੀਵ ਖੋਸਲਾ, ਐੱਸ. ਐੱਚ. ਓ. ਸਿਟੀ ਇੰਸਪੈਕਟਰ ਸੁਰਜੀਤ ਸਿੰਘ ਪੱਤਡ਼ ਸਮੇਤ ਭਾਰੀ ਗਿਣਤੀ ’ਚ ਨਗਰ ਨਿਗਮ ਦੇ ਮੁਲਾਜਡਮ ਦੋ ਜੇ. ਸੀ. ਬੀ. ਮਸ਼ੀਨਾਂ ਤੇ ਹੋਰ ਸਾਜ਼ੋ-ਸਾਮਾਨ ਨਾਲ ਮੌਕੇ ਪੁੱਜੇ। ਜਿਸ ਦੌਰਾਨ ਸਿਵਲ ਹਸਪਤਾਲ ਵੱਲੋਂ ਇਕ ਵਿਸ਼ੇਸ਼ ਐਂਬੂਲੈਂਸ ਵੀ ਮੌਕੇ ’ਤੇ ਭੇਜੀ ਗਈ। ਇਸ ਦੌਰਾਨ ਕਈ ਘੰਟੇ ਤੱਕ ਬਚਾਅ ਟੀਮਾਂ ਬੱਚੇ ਦੀ ਕਾਫੀ ਦੂਰ ਤੱਕ ਗੰਦੇ ਨਾਲੇ ’ਚ ਤਲਾਸ਼ ਕਰਦੀਆਂ ਰਹੀਆਂ ਪਰ ਉਸ ਦਾ ਕੋਈ ਸੁਰਾਗ ਨਹੀ ਮਿਲਿਆ।
ਮੌਕੇ ’ਤੇ ਪੁੱਜੇ ਡੀ. ਸੀ. ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਬੱਚੇ ਨੂੰ ਬਚਾਉਣਾ ਸਾਡੀ ਸਭ ਤੋਂ ਵੱਡੀ ਪਹਿਲ ਹੈ ਜਿਸ ਲਈ ਸਾਰੇ ਯਤਨ ਜਾਰੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਬਚਾਅ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਭਾਰਤੀ ਫੌਜ ਦੀਆਂ ਟੀਮਾਂ ਤੇ ਬਠਿੰਡਾ ਤੋਂ ਐੱਨ. ਡੀ. ਆਰ. ਐੱਫ ਦੀਆਂ ਟੀਮਾਂ ਦੇ ਨਾਲ-ਨਾਲ ਆਧੁਨਿਕ ਮਸ਼ੀਨਰੀ ਦੀ ਵੀ ਮੰਗ ਕੀਤੀ ਹੈ ਤਾਂ ਜੋ ਇਸ ਮਸ਼ੀਨਰੀ ਦੀ ਮਦਦ ਨਾਲ ਕੰਕਰੀਟ ਨੂੰ ਤੋਡ਼ਿਆ ਜਾ ਸਕੇ। ਇਸ ਤੋਂ ਬਾਅਦ ਡੀ. ਸੀ. ਤੇ ਐੱਸ. ਐੱਸ. ਪੀ. ਨੇ ਲਾਪਤਾ ਹੋਏ ਬੱਚੇ ਦੀ ਮਾਤਾ ਤੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਆਖਰੀ ਸਮਾਚਾਰ ਮਿਲਣ ਤੱਕ ਭਾਰਤੀ ਫੌਜ ਦੀਆਂ ਟੀਮਾਂ ਬਚਾਅ ਲਈ ਮੌਕੇ ’ਤੇ ਪੁੱਜ ਗਈਆਂ ਸਨ, ਜਦਕਿ ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਦੇ ਵੀ ਜਲਦ ਮੌਕੇ ’ਤੇ ਪੁੱਜਣ ਦੀ ਸੰਭਾਵਨਾ ਹੈ।
ਜੇ ਤੁਸੀਂ ਵੀ ਜਾ ਰਹੇ ਹੋ ਫਗਵਾੜਾ ਨੈਸ਼ਨਲ ਹਾਈਵੇ ’ਤੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
NEXT STORY