ਅੰਮ੍ਰਿਤਸਰ, (ਸੰਜੀਵ)- ਰਣਜੀਤ ਐਵੀਨਿਊ ਡੀ-ਬਲਾਕ ਨਾਲ ਲੱਗਦੇ ਬਾਈਪਾਸ 'ਤੇ ਸਥਿਤ ਇਕ ਕੱਚੇ ਘਰ 'ਚ ਅਣਪਛਾਤੇ ਹੱਤਿਆਰਿਆਂ ਨੇ ਬਜ਼ੁਰਗ ਸੁਰਿੰਦਰ ਕੌਰ (65) ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਉਸ ਸਮੇਂ ਵਾਪਰੀ ਜਦੋਂ ਮ੍ਰਿਤਕਾ ਦਾ ਪੂਰਾ ਪਰਿਵਾਰ ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ ਪਿੰਡ ਸੈਂਸਰਾ ਕਲਾਂ ਗਿਆ ਹੋਇਆ ਸੀ ਅਤੇ ਉਹ ਘਰ 'ਚ ਇਕੱਲੀ ਸੀ। ਦੁਪਹਿਰ 4 ਵਜੇ ਦੇ ਕਰੀਬ ਜਦੋਂ ਸੁਰਿੰਦਰ ਕੌਰ ਦਾ ਪੁੱਤਰ ਕੁਲਦੀਪ ਸਿੰਘ ਘਰ ਆਇਆ ਤਾਂ ਖੂਨ ਨਾਲ ਲਿਬੜੀ ਆਪਣੀ ਮਾਂ ਨੂੰ ਮ੍ਰਿਤਕ ਹਾਲਤ ਵਿਚ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਜਿਸ 'ਤੇ ਤੁਰੰਤ ਉਸ ਨੇ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸੂਚਿਤ ਕੀਤਾ ਅਤੇ ਕੁਝ ਹੀ ਦੇਰ ਵਿਚ ਥਾਣਾ ਸਿਵਲ ਲਾਈਨ ਤੇ ਚੌਕੀ ਰਣਜੀਤ ਐਵੀਨਿਊ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਖੂਨ ਨਾਲ ਲਿਬੜੀ ਸੁਰਿੰਦਰ ਕੌਰ ਦੀ ਲਾਸ਼ ਨੂੰ ਦੁਪੱਟੇ ਨਾਲ ਮੰਜੇ ਨਾਲ ਬੰਨ੍ਹਿਆ ਹੋਇਆ ਸੀ। ਫਿਲਹਾਲ ਹੱਤਿਆ ਦੇ ਪਿੱਛੇ ਦੇ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕੇ, ਜਦੋਂ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ ਹੈ।
ਮੌਕਾ-ਏ-ਵਾਰਦਾਤ ਦੇ ਹਾਲਾਤ : ਘਰ ਵਿਚ ਇਕੱਲੀ ਸੁਰਿੰਦਰ ਕੌਰ ਦੀ ਖੂਨ ਨਾਲ ਲਿਬੜੀ ਲਾਸ਼ ਜ਼ਮੀਨ 'ਤੇ ਪਈ ਸੀ, ਜਿਸ ਨੂੰ ਉਸ ਦੇ ਦੁਪੱਟੇ ਨਾਲ ਮੰਜੇ ਨਾਲ ਬੰਨ੍ਹਿਆ ਹੋਇਆ ਸੀ। ਘਰ ਦੇ ਹਾਲਾਤ ਕਿਸੇ ਤਰ੍ਹਾਂ ਦੀ ਵੀ ਲੁੱਟ ਵੱਲ ਇਸ਼ਾਰਾ ਨਹੀਂ ਕਰ ਰਹੇ ਸਨ। ਪੁਲਸ ਇਸ ਗੱਲ ਦਾ ਸ਼ੱਕ ਜਤਾ ਰਹੀ ਹੈ ਕਿ ਹੋ ਸਕਦਾ ਹੈ ਕਿ ਅਣਪਛਾਤੇ ਹੱਤਿਆਰੇ ਲੁੱਟ ਦੀ ਨੀਅਤ ਨਾਲ ਘਰ 'ਚ ਦਾਖਲ ਹੋਏ ਅਤੇ ਸੁਰਿੰਦਰ ਕੌਰ ਨਾਲ ਝੜਪ ਦੌਰਾਨ ਉਸ ਦੀ ਹੱਤਿਆ ਕਰ ਦਿੱਤੀ ਗਈ, ਜਿਸ ਤੋਂ ਬਾਅਦ ਲੁਟੇਰੇ ਉਥੋਂ ਬਿਨਾਂ ਕੁਝ ਲੁੱਟੇ ਹੀ ਭੱਜ ਨਿਕਲੇ। ਕਮਰੇ ਵਿਚ ਖਿੱਲਰਿਆ ਖੂਨ ਤੇ ਸੁਰਿੰਦਰ ਕੌਰ ਦੀ ਲਾਸ਼ ਦੀ ਹਾਲਾਤ ਬਿਆਨ ਕਰ ਰਹੀ ਸੀ ਕਿ ਹੱਤਿਆ ਸਵੇਰੇ ਕੀਤੀ ਗਈ ਹੈ।
ਮ੍ਰਿਤਕਾ ਦੇ ਬੇਟੇ ਕੁਲਦੀਪ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਮਾਤਾ ਛੋਟੇ ਭਰਾ ਸੁਰਜੀਤ ਸਿੰਘ ਨਾਲ ਪਿੰਡ ਫਤਿਹਗੜ੍ਹ ਵਿਚ ਰਹਿੰਦੀ ਸੀ। ਸੁਰਜੀਤ ਸਿੰਘ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਸੀ, ਜਿਸ ਕਾਰਨ ਉਸ ਦੀ ਪਤਨੀ ਤੇ ਮਾਂ ਉਨ੍ਹਾਂ ਕੋਲ ਆਈਆਂ ਹੋਈਆਂ ਸਨ। ਉਹ ਆਪਣੇ ਪਰਿਵਾਰ ਨਾਲ ਆਪਣੇ ਸਾਲੇ ਦੇ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ, ਜਦੋਂ ਉਹ ਦੁਪਹਿਰ ਨੂੰ ਉਥੋਂ ਵਾਪਸ ਆਇਆ ਤਾਂ ਉਸ ਨੇ ਘਰ ਆ ਕੇ ਦੇਖਿਆ ਕਿ ਉਸ ਦੀ ਮਾਂ ਦੀ ਹੱਤਿਆ ਹੋ ਚੁੱਕੀ ਸੀ।
ਕੀ ਕਹਿਣਾ ਹੈ ਥਾਣਾ ਮੁਖੀ ਦਾ? : ਥਾਣਾ ਇੰਚਾਰਜ ਇੰਸਪੈਕਟਰ ਸ਼ਿਵ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਘਰ ਵਾਲਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਸਾਊਦੀ ਅਰਬ 'ਚ ਔਰਤਾਂ ਲਈ '24 ਜੂਨ' ਨੂੰ ਲੈ ਕੇ ਕੀਤੀਆਂ ਜਾ ਰਹੀਆਂ ਹਨ ਤਿਆਰੀਆਂ
NEXT STORY