ਦੇਸ਼ ਭਰ 'ਚ ਪੈਟਰੋਲ-ਡੀਜ਼ਲ ਦੇ ਭਾਅ ਅੰਨ੍ਹੇਵਾਹ ਵਧ ਰਹੇ ਹਨ, ਜਿਸ ਕਾਰਨ ਹਰ ਪੱਧਰ 'ਤੇ ਮਹਿੰਗਾਈ ਦੀ ਅੱਗ ਭੜਕ ਉੱਠੀ ਹੈ। ਲੱਗਦਾ ਹੈ ਕਿ ਪੈਟਰੋਲ ਦਾ ਭਾਅ ਛੇਤੀ ਹੀ 100 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਲਵੇਗਾ। ਲੋਕਾਂ ਲਈ ਹੁਣ ਆਪਣੀ ਗੱਡੀ ਚਲਾਉਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਪਰ ਦੇਸ਼ 'ਚ ਜਨਤਕ ਟਰਾਂਸਪੋਰਟ ਦਾ ਹਾਲ ਇੰਨਾ ਮਾੜਾ ਹੈ ਕਿ ਰੇਲਵੇ ਤੋਂ ਲੈ ਕੇ ਸੜਕੀ ਆਵਾਜਾਈ ਤਕ ਹਰ ਪਾਸੇ ਗੜਬੜ ਹੈ। ਸਵਾ ਸੌ ਕਰੋੜ ਤੋਂ ਵੱਧ ਆਬਾਦੀ ਵਾਲੇ ਦੇਸ਼ 'ਚ ਲੋਕ ਆਸਾਨੀ ਨਾਲ ਸਫਰ ਵੀ ਨਹੀਂ ਕਰ ਸਕਦੇ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਅਗਵਾਈ ਹੇਠ ਸੜਕਾਂ ਬਣਾਉਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਹੋ ਰਿਹਾ ਹੈ ਪਰ ਸੜਕਾਂ ਦਾ ਕਰਨਾ ਕੀ ਹੈ? ਅਜਿਹਾ ਸਵਾਲ ਭਵਿੱਖ 'ਚ ਉੱਠ ਸਕਦਾ ਹੈ ਕਿਉਂਕਿ ਪੈਟਰੋਲ-ਡੀਜ਼ਲ ਦੇ ਭਾਅ ਵਧਣ ਕਰਕੇ ਭਵਿੱਖ 'ਚ ਗੱਡੀਆਂ ਰੱਖਣ ਦੀ ਸਮਰੱਥਾ ਘਟਦੀ ਜਾਵੇਗੀ।
ਜਰਮਨੀ 'ਚ ਕੀ ਹੋਇਆ?
ਜਰਮਨੀ 'ਚ ਸਰਕਾਰ ਵਲੋਂ ਪੈਟਰੋਲ ਦੀਆਂ ਕੀਮਤਾਂ ਵਧਾਉਂਦਿਆਂ ਹੀ ਸਿਆਸਤਦਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਉਥੋਂ ਦੇ ਲੋਕ ਗੱਡੀਆਂ ਲੈ ਕੇ ਸੜਕਾਂ 'ਤੇ ਉਤਰ ਆਏ ਅਤੇ ਪੈਟਰੋਲ ਦੀਆਂ ਕੀਮਤਾਂ 'ਚ ਵਾਧੇ ਦੇ ਵਿਰੋਧ 'ਚ ਗੱਡੀਆਂ ਸੜਕਾਂ 'ਤੇ ਹੀ ਛੱਡ ਕੇ ਚਲੇ ਗਏ। ਇਸ ਨਾਲ ਸੜਕਾਂ 'ਤੇ ਭਾਰੀ ਜਾਮ ਲੱਗ ਗਿਆ ਤੇ ਆਖਿਰ ਸਰਕਾਰ ਨੂੰ ਪੈਟਰੋਲ ਦੀਆਂ ਕੀਮਤਾਂ ਘਟਾਉਣੀਆਂ ਪਈਆਂ। ਮਹਿੰਗਾਈ ਵਿਰੁੱਧ ਕਿਸੇ ਤਰ੍ਹਾਂ ਦਾ ਰੌਲਾ ਪਾਏ ਬਿਨਾਂ ਲੋਕਾਂ ਨੇ ਸਫਲ ਅੰਦੋਲਨ ਚਲਾਇਆ।
