ਕਪੂਰਥਲਾ, (ਜ.ਬ.)- ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋਣ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਿੰਗਾਈ ਨੂੰ ਆਪਣੀ 'ਡ੍ਰੀਮ ਗਰਲ' ਨਾ ਬਣਾਉਣ। ਭਾਜਪਾ ਵੱਲੋਂ ਪੈਟਰੋਲ-ਡੀਜ਼ਲ ਕੰਪਨੀਆਂ ਨੂੰ ਬੇਲਗਾਮ ਕਰਨ ਦੇ ਨਤੀਜੇ ਉਨ੍ਹਾਂ ਲਈ ਬਹੁਤ ਹੀ ਘਾਤਕ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੱਧਣ ਨਾਲ ਸਾਰੀਆਂ ਵਸਤਾਂ ਦੀਆਂ ਕੀਮਤਾਂ 'ਚ ਵਾਧਾ ਹੋਵੇਗਾ, ਜੋ ਲੋਕਾਂ ਖਾਸਕਰ ਗਰੀਬ ਤੇ ਮੱਧਵਰਗੀ ਲੋਕਾਂ ਨਾਲ ਘੋਰ ਬੇਇਨਸਾਫੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਤੇ ਕਈ ਸੂਬਿਆਂ 'ਚ ਸ਼ਾਸਨ ਕਰ ਰਹੀ ਭਾਜਪਾ ਤੇ ਉਸ ਦੇ 'ਕਮਾਂਡਰਾਂ' ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਦੇਸ਼ ਦੀ ਜਨਤਾ ਨੇ ਕਾਂਗਰਸ ਐਂਡ ਕੰਪਨੀ ਵੱਲੋਂ ਨਿੱਜੀ ਸੁਆਰਥਾਂ ਦੀ ਪੂਰਤੀ ਲਈ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ ਦੀ ਅੱਗ ਨੂੰ ਭੜਕਾਉਣ ਤੇ ਭ੍ਰਿਸ਼ਟਾਚਾਰੀਆਂ, ਰਿਸ਼ਵਤਖੋਰਾਂ, ਬੇਈਮਾਨਾਂ ਤੇ ਘਪਲੇਬਾਜ਼ਾਂ ਨੂੰ ਆਪਣੀ ਗੋਦ 'ਚ ਬਿਠਾਉਣ ਕਾਰਨ ਹੀ 2014 'ਚ ਹੋਈਆਂ ਲੋਕ ਸਭਾ ਦੀਆਂ ਚੋਣਾਂ 'ਚ ਉਸ ਨੂੰ ਹਾਰ ਦੇ ਕਦਮਾਂ 'ਚ ਡੇਗਿਆ ਸੀ। ਉਨ੍ਹਾਂ ਕਿਹਾ ਕਿ ਜਿਸ ਦੇਸ਼ 'ਚ ਅੱਜ ਵੀ ਲੱਖਾਂ ਲੋਕ ਰੋਟੀ, ਕੱਪੜਾ, ਮਕਾਨ, ਰੋਜ਼ਗਾਰ, ਵਧੀਆ ਸਿਹਤ ਤੇ ਸਿੱਖਿਆ ਸੇਵਾਵਾਂ ਲਈ ਤਰਸਦੇ ਹੋਣ ਤੇ ਗੈਰ-ਕਾਨੂੰਨੀ ਧੰਦੇ ਆਮ ਵਪਾਰ ਦੀ ਤਰ੍ਹਾਂ ਸ਼ਰ੍ਹੇਆਮ ਚੱਲਦੇ ਹੋਣੇ। ਉਸ ਦੇਸ਼ ਨੂੰ ਲੋਕਤੰਤਰੀ, ਪ੍ਰਗਤੀਸ਼ੀਲ ਤੇ ਖੁਸ਼ਹਾਲ ਦੇਸ਼ ਕਿੰਝ ਕਿਹਾ ਜਾ ਸਕਦਾ ਹੈ? ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਆਮ ਜਨਤਾ ਦੇ ਹਿੱਤਾਂ ਦੀਆਂ ਧੱਜੀਆਂ ਉਡਾਉਣਾ ਬੰਦ ਨਾ ਕੀਤੀਆਂ ਤਾਂ 2019 ਦੀਆਂ ਲੋਕ ਸਭਾ ਚੋਣਾਂ 'ਚ ਉਸ ਦਾ ਸਿੱਧਾ ਲਾਭ ਕਾਂਗਰਸ ਤੇ ਹੋਰ ਸਿਆਸੀ ਪਾਰਟੀਆਂ ਨੂੰ ਮਿਲੇਗਾ। ਇਸ ਮੌਕੇ ਸ਼ਿਵ ਸੈਨਾ ਆਗੂ ਰਾਜੇਸ਼ ਕਨੌਜੀਆ (ਸ਼ੇਖੂਪੁਰ) ਵੀ ਹਾਜ਼ਰ ਸਨ।
ਸੋਨੀਪਤ 'ਚ ਸੜਕ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਮੌਤ
NEXT STORY