ਮੋਹਾਲੀ (ਨਿਆਮੀਆਂ) : ਪਸ਼ੂ ਪਾਲਣ ਅਤੇ ਡੇਅਰੀ ਦੋ ਅਜਿਹੇ ਖੇਤਰ ਹਨ ਜਿਹੜੇ ਸੂਬੇ ਨੂੰ ਬੁਲੰਦੀਆਂ 'ਤੇ ਪਹੁੰਚਾ ਸਕਦੇ ਹਨ ਤੇ ਪੰਜਾਬ ਵਿਚ ਸੂਰ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਸ਼ੇਸ਼ ਮੀਟ ਪ੍ਰੋਸੈਸਿੰਗ ਪਲਾਂਟ ਸਥਾਪਿਤ ਕੀਤਾ ਜਾਵੇਗਾ, ਜਿਸ ਰਾਹੀਂ ਪੈਕ ਕੀਤਾ ਮੀਟ ਉਤਰ-ਪੂਰਬੀ ਸੂਬਿਆਂ ਅਤੇ ਵਿਦੇਸ਼ਾਂ ਨੂੰ ਸਪਲਾਈ ਕੀਤਾ ਜਾਵੇਗਾ। ਨੌਜਵਾਨਾਂ ਨੂੰ ਉਨ੍ਹਾਂ ਦੇ ਪੈਰਾਂ 'ਤੇ ਖੜ੍ਹੇ ਕਰਨ ਲਈ ਹਰ ਜ਼ਿਲੇ ਦੇ 500 ਨੌਜਵਾਨਾਂ ਨੂੰ ਇਕ ਸਾਲ ਵਿਚ ਪਸ਼ੂ ਪਾਲਣ ਦੀ ਮੁਫਤ ਸਿਖਲਾਈ ਵੀ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਲਾਈਵਸਟਾਕ ਕੰਪਲੈਕਸ ਸੈਕਟਰ-68 ਮੋਹਾਲੀ ਵਿਖੇ ਪ੍ਰੋਸੈਸਿੰਗ ਪਲਾਂਟ ਸਬੰਧੀ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਅਮਰਜੀਤ ਸਿੰਘ ਅਤੇ ਮਾਰਕਫੈੱਡ ਤੇ ਨੈਸ਼ਨਲ ਕੋਆਪਰੇਟਿਵ ਡਿਵੈੱਲਪਮੈਂਟ ਕਾਰਪੋਰੇਸ਼ਨ (ਐੱਨ. ਸੀ. ਡੀ. ਸੀ.) ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਇਸ ਮੌਕੇ ਸੂਬੇ ਦੇ ਸਫਲ ਪਸ਼ੂ ਪਾਲਕਾਂ ਨਾਲ ਵੀ ਮੁਲਾਕਾਤ ਕਰ ਕੇ ਉਨ੍ਹਾਂ ਦੇ ਤਜਰਬਿਆਂ ਬਾਰੇ ਜਾਣਕਾਰੀ ਹਾਸਲ ਕੀਤੀ।
ਸਿੱਧੂ ਨੇ ਪਸ਼ੂ ਪਾਲਣ ਵਿਭਾਗ, ਮਾਰਕਫੈੱਡ ਅਤੇ ਐੱਨ. ਸੀ. ਡੀ. ਸੀ. ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉੱਤਰ-ਪੂਰਬੀ ਰਾਜਾਂ ਤੇ ਵਿਦੇਸ਼ਾਂ ਵਿਚ ਮੀਟ ਸਪਲਾਈ ਕੀਤੇ ਜਾਣ ਦੀਆਂ ਸੰਭਾਵਨਾਵਾਂ ਦੀ ਵਿਸਥਾਰਤ ਰਿਪੋਰਟ ਤਿਆਰ ਕਰਨ ਤੇ ਉਸ ਉਪਰੰਤ ਸੂਰਾਂ ਸਬੰਧੀ ਵਿਸ਼ੇਸ਼ ਮੀਟ ਪ੍ਰੋਸੈਸਿੰਗ ਪਲਾਂਟ ਸਬੰਧੀ ਵੀ ਖਰੜਾ ਤਿਆਰ ਕੀਤਾ ਜਾਵੇ।
ਮੀਟਿੰਗ ਉਪਰੰਤ ਪਸ਼ੂ ਪਾਲਣ ਮੰਤਰੀ ਨੇ ਪਿੰਡ ਪੜਛ ਸਥਿਤ ਪਸ਼ੂ ਡਿਸਪੈਂਸਰੀ ਦਾ ਦੌਰਾ ਕੀਤਾ ਤੇ ਪਸ਼ੂ ਪਾਲਕਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਡਿਸਪੈਂਸਰੀ ਦਾ ਦੌਰਾ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਡਿਸਪੈਂਸਰੀ ਸਬੰਧੀ ਸਾਰੀਆਂ ਕਮੀਆਂ ਦੂਰ ਕੀਤੀਆਂ ਜਾਣ ਤੇ ਇਸ ਇਲਾਕੇ ਦੇ ਪਸ਼ੂ ਪਾਲਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ।
ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਇਸ ਡਿਸਪੈਂਸਰੀ ਨੂੰ ਅੱਪਗਰੇਡ ਕੀਤਾ ਜਾਵੇਗਾ ਤੇ ਇਸ ਦੇ ਇਕ ਹਿੱਸੇ ਨੂੰ ਪਸ਼ੂ ਫਾਰਮ ਵਜੋਂ ਵਿਕਸਿਤ ਕਰ ਕੇ ਪਾਇਲਟ ਪ੍ਰਾਜੈਕਟ ਵਜੋਂ ਪਹਿਲਾਂ ਉੱਥੇ ਬਟੇਰ ਤੇ ਕੜਕਨਾਥ ਦੇ ਬੱਚੇ ਰੱਖੇ ਜਾਣਗੇ, ਜਿਹੜੇ ਬਾਅਦ ਵਿਚ ਪਸ਼ੂ ਪਾਲਕਾਂ ਨੂੰ ਸਪਲਾਈ ਕੀਤੇ ਜਾਣਗੇ। ਪਿੰਡ ਪੜਛ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਦੱਸਿਆ ਕਿ ਇਸ ਪਿੰਡ ਤੇ ਨੇੜਲੇ ਪਿੰਡਾਂ ਦੇ ਨੌਜਵਾਨਾਂ ਨੂੰ ਪਸ਼ੂ ਪਾਲਣ ਵਿਭਾਗ ਵਲੋਂ ਇਕ ਹਫਤੇ ਦੀ ਟ੍ਰੇਨਿੰਗ ਮਈ ਮਹੀਨੇ ਵਿਚ ਹੀ ਕਰਵਾ ਕੇ ਸਰਟੀਫਿਕੇਟ ਦਿੱਤੇ ਜਾਣਗੇ।
ਕਸ਼ਮੀਰ : ਪੱਥਰਬਾਜ਼ੀ ਨਾਲ ਜ਼ਖਮੀ ਬੱਚੇ ਨੂੰ ਦੇਖ ਪਿਤਾ ਨੇ ਕਿਹਾ, ਸੀਰੀਆ ਵਰਗੀ ਹਿੰਸਾ
NEXT STORY