ਹੁਸ਼ਿਆਰਪੁਰ/ਬੁੱਲ੍ਹੋਵਾਲ, (ਇਕਬਾਲ ਸਿੰਘ ਘੁੰਮਣ)- ਦੋਆਬੇ ਦੀ ਧਰਤੀ 'ਤੇ ਲੱਗਣ ਵਾਲਾ ਮਹਾਨ ਮਹਾਕੁੰਭ ਜੋੜ ਮੇਲਾ ਅੱਜ ਸ਼ਰਧਾਪੂਰਵਕ ਸਮਾਪਤ ਹੋ ਗਿਆ। ਮਹਾਨ ਤਪੱਸਵੀ, ਪ੍ਰਮਾਤਮਾ ਦੀ ਜੋਤ ਧੰਨ-ਧੰਨ ਸੰਤ ਬਾਬਾ ਜਵਾਹਰ ਦਾਸ ਜੀ ਸੂਸਾਂ ਵਾਲਿਆਂ ਦੇ ਤਪ ਅਸਥਾਨ 'ਤੇ ਹਰ ਸਾਲ ਵਾਂਗ ਇਸ ਵਾਰ ਵੀ ਜਿਥੇ ਪੰਜਾਬ ਦੇ ਕੋਨੇ-ਕੋਨੇ ਤੋਂ ਸੰਗਤਾਂ ਪੁੱਜੀਆਂ, ਉਥੇ ਹੀ ਵਿਦੇਸ਼ੀ ਸੰਗਤਾਂ ਨੇ ਵੀ ਉਚੇਚੇ ਤੌਰ 'ਤੇ ਪਹੁੰਚ ਕੇ ਬਾਬਾ ਜੀ ਵੱਲੋਂ ਹੱਥੀਂ ਬਣਾਏ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰ ਕੇ ਆਪਣਾ ਜੀਵਨ ਸਫ਼ਲਾ ਕੀਤਾ।ਸੰਗਤਾਂ ਬਾਬਾ ਜੀ ਦੇ ਤਪ ਅਸਥਾਨ 'ਤੇ ਨਤਮਸਤਕ ਹੋਈਆਂਅਤੇ ਰੱਬੀ ਬਾਣੀ ਸਰਵਣ ਕੀਤੀ।
ਸ਼ਰਧਾਲੂਆਂ ਵੱਲੋਂ ਨਿਸ਼ਾਨ ਸਾਹਿਬ ਨੂੰ ਇਸ਼ਨਾਨ ਕਰਵਾਉਣ ਉਪਰੰਤ ਨਵਾਂ ਚੋਲਾ ਸਜਾਇਆ ਗਿਆ। ਗ੍ਰੰਥੀ ਸਿੰਘਾਂ ਵੱਲੋਂ ਅਰਦਾਸ ਕੀਤੀ ਗਈ ਅਤੇ ਬਾਅਦ ਦੁਪਹਿਰ ਆਕਾਸ਼ ਗੁੰਜਾਊ ਜੈਕਾਰਿਆਂ ਨਾਲ ਨਿਸ਼ਾਨ ਸਾਹਿਬ ਧੰਨ-ਧੰਨ ਸੰਤ ਬਾਬਾ ਜਵਾਹਰ ਦਾਸ ਜੀ ਦੀ ਰਹਿਮਤ ਸਦਕਾ ਆਸਮਾਨ ਵਿਚ ਝੁਲਾਇਆ ਗਿਆ, ਜਿਸ ਨੂੰ ਵੱਡੀ ਗਿਣਤੀ ਸੰਗਤਾਂ ਨੇ ਆਪਣੀ ਸ਼ਰਧਾ ਮੁਤਾਬਕ ਸਜਦਾ ਕੀਤਾ। ਇਥੇ ਹੀ ਬਾਬਾ ਜੀ ਦੇ ਮੰਜੀ ਸਾਹਿਬ, ਬਾਬਾ ਰੋੜੀ ਪੀਰ ਅਤੇ ਭਾਈ ਦੀ ਖੂਹੀ ਮਹਾਨ ਅਸਥਾਨ ਹਨ, ਜਿਥੇ ਸੰਗਤਾਂ ਨੇ ਮੱਥਾ ਟੇਕਿਆ।
ਵਰਣਨਯੋਗ ਹੈ ਕਿ ਜੋੜ ਮੇਲੇ ਦੌਰਾਨ ਹਜ਼ਾਰਾਂ ਸੰਗਤਾਂ ਨੇ ਇਕ ਦਿਨ ਪਹਿਲਾਂ ਹੀ ਬਾਬਾ ਜੀ ਦੇ ਦਰਸ਼ਨਾਂ ਲਈ ਅਸਥਾਨ 'ਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਸੀ।
ਮੇਲੇ ਦੌਰਾਨ ਪੰਥ ਪ੍ਰਸਿੱਧ ਰਾਗੀ-ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਢਾਡੀ ਵਾਰਾਂ ਨਾਲ ਨਿਹਾਲ ਕੀਤਾ। ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੀਆਂ ਅਰਦਾਸਾਂ ਕਰਵਾਈਆਂ ਗਈਆਂ। ਹਾੜ੍ਹੀ ਦੀ ਫਸਲ ਚੁੱਕਣ ਤੋਂ ਬਾਅਦ ਸੰਗਤਾਂ ਵੱਲੋਂ ਆਪਣੀ ਫ਼ਸਲ ਦੇ ਦਸਵੰਧ ਦੇ ਰੂਪ ਵਿਚ ਕਣਕ ਲੰਗਰ ਭੰਡਾਰ ਵਿਚ ਚੜ੍ਹਾਈ ਗਈ। ਸੰਗਤਾਂ ਵੱਲੋਂ ਲੰਗਰ ਹਾਲ ਵਿਚ ਆਪਣੇ ਨਵੇਂ ਲਵੇਰਿਆਂ ਦਾ ਦੁੱਧ ਚੜ੍ਹਾਇਆ ਗਿਆ।
