ਰਾਜਪੁਰਾ(ਇਕਬਾਲ)-ਇਥੋਂ ਦੇ ਪੁਰਾਣੇ ਫਾਟਕਾਂ ਨੇੜੇ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਵੱਲੋਂ ਸਮੇਤ ਟੀਮ ਦਵਾਈਆਂ ਦੀ ਦੁਕਾਨ 'ਚ ਛਾਪੇਮਾਰੀ ਕਰ ਕੇ ਉਥੋਂ ਬਿਨਾਂ ਬਿੱਲ ਤੋਂ ਲੱਖਾਂ ਦੀ ਗਿਣਤੀ 'ਚ ਗੋਲੀਆਂ ਤੇ ਕੈਪਸੂਲ ਜ਼ਬਤ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਵਲ ਸਰਜਨ ਦਫਤਰ ਪਟਿਆਲਾ ਵਿਚ ਤਾਇਨਾਤ ਡਰੱਗ ਇੰਸਪੈਕਟਰ ਅਮਨਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪੁਰਾਣਾ ਰਾਜਪੁਰਾ ਦੇ ਬੰਦ ਪਏ ਰੇਲਵੇ ਫਾਟਕਾਂ ਨੇੜੇ ਸਥਿਤ ਅਮਨ ਮੈਡੀਕਲ ਹਾਲ ਜਿਹੜਾ ਬਿਨਾਂ ਬਿੱਲ ਤੋਂ ਦਵਾਈਆਂ ਦੀ ਵਿਕਰੀ ਕਰਦਾ ਹੈ, ਜਿਸ ਉਤੇ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਦੇ ਆਧਾਰ 'ਤੇ ਉਹ ਜਦੋਂ ਪੁਲਸ ਪਾਰਟੀ ਸਮੇਤ ਦੁਕਾਨ ਵਿਚ ਪਹੁੰਚੇ ਤਾਂ ਦੁਕਾਨ ਵਿਚ ਅਮਨ ਮੈਡੀਕਲ ਹਾਲ ਦਾ ਮਾਲਕ ਅਮਨਦੀਪ ਸਿੰਘ ਮੌਜੂਦ ਸੀ। ਜਦੋਂ ਉਨ੍ਹਾਂ ਦੀ ਟੀਮ ਵੱਲੋਂ ਦੁਕਾਨ ਅੰਦਰ ਪਏ ਸਟਾਕ ਦੀ ਜਾਂਚ ਕੀਤੀ ਗਈ ਤਾਂ 1 ਲੱਖ 71 ਹਜ਼ਾਰ ਪ੍ਰੋਮਾਡੋਲ ਗੋਲੀਆਂ ਅਤੇ 14,700 ਪ੍ਰੋਮਾਡੋਲ ਕੈਪਸੂਲ ਜਿਹੜੇ ਬਿਨਾਂ ਬਿੱਲ ਤੋਂ ਪਏ ਸਨ, ਨੂੰ ਜ਼ਬਤ ਕਰ ਲਿਆ। ਉਨ੍ਹਾਂ ਦੱਸਿਆ ਕਿ ਕਿਸੇ ਵੀ ਦਵਾਈ ਵਿਕਰੇਤਾ ਨੂੰ ਬਿਨਾਂ ਬਿੱਲ ਤੋਂ ਦਵਾਈਆਂ ਵੇਚਣ ਦਾ ਕੋਈ ਅਧਿਕਾਰ ਨਹੀਂ ਹੈ, ਜਿਸ 'ਤੇ ਉਨ੍ਹਾਂ ਵੱਲੋਂ ਡਰੱਗ ਐਂਡ ਕਾਸਮੈਟਿਕ ਐਕਟ ਤਹਿਤ ਕਾਰਵਾਈ ਕਰਦਿਆਂ ਕੇਸ ਅਗਲੇਰੀ ਜਾਂਚ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ।
ਭਾਖੜਾ ਨਹਿਰ 'ਚ ਰੁੜ੍ਹੇ ਵਿਦਿਆਰਥੀ ਦੀ ਲਾਸ਼ ਮਿਲੀ
NEXT STORY