ਜਲੰਧਰ/ਕਰਨਾਟਕ (ਨਰੇਸ਼ ਕੁਮਾਰ)— ਮੰਗਲਵਾਰ ਨੂੰ ਆਏ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਦੱਖਣ ਭਾਰਤ ਦੇ 5 ਸੂਬਿਆਂ ਦੀਆਂ 129 ਸੀਟਾਂ 'ਤੇ ਪ੍ਰਭਾਵ ਪਾਉਣਗੇ। ਪਿਛਲੀਆਂ ਚੋਣਾਂ ਦੌਰਾਨ ਭਾਜਪਾ ਇਨ੍ਹਾਂ 5 ਸੂਬਿਆਂ ਦੀਆਂ 129 ਸੀਟਾਂ 'ਚੋਂ ਸਿਰਫ 21 ਸੀਟਾਂ 'ਤੇ ਜਿੱਤ ਹਾਸਲ ਕਰ ਸਕੀ ਸੀ। ਪਾਰਟੀ ਨੇ ਕਰਨਾਟਕ ਵਿਚ 17, ਤਾਮਿਲਨਾਡੂ ਵਿਚ 1 ਅਤੇ ਸੰਯੁਕਤ ਆਂਧਰਾ ਪ੍ਰਦੇਸ਼ ਵਿਚ 3 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਨੂੰ ਇਨ੍ਹਾਂ 5 ਸੂਬਿਆਂ ਵਿਚ 19 ਸੀਟਾਂ 'ਤੇ ਜਿੱਤ ਹਾਸਲ ਹੋਈ ਸੀ। ਪਾਰਟੀ ਕਰਨਾਟਕ ਵਿਚ 9, ਕੇਰਲ 'ਚ 8 ਅਤੇ ਆਂਧਰਾ ਪ੍ਰਦੇਸ਼ 'ਚ 2 ਸੀਟਾਂ 'ਤੇ ਚੋਣ ਜਿੱਤੀ ਸੀ ਪਰ 2014 ਤੋਂ ਬਾਅਦ ਪਿਛਲੇ 4 ਸਾਲਾਂ 'ਚ ਦੱਖਣੀ ਭਾਰਤ ਦੇ ਸਿਆਸੀ ਹਾਲਾਤ ਵਿਚ ਕਾਫੀ ਤਬਦੀਲੀ ਆਈ ਹੈ ਅਤੇ ਭਾਜਪਾ ਨੂੰ ਦੱਖਣ ਵਿਚ ਸੰਭਾਵਨਾਵਾਂ ਨਜ਼ਰ ਆਉੁਣ ਲੱਗੀਆਂ ਹਨ।
ਜੈਲਲਿਤਾ ਦੀ ਮੌਤ ਤੋਂ ਬਾਅਦ ਬਦਲੀ ਤਾਮਿਲਨਾਡੂ ਦੀ ਸਿਆਸਤ
ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਤੋਂ ਬਾਅਦ ਤਾਮਿਲਨਾਡੂ ਦੀ ਸਿਆਸਤ ਵਿਚ ਕਾਫੀ ਬਦਲਾਅ ਆਇਆ ਹੈ। ਪਿਛਲੀਆਂ ਚੋਣਾਂ ਵਿਚ ਜੈਲਲਿਤਾ ਦੀ ਪਾਰਟੀ ਏ. ਆਈ. ਏ. ਡੀ. ਐੱਮ. ਕੇ. ਨੇ ਸੂਬੇ ਦੀਆਂ 29 'ਚੋਂ 37 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਤਾਮਿਲਨਾਡੂ ਦੀਆਂ ਸਿਆਸੀ ਗਿਣਤੀਆਂ-ਮਿਣਤੀਆਂ ਬਦਲ ਗਈਆਂ ਹਨ ਅਤੇ ਭਾਜਪਾ ਤਾਮਿਲਨਾਡੂ ਦੀ ਸਿਆਸਤ ਵਿਚ ਦਖਲ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਅਜੇ ਤਕ ਉਸ ਦੇ ਸਾਰੇ ਦਾਅ-ਪੇਚ ਅਸਫਲ ਸਾਬਤ ਹੋਏ ਹਨ ਪਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਵੀ ਪਤਾ ਹੈ ਕਿ ਦੱਖਣ ਵਿਚ ਪੈਰ ਜਮਾਏ ਬਿਨਾਂ 2019 ਦਾ ਰਾਹ ਆਸਾਨ ਨਹੀਂ ਹੈ। ਉੱਤਰ ਭਾਰਤ ਦੇ ਸੂਬਿਆਂ ਵਿਚ ਭਾਜਪਾ ਲਈ 2014 ਦਾ ਪ੍ਰਦਰਸ਼ਨ ਦੋਹਰਾਉਣਾ ਮੁਸ਼ਕਲ ਲੱਗ ਰਿਹਾ ਹੈ, ਲਿਹਾਜ਼ਾ ਇਨ੍ਹਾਂ ਸੂਬਿਆਂ ਵਿਚ ਹੋਣ ਵਾਲੇ ਨੁਕਸਾਨ ਦੀ ਪੂਰਤੀ ਭਾਜਪਾ ਦੱਖਣੀ ਭਾਰਤ ਤੋਂ ਹੀ ਕਰਨਾ ਚਾਹੇਗੀ।
ਕਾਂਗਰਸ ਨੂੰ ਗਠਜੋੜ ਬਣਾਉਣ ਦੀ ਦਿਸ਼ਾ 'ਚ ਕਰਨਾ ਹੋਵੇਗਾ ਕੰਮ
ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਕਾਂਗਰਸ ਲਈ ਚੰਗੀ ਖਬਰ ਇਹ ਹੈ ਕਿ ਉਸ ਦਾ ਵੋਟ ਬੈਂਕ ਕਾਇਮ ਹੈ। ਪਾਰਟੀ ਨੂੰ ਕਰੀਬ 38 ਫੀਸਦੀ ਵੋਟਾਂ ਹਾਸਲ ਹੋਈਆਂ ਹਨ, ਜੋ ਪਿਛਲੀਆਂ ਚੋਣਾਂ ਵਿਚ ਹਾਸਲ ਹੋਈਆਂ 36.59 ਫੀਸਦੀ ਵੋਟਾਂ ਦੇ ਮੁਕਾਬਲੇ ਕਰੀਬ 1.41 ਫੀਸਦੀ ਵੱਧ ਹਨ। ਹਾਲਾਂਕਿ ਪਾਰਟੀ ਦੀਆਂ ਵੋਟਾਂ ਸੀਟਾਂ ਵਿਚ ਤਬਦੀਲ ਨਹੀਂ ਹੋ ਸਕੀਆਂ ਅਤੇ ਪਾਰਟੀ 78 ਸੀਟਾਂ 'ਤੇ ਸਿਮਟਦੀ ਹੋਈ ਨਜ਼ਰ ਆ ਰਹੀ ਹੈ ਪਰ ਦੱਖਣ ਕਾਂਗਰਸ ਦਾ ਪੁਰਾਣਾ ਗੜ੍ਹ ਰਿਹਾ ਹੈ ਅਤੇ ਦੇਸ਼ ਦੇ ਇਸੇ ਹਿੱਸੇ ਤੋਂ ਕਾਂਗਰਸ ਨੂੰ ਸੰਜੀਵਨੀ ਮਿਲਦੀ ਆਈ ਹੈ। ਕਾਂਗਰਸ ਜੇਕਰ ਦੱਖਣ ਦੇ 5 ਸੂਬਿਆਂ 'ਚ ਗਠਜੋੜ ਦਾ ਕੰਮ ਸਫਲਤਾਪੂਰਵਕ ਕਰ ਲੈਂਦੀ ਹੈ ਤਾਂ ਲੋਕ ਸਭਾ ਚੋਣਾਂ ਵਿਚ ਇਸ ਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ 'ਚ ਬਿਹਤਰ ਨਤੀਜੇ ਮਿਲ ਸਕਦੇ ਹਨ। ਆਂਧਰਾ ਪ੍ਰਦੇਸ਼ ਵਿਚ ਕਾਂਗਰਸ ਦਾ ਚੰਗਾ ਆਧਾਰ ਰਿਹਾ ਹੈ ਪਰ ਜਗਮੋਹਨ ਰੈੱਡੀ ਵਲੋਂ ਅਲੱਗ ਪਾਰਟੀ ਬਣਾਏ ਜਾਣ ਤੋਂ ਬਾਅਦ ਆਂਧਰਾ ਅਤੇ ਤੇਲੰਗਾਨਾ ਦੀਆਂ 42 ਸੀਟਾਂ 'ਤੇ ਪਾਰਟੀ ਨੂੰ ਨੁਕਸਾਨ ਹੋਇਆ ਹੈ ਪਰ 2014 ਤੋਂ ਬਾਅਦ ਹੁਣ ਪ੍ਰਦੇਸ਼ ਦੇ ਸਿਆਸੀ ਹਾਲਾਤ ਬਦਲੇ ਹਨ ਅਤੇ ਕਾਂਗਰਸ ਇਨ੍ਹਾਂ ਸੂਬਿਆਂ ਵਿਚ ਤਾਲਮੇਲ ਵੱਲ ਕਦਮ ਵਧਾ ਸਕਦੀ ਹੈ।
ਕਾਂਗਰਸ ਨੇ ਸਵੇਰੇ ਕੀਤਾ ਹਵਨ, ਤਸਵੀਰ ਸਾਫ ਹੁੰਦਿਆਂ ਹੀ ਛਾ ਗਈ ਉਦਾਸੀ
ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ ਵਾਲੇ ਦਿਨ ਕਾਂਗਰਸ ਦੇ ਚੰਗੇ ਪ੍ਰਦਰਸ਼ਨ ਦੀ ਉਮੀਦ ਨਾਲ ਮੰਗਲਵਾਰ ਪਾਰਟੀ ਦਫਤਰ ਪੁੱਜੇ ਵਰਕਰਾਂ ਵਿਚ ਉਸ ਸਮੇਂ ਉਦਾਸੀ ਛਾ ਗਈ ਜਦੋਂ ਚੋਣ ਨਤੀਜੇ ਭਾਜਪਾ ਦੇ ਹੱਕ ਵਿਚ ਜਾਂਦੇ ਨਜ਼ਰ ਆਏ। ਦਿੱਲੀ ਦੇ ਕਈ ਇਲਾਕਿਆਂ ਵਿਚੋਂ 24 ਅਕਬਰ ਰੋਡ ਪੁੱਜੇ ਕਾਂਗਰਸੀ ਵਰਕਰਾਂ ਨੇ ਪਾਰਟੀ ਦੇ ਚੰਗੇ ਪ੍ਰਦਰਸ਼ਨ ਦੀ ਪ੍ਰਾਰਥਨਾ ਕਰਦੇ ਹੋਏ ਹੈੱਡ ਕੁਆਰਟਰ ਦੇ ਸਾਹਮਣੇ ਹਵਨ ਵੀ ਕੀਤਾ ਪਰ ਜਿਵੇਂ ਹੀ ਚੋਣ ਨਤੀਜਿਆਂ ਦੀ ਤਸਵੀਰ ਸਪੱਸ਼ਟ ਹੁੰਦੀ ਗਈ, ਵਰਕਰਾਂ ਦਾ ਜੋਸ਼ ਵੀ ਠੰਡਾ ਪੈਂਦਾ ਗਿਆ।
ਭਾਜਪਾ ਨੇ ਨੱਢਾ, ਪ੍ਰਧਾਨ ਤੇ ਜਾਵਡੇਕਰ ਨੂੰ ਭੇਜਿਆ ਬੈਂਗਲੁਰੂ
