ਨਵਾਂਸ਼ਹਿਰ -ਜ਼ਿਲਾ ਖਪਤਕਾਰ ਹਿਫਾਜ਼ਤ ਫੋਰਮ ਨੇ ਪਾਵਰਕਾਮ ਵਿਭਾਗ ਨੂੰ 9 ਸਾਲਾਂ ਤੋਂ ਜਮ੍ਹਾ ਵਾਧੂ ਰਾਸ਼ੀ ਵਿਆਜ ਸਮੇਤ ਵਾਪਸ ਕਰਨ ਦੇ ਹੁਕਮ ਜਾਰੀ ਕਰ ਕੇ ਬਿਜਲੀ ਖਪਤਕਾਰ ਕਿਸਾਨ ਨੂੰ ਰਾਹਤ ਪ੍ਰਦਾਨ ਕੀਤੀ ਹੈ। ਫੋਰਮ ਨੇ ਪਾਵਰਕਾਮ ਵਿਭਾਗ ਨੂੰ ਹਰਜਾਨਾ ਤੇ ਅਦਾਲਤੀ ਖਰਚਾ ਵੀ ਦੇਣ ਦੇ ਹੁਕਮ ਦਿੱਤੇ ਹਨ।
ਕੀ ਹੈ ਮਾਮਲਾ
ਵਰਿਆਮ ਚੰਦ (77) ਪੁੱਤਰ ਤੁਲਸੀ ਰਾਮ ਨਿਵਾਸੀ ਪਿੰਡ ਆਲੋਵਾਲ ਤਹਿਸੀਲ ਬਲਾਚੌਰ ਨੇ ਫੋਰਮ 'ਚ ਦਿੱਤੀ ਗਈ ਸ਼ਿਕਾਇਤ 'ਚ ਦੱਸਿਆ ਕਿ ਉਹ ਪਾਵਰਕਾਮ ਵਿਭਾਗ ਦਾ ਪਰਮਾਨੈਂਟ ਖਪਤਕਾਰ ਹੈ। 28 ਜੁਲਾਈ 2009 ਨੂੰ ਸਰਕਾਰ ਵੱਲੋਂ ਆਈ ਵੀ. ਡੀ. ਐੱਸ. ਸਕੀਮ ਤਹਿਤ ਖੇਤੀਬਾੜੀ ਇਲੈਕਟ੍ਰਿਕ ਲੋਡ 5 ਤੋਂ 7.5 ਬੀ. ਐੱਚ. ਪੀ. ਕਰਨ ਲਈ ਉਸ ਨੇ 9500 ਰੁਪਏ ਦੀ ਰਾਸ਼ੀ ਜਮ੍ਹਾ ਕਰਵਾਈ ਸੀ, ਜਿਸ ਉਪਰੰਤ ਉਕਤ ਸਕੀਮ ਲਈ ਸਰਕਾਰ ਵੱਲੋਂ ਜਮ੍ਹਾ ਹੋਣ ਵਾਲੀ ਰਾਸ਼ੀ ਘੱਟ ਕਰ ਦਿੱਤੀ ਗਈ। ਉਸ ਨੇ ਦੱਸਿਆ ਕਿ ਉਸ ਨੇ 30 ਅਪ੍ਰੈਲ 2012 ਨੂੰ ਵਾਧੂ ਰਾਸ਼ੀ ਵਾਪਸ ਕਰਨ ਲਈ ਪਾਵਰਕਾਮ ਵਿਭਾਗ ਕੋਲ ਪਹੁੰਚ ਕੀਤੀ ਸੀ ਪਰ ਵਿਭਾਗ ਵੱਲੋਂ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਨੇ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਕੋਲ ਸ਼ਿਕਾਇਤ ਦੇ ਕੇ ਰਾਸ਼ੀ ਵਾਪਸ ਕਰਵਾਉਣ ਦੀ ਮੰਗ ਕੀਤੀ। ਡੀ. ਸੀ. ਨੂੰ ਦਿੱਤੀ ਸ਼ਿਕਾਇਤ ਮਗਰੋਂ ਵਿਭਾਗ ਨੇ ਉਸ ਨੂੰ ਵੱਖਰੇ ਤੌਰ 'ਤੇ ਵਸੂਲੀ 6500 ਰੁਪਏ ਦੀ ਰਾਸ਼ੀ ਦਾ ਚੈੱਕ ਭੇਜ ਦਿੱਤਾ। ਸ਼ਿਕਾਇਤਕਰਤਾ ਨੇ ਫੋਰਮ ਕੋਲ ਦਿੱਤੀ ਸ਼ਿਕਾਇਤ 'ਚ ਉਕਤ ਰਾਸ਼ੀ 'ਤੇ ਵਿਆਜ ਦੇਣ ਅਤੇ 9 ਸਾਲ ਤੱਕ ਹੋਈ ਮਾਨਸਿਕ ਪ੍ਰੇਸ਼ਾਨੀ ਦਾ ਹਰਜਾਨਾ ਤੇ ਅਦਾਲਤੀ ਖਰਚਾ ਦੇਣ ਦੀ ਮੰਗ ਕੀਤੀ ਸੀ।
ਇਹ ਕਿਹਾ ਫੋਰਮ ਨੇ
ਜ਼ਿਲਾ ਖਪਤਕਾਰ ਫੋਰਮ ਦੇ ਪ੍ਰਧਾਨ ਐੱਸ. ਏ. ਪੀ. ਐੱਸ. ਰਾਜਪੂਤ ਅਤੇ ਜਿਊਰੀ ਮੈਂਬਰ ਕੰਵਲਜੀਤ ਸਿੰਘ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਫ਼ੈਸਲਾ ਸ਼ਿਕਾਇਤਕਰਤਾ ਦੇ ਪੱਖ 'ਚ ਕਰਦਿਆਂ ਪਾਵਰਕਾਮ ਵਿਭਾਗ ਨੂੰ 6500 ਰੁਪਏ ਦੀ ਮੂਲ ਰਾਸ਼ੀ 'ਤੇ 28 ਜੁਲਾਈ 2009 ਤੋਂ 14 ਨਵੰਬਰ 2017 ਤੱਕ 9 ਫ਼ੀਸਦੀ ਦੀ ਦਰ ਨਾਲ ਵਿਆਜ ਦੇਣ, 3000 ਰੁਪਏ ਹਰਜਾਨਾ ਅਤੇ 2000 ਰੁਪਏ ਅਦਾਲਤੀ ਖਰਚਾ ਦੇਣ ਦੇ ਹੁਕਮ ਜਾਰੀ ਕੀਤੇ ਹਨ।
ਆਂਧਰਾ ਪ੍ਰਦੇਸ਼ 'ਚ ਨੌਜਵਾਨਾਂ ਨੂੰ ਮਿਲੇਗਾ ਇਕ ਹਜ਼ਾਰ ਰੁਪਏ ਬੇਰੁਜ਼ਗਾਰੀ ਭੱਤਾ
NEXT STORY