ਤਪਾ ਮੰਡੀ, (ਮਾਰਕੰਡਾ)– ਸੀ. ਪੀ. ਆਈ. (ਐੱਮ. ਐੱਲ) ਰੈੱਡ ਸਟਾਰ ਦੇ ਵਰਕਰਾਂ ਨੇ ਮੰਗਲਵਾਰ ਨੂੰ ਮੰਡੀ ਵਿਖੇ ਪੱਛਮੀ ਬੰਗਾਲ ਦੀ ਮਮਤਾ ਸਰਕਾਰ ਖਿਲਾਫ਼ ਪੰਚਾਇਤੀ ਚੋਣਾਂ ਵਿਚ ਹੋਈਅਾਂ ਹਿੰਸਕ ਵਾਰਦਾਤਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਪਾਰਟੀ ਦੇ ਆਗੂਆਂ ਨੇ ਕਿਹਾ ਕਿ ਪੱਛਮੀ ਬੰਗਾਲ ’ਚ ਧੱਕੇਸ਼ਾਹੀ ਦਾ ਬੋਲਬਾਲਾ ਹੈ। ਟਰੇਡ ਯੂਨੀਅਨ ਆਗੂ ਲਾਭ ਸਿੰਘ ਅਕਲੀਆਂ ਨੇ ਕਿਹਾ ਕਿ ਪੱਛਮੀ ਬੰਗਾਲ ’ਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਮਮਤਾ ਸਰਕਾਰ ਨੂੰ ਚੌਕੰਨਾ ਕਰ ਰੱਖਿਆ ਸੀ ਕਿ ਸੂਬੇ ’ਚ ਸ਼ਾਂਤਮਈ, ਨਿਰਪੱਖ ਅਤੇ ਲੋਕਤੰਤਰਿਕ ਢੰਗ ਨਾਲ ਚੋਣਾਂ ਕਰਵਾਈਆਂ ਜਾਣ। 11 ਮਈ ਨੂੰ ‘ਜ਼ਮੀਨ, ਰੋਜ਼ਗਾਰ ਅਤੇ ਵਾਤਾਵਰਣ ਬਚਾਓ ਸੰਘਰਸ਼ ਕਮੇਟੀ’ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ’ਚ ਰੈਲੀ ਕੀਤੀ ਜਾ ਰਹੀ ਸੀ। ਤ੍ਰਿਣਮੂਲ ਕਾਂਗਰਸ ਦੇ ਲੀਡਰ ਅਤੇ ਉਸ ਦੇ ਵਿਅਕਤੀਅਾਂ ਵੱਲੋਂ ਸ਼ਰੇਆਮ ਲੋਕਾਂ ਦੇ ਇਕੱਠ ’ਤੇ ਗੋਲੀਆਂ ਚਲਾ ਦਿੱਤੀਆਂ ਗਈਅਾਂ, ਜਿਸ ਨਾਲ ਕਾ. ਹਫਜ਼ੂਲ ਮੌਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਗੋਲਾਬਾਰੀ ਵਿਚ ਦਰਜਨਾਂ ਲੋਕ ਫੱਟਡ਼ ਹੋ ਗਏ ਸਨ। ਲੋਕ ਸੰਘਰਸ਼ ਕਮੇਟੀ ਇਨਸਾਫ਼ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ। ਮਮਤਾ ਸਰਕਾਰ ਹੁਣ ਤੱਕ ਅਨੇਕਾਂ ਆਗੂਆਂ ’ਤੇ ਪਰਚੇ ਦਰਜ ਕਰ ਕੇ ਅਤੇ ਕਾਲੇ ਕਾਨੂੰਨਾਂ ਦੇ ਸਹਾਰੇ ਲੋਕਾਂ ਦੀ ਹੱਕੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ 14 ਮਈ ਨੂੰ ਪੰਚਾਇਤੀ ਚੋਣਾਂ ਦੌਰਾਨ ਹੋਈਆਂ ਹਿੰਸਕ ਵਾਰਦਾਤਾਂ ਵਿਚ 13 ਜਣੇ ਹਲਾਕ ਅਤੇ 43 ਵਿਅਕਤੀ ਫੱਟਡ਼ ਹੋ ਗਏ। ਰੋਸ ਰੈਲੀ ਦੌਰਾਨ ਮੰਗ ਕੀਤੀ ਗਈ ਕਿ ਦੋਸ਼ੀਅਾਂ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ। ਸੀ. ਪੀ. ਆਈ. (ਐੱਮ. ਐੱਲ.) ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਦੇਸ਼ ’ਚ ਮਮਤਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਰੈਲੀ ਨੂੰ ਕਾ. ਜੀਤ ਸਿੰਘ ਭੀਖੀ ਅਤੇ ਕਾ. ਜਸਵਿੰਦਰ ਕੌਰ ਰੂਡ਼ੇਕੇ ਨੇ ਵੀ ਸੰਬੋਧਨ ਕੀਤਾ।
ਭੱਠਾ ਮਾਲਕ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਥਾਣੇ ਦਾ ਘਿਰਾਓ
NEXT STORY