ਭਾਜਪਾ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਵਿਚ ਸਪੱਸ਼ਟ ਬਹੁਮਤ ਮਿਲਣ ਤੋਂ ਕੁਝ ਪਿੱਛੇ ਰਹਿਣ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ 'ਤੇ ਕੰਮ ਕਰਨ ਲਈ ਪਾਰਟੀ ਦੇ 3 ਆਗੂਆਂ ਜੇ. ਪੀ. ਨੱਢਾ, ਧਰਮਿੰਦਰ ਪ੍ਰਧਾਨ ਅਤੇ ਪ੍ਰਕਾਸ਼ ਜਾਵਡੇਕਰ ਨੂੰ ਬੈਂਗਲੁਰੂ ਭੇਜਿਆ ਹੈ। ਇਹ ਤਿੰਨੋਂ ਮੰਗਲਵਾਰ ਰਾਤ ਬੈਂਗਲੁਰੂ ਪੁੱਜ ਗਏ।
ਮਮਤਾ ਨੇ ਭਾਜਪਾ ਨੂੰ ਦਿੱਤੀ ਵਧਾਈ
ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਜਿੱਤ ਲਈ ਭਾਜਪਾ ਨੂੰ ਵਧਾਈ ਦਿੱਤੀ ਹੈ। ਨਾਲ ਹੀ ਕਾਂਗਰਸ ਨੂੰ ਸਲਾਹ ਵੀ ਦਿੱਤੀ ਹੈ ਕਿ ਜੇ ਜਨਤਾ ਦਲ (ਐੱਸ) ਨਾਲ ਗਠਜੋੜ ਕਰ ਕੇ ਚੋਣ ਲੜੀ ਹੁੰਦੀ ਤਾਂ ਨਤੀਜੇ ਉਸ ਦੇ ਬਹੁਤ ਉਲਟ ਹੋਣੇ ਸਨ। ਮਮਤਾ ਨੇ ਟਵੀਟਰ ਹੈਂਡਲ 'ਤੇ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੂੰ ਵਧਾਈ ਤਾਂ ਦਿੱਤੀ ਪਰ ਯੇਦੀਯੁਰੱਪਾ ਦਾ ਸਪੱਸ਼ਟ ਨਾਂ ਨਹੀਂ ਲਿਆ।
ਕਰਨਾਟਕ 'ਚ ਭਾਜਪਾ ਦਾ ਪ੍ਰਦਰਸ਼ਨ 'ਸ਼ਾਨਦਾਰ': ਮੋਦੀ
ਕਰਨਾਟਕ ਚੋਣਾਂ ਵਿਚ ਭਾਜਪਾ ਦੇ ਪ੍ਰਦਰਸ਼ਨ ਨੂੰ 'ਅਸਾਧਾਰਨ ਅਤੇ ਸ਼ਾਨਦਾਰ' ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ ਕਰਨਾਟਕ ਦੀ ਵਿਕਾਸ ਯਾਤਰਾ ਨੂੰ 'ਕਿਸੇ ਨੂੰ ਦਰੜਨ' ਨਹੀਂ ਦੇਵੇਗੀ। ਇਸਦੇ ਲਈ ਉਹ ਪਾਰਟੀ ਵਰਕਰਾਂ ਅਤੇ ਜਨਤਾ ਦਾ ਧੰਨਵਾਦ ਕਰਦੇ ਹਨ।
ਲਿੰਗਾਇਤ ਅਤੇ ਐੱਸ. ਸੀ./ਐੱਸ. ਟੀ. ਸੀਟਾਂ 'ਤੇ ਵੀ ਭਾਜਪਾ ਦਾ ਦਬਦਬਾ