ਇਸ ਤੋਂ ਇਲਾਵਾ ਨਵੇਂ ਵਿਆਹੇ ਜੋੜਿਆਂ ਅਤੇ ਔਲਾਦ ਦੀ ਦਾਤ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਆਪੋ-ਆਪਣੇ ਢੰਗ ਨਾਲ ਬਾਬਾ ਜੀ ਦਾ ਸ਼ੁਕਰਾਨਾ ਕੀਤਾ ਅਤੇ ਖੁਸ਼ੀ ਵਿਚ ਬੈਂਡਵਾਜੇ ਵਜਾਏ ਗਏ। ਇਸ ਦੌਰਾਨ ਰੰਗ-ਬਿਰੰਗੇ ਪੰਘੂੜੇ, ਪ੍ਰਦਰਸ਼ਨੀਆਂ, ਮਠਿਆਈ ਦੀਆਂ ਦੁਕਾਨਾਂ ਆਦਿ ਮੇਲੇ ਦੀ ਰੌਣਕ ਨੂੰ ਹੋਰ ਵੀ ਵਧਾ ਰਹੀਆਂ ਸਨ।
ਦੋਆਬੇ ਦਾ ਇਹ ਮਹਾਕੁੰਭ ਕਈ ਕਿਲੋਮੀਟਰ ਤੱਕ ਫੈਲਿਆ ਹੋਇਆ ਸੀ। ਸੰਗਤਾਂ ਦੀ ਸੇਵਾ ਲਈ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਵੀ ਵੱਡੀ ਗਿਣਤੀ ਵਿਚ ਲੱਗੀਆਂ ਹੋਈਆਂ ਸਨ। ਮੇਲੇ 'ਚ ਮੁਫ਼ਤ ਮੈਡੀਕਲ ਕੈਂਪ ਵੀ ਲਾਏ ਗਏ ਸਨ। ਮੇਲਾ ਪ੍ਰਬੰਧਕਾਂ ਵੱਲੋਂ ਸੰਗਤਾਂ ਲਈ ਛਾਂ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਸੀ। ਮੇਲੇ ਦੌਰਾਨ ਪ੍ਰਸ਼ਾਸਨ ਵੱਲੋਂ ਸੁਰੱਖਿਆ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਸੂਰਜ ਛਿਪਦਿਆਂ ਹੀ ਇਹ ਮਹਾਕੁੰਭ ਸਫਲਤਾਪੂਰਵਕ ਸਮਾਪਤ ਹੋ ਗਿਆ।
ਇਸ ਮੌਕੇ ਪ੍ਰਬੰਧਕਾਂ ਵਿਚ ਪ੍ਰਧਾਨ ਅਵਤਾਰ ਸਿੰਘ ਮਿੰਟੂ, ਜਨਰਲ ਸਕੱਤਰ ਮਾ. ਹਰਭਜਨ ਸਿੰਘ ਡਾਇਰੈਕਟਰ ਮਿਲਕਫੈੱਡ ਪੰਜਾਬ, ਹਰਦੀਪ ਕੌਰ ਸਰਪੰਚ, ਅਵਤਾਰ ਸਿੰਘ ਸਾਬਕਾ ਸਰਪੰਚ, ਵਾਈਸ ਚੇਅਰਮੈਨ ਮਿਲਕ ਪਲਾਂਟ ਹੁਸ਼ਿਆਰਪੁਰ ਰਵਿੰਦਰ ਪਾਲ ਸਿੰਘ ਮੈਂਬਰ ਪੰਚਾਇਤ, ਨਸੀਬ ਸਿੰਘ ਮੈਂਬਰ ਪੰਚਾਇਤ, ਅਵਤਾਰ ਸਿੰਘ ਮੈਂਬਰ ਪੰਚਾਇਤ, ਨਿਰਮਲ ਕੌਰ ਮੈਂਬਰ ਪੰਚਾਇਤ, ਕੈਪ. ਹਰਭਜਨ ਸਿੰਘ, ਸੁਰਜੀਤ ਸਿੰਘ ਨੰਬਰਦਾਰ, ਬੱਲੂ ਸੂਚ, ਡਾ. ਨਿੰਦਰ, ਗੁਰਦੀਪ ਸਿੰਘ ਬੀਕਾਨੇਰ, ਦਿਲਬਾਗ ਸਿੰਘ ਫੌਜੀ, ਜਸਪਾਲ ਸਿੰਘ, ਛਬੀਲ ਸਿੰਘ, ਸ਼ੰਮੀ ਨਿੱਝਰ, ਰਣਜੀਤ ਸਿੰਘ ਰਾਣਾ, ਜਰਨੈਲ ਸਿੰਘ, ਭਾਗ ਸਿੰਘ, ਮਹਿੰਦਰ ਸਿੰਘ, ਚਰਨਜੀਤ ਸਿੰਘ ਭਲਵਾਨ, ਬਲਵੀਰ ਸਿੰਘ ਮਿਸਤਰੀ, ਕੁਲਵੰਤ ਸਿੰਘ ਠੇਕੇਦਾਰ ਆਦਿ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।
ਸ਼ਹਿਰ 'ਚ ਅਵਾਰਾ ਕੁੱਤਿਆਂ ਦੀ ਦਹਿਸ਼ਤ! ਦੋ ਸਕੂਲੀ ਬੱਚਿਆਂ 'ਤੇ ਕੀਤਾ ਹਮਲਾ
NEXT STORY