ਟੋਰਾਂਟੋ— ਕੈਨੇਡਾ ਦੇ ਸ਼ਹਿਰ ਸਰੀ 'ਚ 'ਸਪੈਲਿੰਗ ਬੀ ਆਫ ਕੈਨੇਡਾ ਨੈਸ਼ਨਲ ਚੈਮਪੀਅਨਸ਼ਿਪ ਮੁਕਾਬਲਾ' ਕਰਵਾਇਆ ਗਿਆ। ਇਸ 'ਚ ਪੰਜਾਬੀ ਮੂਲ ਦੇ ਬੱਚੇ ਪਰਨੀਤ ਸਿੰਘ ਅਰੋੜਾ ਨੇ ਇਨਾਮ ਜਿੱਤਿਆ ਹੈ। ਤਾਮਾਨਾਵਿਸ ਸੈਕੰਡਰੀ ਸਕੂਲ 'ਚ ਅੱਠਵੀਂ ਜਮਾਤ 'ਚ ਪੜ੍ਹਾਈ ਕਰਨ ਵਾਲੇ 13 ਸਾਲਾ ਵਿਦਿਆਰਥੀ ਨੇ ਮੁਸ਼ਕਲ ਸ਼ਬਦਾਂ ਨੂੰ ਸਹੀ ਤਰੀਕੇ ਨਾਲ ਬੋਲ ਕੇ ਇਹ ਇਨਾਮ ਜਿੱਤਿਆ। ਤੁਹਾਨੂੰ ਦੱਸ ਦਈਏ ਕਿ ਇਸ ਮੁਕਾਬਲੇ 'ਚ ਮੁਸ਼ਕਲ ਸ਼ਬਦਾਂ ਨੂੰ ਚੁਣਿਆ ਜਾਂਦਾ ਹੈ ਅਤੇ ਬੱਚਿਆਂ ਤੋਂ ਇਸ ਸੰਬੰਧੀ ਪ੍ਰਸ਼ਨ ਪੁੱਛੇ ਜਾਂਦੇ ਹਨ।
ਇਸ ਮੁਕਾਬਲੇ 'ਚ 12 ਤੋਂ 14 ਸਾਲ ਦੇ ਬੱਚਿਆਂ ਨੇ ਭਾਗ ਲਿਆ ਸੀ। ਪਰਨੀਤ ਨੇ 'ਓਸਟ੍ਰਾਕੋਡ' ਅਤੇ 'ਡਿਸਰੈਪੁਟੇਬਲ' ਸ਼ਬਦਾਂ ਨੂੰ ਬਿਲਕੁਲ ਸਹੀ ਤਰੀਕੇ ਨਾਲ ਬੋਲਿਆ ਅਤੇ ਇਨ੍ਹਾਂ ਦੇ ਸਪੈਲਿੰਗ ਦੱਸੇ। ਉਸ ਦੇ ਪਿਤਾ ਜਗਜੋਤ ਸਿੰਘ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਦਾ ਬੱਚਾ ਪੜ੍ਹਾਈ 'ਚ ਅੱਗੇ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ 2011 'ਚ ਕੈਨੇਡਾ ਆਏ ਸਨ। ਉਨ੍ਹਾਂ ਦਾ ਬੱਚਾ ਪਿਛਲੇ 3 ਸਾਲਾਂ ਤੋਂ ਇਸ ਮੁਕਾਬਲੇ 'ਚ ਹਿੱਸਾ ਲੈ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ 'ਚ ਪਹਿਲੇ ਨੰਬਰ 'ਤੇ ਆਇਆ ਸੀ। ਹੁਣ ਉਹ ਮੁੜ 2018 'ਚ ਫਿਰ ਜੇਤੂ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦਾ ਪਰਿਵਾਰ ਬਹੁਤ ਖੁਸ਼ ਹੈ। ਪਰਨੀਤ ਨੇ ਦੱਸਿਆ ਕਿ ਉਸ ਨੂੰ ਕਿਤਾਬਾਂ ਪੜ੍ਹਨ, ਘੁੰਮਣ-ਫਿਰਨ ਅਤੇ ਜਾਦੂ ਵਾਲੇ ਖੇਡ ਦੇਖਣ ਦਾ ਬਹੁਤ ਸ਼ੌਕ ਹੈ। ਉਸ ਦੇ ਪਰਿਵਾਰ ਨੇ ਉਸ ਦੀ ਸਫਲਤਾ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਆਪਣੀ ਛੋਟੀ ਧੀ ਨੂੰ ਵੀ ਪੜ੍ਹਾਈ 'ਚ ਪਹਿਲੇ ਨੰਬਰ 'ਤੇ ਦੇਖਣਾ ਚਾਹੁੰਦੇ ਹਨ।
ਤਹਿਸੀਲ ਕੰਪਲੈਕਸ ਦੇ ਬਾਹਰ ਸਕੂਟਰੀ ਨੂੰ ਲੱਗੀ ਅੱਗ
NEXT STORY