ਕਰਨਾਟਕ ਦੇ 30 ਜ਼ਿਲਿਆਂ ਵਿਚ ਲਿੰਗਾਇਤ ਭਾਈਚਾਰੇ ਦੇ ਲਗਭਗ 400 ਮੱਠ ਅਤੇ ਇਸ ਭਾਈਚਾਰੇ ਦੇ 17 ਫੀਸਦੀ ਵੋਟਰ ਹਨ। ਕਰਨਾਟਕ ਚੋਣਾਂ ਦੇ ਨਤੀਜੇ ਦੱਸਦੇ ਹਨ ਕਿ ਲਿੰਗਾਇਤ ਅਤੇ ਐੱਸ. ਸੀ./ਐੱਸ. ਟੀ. ਵੋਟਰਾਂ ਦੇ ਅਸਰ ਵਾਲੀਆਂ 150 ਸੀਟਾਂ 'ਤੇ ਭਾਜਪਾ ਦਾ ਦਬਦਬਾ ਰਿਹਾ ਹੈ। ਇਨ੍ਹਾਂ ਸੀਟਾਂ ਵਿਚੋਂ 72 ਭਾਜਪਾ ਦੇ ਖਾਤੇ ਵਿਚ ਗਈਆਂ ਜੋ ਕਾਂਗਰਸ ਨਾਲੋਂ 8 ਫੀਸਦੀ ਵੱਧ ਹਨ। ਕਾਂਗਰਸ ਨੇ ਇਨ੍ਹਾਂ ਹਲਕਿਆਂ ਵਿਚੋਂ 60 ਸੀਟਾਂ ਜਿੱਤੀਆਂ ਹਨ।
ਕਿਸ ਭਾਈਚਾਰੇ ਦਾ ਕਿੰਨੀਆਂ ਸੀਟਾਂ 'ਤੇ ਸਿੱਧਾ ਅਸਰ
ਲਿੰਗਾਇਤ 70 ਸੀਟਾਂ
ਐੱਸ. ਸੀ./ਐੱਸ. ਟੀ. 80 ਸੀਟਾਂ
ਲਿੰਗਾਇਤ
ਇਸ ਵਾਰ ਦੇ ਨਤੀਜੇ ਦੱਸਦੇ ਹਨ ਕਿ ਲਿੰਗਾਇਤਾਂ ਦੇ ਅਸਰ ਵਾਲੀਆਂ 70 ਸੀਟਾਂ 'ਚੋਂ 40 ਭਾਜਪਾ ਦੇ ਖਾਤੇ ਵਿਚ ਗਈਆਂ ਹਨ। ਕਾਂਗਰਸ ਨੂੰ ਸਿਰਫ 20 ਸੀਟਾਂ ਮਿਲੀਆਂ ਹਨ। ਜੇ. ਡੀ. ਐੱਸ. 9 ਸੀਟਾਂ ਹਾਸਲ ਕਰਨ ਵਿਚ ਸਫਲ ਰਹੀ ਹੈ।
ਐੱਸ. ਸੀ./ਐੱਸ. ਟੀ.
ਐੱਸ. ਸੀ./ਐੱਸ. ਟੀ. ਦੀ ਗੱਲ ਕਰੀਏ ਤਾਂ ਭਾਜਪਾ ਕੋਲ 32 ਸੀਟਾਂ ਗਈਆਂ ਹਨ। ਕਾਂਗਰਸ ਇਥੇ ਮਜ਼ਬੂਤ ਰਹੀ ਹੈ। ਉਸ ਨੂੰ ਐੱਸ. ਸੀ./ਐੱਸ. ਟੀ. ਬਹੁ-ਗਿਣਤੀ ਵਾਲੇ ਇਲਾਕਿਆਂ ਵਿਚੋਂ 40 ਸੀਟਾਂ ਮਿਲ ਗਈਆਂ ਹਨ। ਜਨਤਾ ਦਲ (ਐੱਸ) ਨੂੰ 20 ਸੀਟਾਂ ਹਾਸਲ ਹੋਈਆਂ ਹਨ।
2013 'ਚ 150 ਵਿਚੋਂ 99 ਸੀਟਾਂ ਜਿੱਤ ਕੇ ਬਣਾਈ ਸੀ ਸਰਕਾਰ
2013 'ਚ ਕਾਂਗਰਸ ਨੇ 70 ਵਿਚੋਂ 47 ਸੀਟਾਂ ਜਿੱਤੀਆਂ ਸਨ। ਉਥੇ ਐੱਸ. ਸੀ./ਐੱਸ. ਟੀ. ਦੇ ਅਸਰ ਵਾਲੀਆਂ 80 ਵਿਚੋਂ 52 ਸੀਟਾਂ ਉਸ ਨੇ ਜਿੱਤੀਆਂ ਸਨ। ਇਸ ਤਰ੍ਹਾਂ ਕਾਂਗਰਸ ਨੇ ਲਿੰਗਾਇਤ ਅਤੇ ਐੱਸ. ਸੀ./ਐੱਸ. ਟੀ. ਪ੍ਰਭਾਵ ਵਾਲੀਆਂ 99 ਸੀਟਾਂ ਜਿੱਤੀਆਂ ਸਨ।
