ਜਲੰਧਰ (ਮਹੇਸ਼)— ਨਕਾਬਪੋਸ਼ 3 ਲੁਟੇਰਿਆਂ ਨੇ ਸ਼ਨੀਵਾਰ ਦੇਰ ਰਾਤ ਨੂੰ ਭੋਜੋਵਾਲ-ਢਿੱਲਵਾਂ ਰੋਡ 'ਤੇ ਬਿੱਗ ਬਾਜ਼ਾਰ ਦੇ ਕਰਮਚਾਰੀ ਨੂੰ ਆਪਣਾ ਸ਼ਿਕਾਰ ਬਣਾਉਂਦਿਆਂ ਦਾਤਰ ਨਾਲ ਹਮਲਾ ਕਰ ਦਿੱਤਾ ਅਤੇ 7 ਹਜ਼ਾਰ ਰੁਪਏ ਦੀ ਨਕਦੀ ਸਮੇਤ ਜੀਓ ਕੰਪਨੀ ਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ। ਪੀੜਤ ਨਰਿੰਦਰ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਪਿੰਡ ਭੋਜੋਵਾਲ, ਥਾਣਾ ਦਿਹਾਤੀ ਪੁਲਸ ਪਤਾਰਾ, ਜਲੰਧਰ ਨੇ ਨੰਗਲ ਸ਼ਾਮਾ ਪੁਲਸ ਚੌਕੀ 'ਚ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਹੈ ਕਿ ਉਹ ਮਿਲੀ ਤਨਖਾਹ ਦੀ ਖੁਸ਼ੀ 'ਚ ਰਾਤ ਨੂੰ ਆਪਣੇ ਸਾਈਕਲ 'ਤੇ ਕੰਮ ਤੋਂ ਘਰ ਜਾ ਰਿਹਾ ਸੀ, ਜਦੋਂ ਉਹ ਆਪਣੇ ਪਿੰਡ ਨੂੰ ਜਾਂਦੇ ਮਾਰਗ 'ਤੇ ਲੱਗੀ ਇਕ ਮੋਟਰ ਕੋਲ ਪਹੁੰਚਿਆ ਤਾਂ ਉਸ ਦੇ ਪਿੱਛੇ ਪੈਦਲ ਜਾ ਰਹੇ ਨਕਾਬਪੋਸ਼ ਤਿੰਨ ਨੌਜਵਾਨਾਂ ਨੇ ਉਸ ਦਾ ਸਾਈਕਲ ਖਿੱਚ ਲਿਆ, ਜਿਸ ਕਾਰਨ ਉਹ ਹੇਠਾਂ ਡਿੱਗ ਗਿਆ। ਲੁਟੇਰਿਆਂ ਨੇ ਦਾਤਰ ਨਾਲ ਉਸ 'ਤੇ ਹਮਲਾ ਕਰਕੇ ਉਸ ਦੀ ਜੇਬ 'ਚੋਂ 7 ਹਜ਼ਾਰ ਰੁਪਏ ਤੇ ਮੋਬਾਇਲ ਕੱਢ ਲਿਆ। ਜਾਂਦੇ ਸਮੇਂ ਉਸ ਨੂੰ ਧਮਕੀ ਦੇ ਕੇ ਗਏ ਕਿ ਜੇ ਉਸ ਨੇ ਕਿਸੇ ਨੂੰ ਇਸ ਲੁੱਟ ਬਾਰੇ ਕੁਝ ਦੱਸਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਨਰਿੰਦਰ ਸਿੰਘ ਪਿਛਲੇ 25 ਸਾਲਾਂ ਤੋਂ ਭੋਜੋਵਾਲ ਦੇ ਪੰਚਾਇਤ ਮੈਂਬਰ ਹੈ। ਭਰਾ ਕੁਲਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਹੋਈ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਵਾਉਣ ਲਈ ਸਵੇਰੇ ਪੁਲਸ ਸਟੇਸ਼ਨ ਜਾਵੇਗਾ।
ਹਰਿਆਣਾ ਬੋਰਡ ਨੇ 10ਵੀਂ ਦਾ ਰਿਜ਼ਲਟ ਕੀਤਾ ਜਾਰੀ
NEXT STORY