ਰਾਹੁਲ ਦੀ ਮੰਦਰ ਪਾਲਿਟਿਕਸ ਲੋਕਾਂ ਨੇ ਨਕਾਰੀ
ਰਾਹੁਲ ਨੇ 90 ਦਿਨ ਵਿਚ 8 ਵਾਰ ਕਰਨਾਟਕ ਦਾ ਦੌਰਾ ਕੀਤਾ। ਇਸ ਦੌਰਾਨ 19 ਮੰਦਰਾਂ ਦੇ ਦਰਸ਼ਨ ਕੀਤੇ। ਇਸ ਦੇ ਬਾਵਜੂਦ ਉਹ ਪਾਰਟੀ ਨੂੰ ਲੋੜੀਂਦੀ ਜਿੱਤ ਨਹੀਂ ਦਿਵਾ ਸਕੇ। ਇਸ ਤੋਂ ਸਪੱਸ਼ਟ ਹੈ ਕਿ ਲੋਕਾਂ ਨੇ ਰਾਹੁਲ ਦੀ ਮੰਦਰ ਪਾਲਿਟਿਕਸ ਨੂੰ ਨਕਾਰ ਦਿੱਤਾ ਹੈ। ਉੱਥੇ ਹੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ 80 ਦਿਨਾਂ ਵਿਚ 27 ਮੱਠਾਂ ਅਤੇ ਮੰਦਰਾਂ ਦੇ ਦਰਸ਼ਨ ਕੀਤੇ।
ਈ. ਵੀ. ਐੱਮ. ਨੂੰ ਲੈ ਕੇ ਉਮਰ ਨੇ ਕਾਂਗਰਸ 'ਤੇ ਕੀਤੀ ਟਿੱਪਣੀ
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਕਾਰਜਕਾਰੀ ਪ੍ਰਧਾਨ ਉਮਰ ਅਬਦੁੱਲਾ ਨੇ ਕਰਨਾਟਕ 'ਚ ਮਿਲੀ ਹਾਰ ਪਿੱਛੋਂ ਈ. ਵੀ. ਐੱਮ. 'ਤੇ ਸਵਾਲ ਉਠਾਉਣ ਨੂੰ ਲੈ ਕੇ ਕਾਂਗਰਸ 'ਤੇ ਟਿੱਪਣੀ ਕੀਤੀ ਹੈ। ਅਬਦੁੱਲਾ ਨੇ ਟਵਿਟਰ 'ਤੇ ਲਿਖਿਆ ਹੈ ਕਿ ਮੇਰੇ ਇਸ ਟਵੀਟ ਨੂੰ ਭਵਿੱਖ ਲਈ ਸੰਭਾਲ ਕੇ ਰੱਖੋ। ਜੇ ਮੈਂ ਚੋਣ ਜਿੱਤਦਾ ਹਾਂ ਤਾਂ ਇਹ ਮੇਰਾ ਕਰਿਸ਼ਮਾ ਅਤੇ ਸਖਤ ਮਿਹਨਤ ਹੈ। ਜੇ ਮੈਂ ਚੋਣ ਹਾਰਦਾ ਹਾਂ ਤਾਂ ਇਸ ਦਾ ਮੁੱਖ ਕਾਰਨ ਈ. ਵੀ. ਐੱਮ. 'ਚ ਗੜਬੜ ਦਾ ਹੋਣਾ ਹੈ। ਉਮਰ ਨੇ ਕਿਹਾ ਕਿ ਭਾਰਤ ਵਿਚ ਕੋਈ ਵੀ ਅਜਿਹੀ ਸਿਆਸੀ ਪਾਰਟੀ ਨਹੀਂ ਹੈ, ਜਿਸ ਨੇ ਈ. ਵੀ. ਐੱਮ. 'ਤੇ ਸਵਾਲ ਨਾ ਉਠਾਏ ਹੋਣ। ਅਜਿਹੀ ਹਾਲਤ ਵਿਚ ਭਾਜਪਾ ਨੂੰ ਬੈਲੇਟ ਪੇਪਰ ਨਾਲ ਚੋਣਾਂ ਕਰਵਾਉਣ 'ਚ ਕੀ ਇਤਰਾਜ਼ ਹੈ?
ਪੇਪਰ ਕ੍ਰਾਫਟ ਨਾਲ ਨਿਖਾਰੋ ਬੱਚਿਆਂ ਦੀ ਕ੍ਰਿਏਟੀਵਿਟੀ
NEXT STORY