ਹੁਣ ਮਹਿੰਗਾਈ ਵਿਰੁੱਧ ਲੜਾਈ ਸੜਕ 'ਤੇ ਨਹੀਂ ਸਗੋਂ ਸੋਸ਼ਲ ਮੀਡੀਆ ਅਤੇ ਨਿਊਜ਼ ਚੈਨਲਾਂ 'ਤੇ ਸ਼ੁਰੂ ਹੈ। ਭਾਜਪਾ ਅਤੇ ਵਿਰੋਧੀ ਪਾਰਟੀਆਂ ਇਕ-ਦੂਜੀ 'ਤੇ ਦੋਸ਼ ਮੜ੍ਹ ਰਹੀਆਂ ਹਨ, ਜਦਕਿ ਪੈਟਰੋਲ-ਡੀਜ਼ਲ ਦੇ ਭਾਅ ਹਰ ਰੋਜ਼ ਵਧਦੇ ਜਾ ਰਹੇ ਹਨ। ਇਸ 'ਤੇ ਭਾਜਪਾ ਵਲੋਂ ਸਫਾਈ ਦਿੱਤੀ ਜਾ ਰਹੀ ਹੈ ਪਰ ਜਦੋਂ ਯੂ. ਪੀ. ਏ. ਸਰਕਾਰ ਦੇ ਦੌਰ 'ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਅਜਿਹੀ ਹੀ ਸਫਾਈ ਦਿੱਤੀ ਜਾਂਦੀ ਸੀ ਤਾਂ ਭਾਜਪਾ ਵਾਲੇ ਗੱਲ ਸੁਣਨ ਲਈ ਤਿਆਰ ਨਹੀਂ ਹੁੰਦੇ ਸਨ।
ਪ੍ਰਧਾਨ ਮੰਤਰੀ ਕਿੱਥੇ ਹਨ?
ਭਾਰਤ ਦੀ ਆਰਥਿਕ ਸਥਿਤੀ ਸਪੱਸ਼ਟ ਤੌਰ 'ਤੇ ਵਿਗੜਦੀ ਜਾ ਰਹੀ ਹੈ। ਪੈਟਰੋਲ-ਡੀਜ਼ਲ ਦੇ ਭਾਅ ਤੇ ਹੋਰਨਾਂ ਚੀਜ਼ਾਂ ਦੀ ਮਹਿੰਗਾਈ 'ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਅਜਿਹੀ ਹਾਲਤ 'ਚ ਸਾਡੇ ਪ੍ਰਧਾਨ ਮੰਤਰੀ ਕਿੱਥੇ ਹਨ?
ਪਿਛਲੇ ਦਿਨੀਂ ਮੋਦੀ ਰੂਸ ਦੇ ਦੌਰੇ 'ਤੇ ਗਏ ਅਤੇ ਉਥੇ ਰਾਸ਼ਟਰਪਤੀ ਪੁਤਿਨ ਨਾਲ ਗੱਲਬਾਤ ਕਰਦੇ ਨਜ਼ਰ ਆਏ। ਉਸ ਤੋਂ ਬਾਅਦ ਮੋਦੀ ਨੇ ਕਿਹਾ ਕਿ ''ਪੁਤਿਨ ਮੇਰੇ ਮਿੱਤਰ ਹਨ।'' ਕੀ ਮੋਦੀ ਦੇ ਇਹ ਮਿੱਤਰ ਪੈਟਰੋਲ ਦੇ ਭਾਅ ਘੱਟ ਕਰਨ ਲਈ ਕੁਝ ਕਰ ਰਹੇ ਹਨ? ਅੱਜ ਵੀ ਕਸ਼ਮੀਰ ਦੇ ਸਵਾਲ 'ਤੇ ਪੁਤਿਨ ਭਾਰਤ ਦੇ ਪੱਖ 'ਚ ਮਜ਼ਬੂਤੀ ਨਾਲ ਖੜ੍ਹੇ ਹੋਣ ਲਈ ਤਿਆਰ ਨਹੀਂ ਹਨ।
ਰਮਜ਼ਾਨ ਦੇ ਮਹੀਨੇ 'ਚ ਇਸਲਾਮ ਦਾ ਆਦਰ ਕਰਦਿਆਂ ਭਾਰਤ ਨੇ ਇਕਪਾਸੜ ਜੰਗਬੰਦੀ ਦਾ ਐਲਾਨ ਕੀਤਾ ਪਰ ਪਾਕਿਸਤਾਨ ਦੀ ਫੌਜ ਤੇ ਅੱਤਵਾਦੀ ਹਮਲੇ ਕਰਨ ਤੋਂ ਬਾਜ਼ ਨਹੀਂ ਆਏ। ਇਨ੍ਹਾਂ ਚੀਜ਼ਾਂ ਨੂੰ ਜੇ ਪੁਤਿਨ ਜਾਂ ਟਰੰਪ ਨਹੀਂ ਰੋਕ ਸਕਦੇ, ਫਿਰ ਉਨ੍ਹਾਂ ਨਾਲ ਦੋਸਤੀ ਦਾ ਕੀ ਫਾਇਦਾ।
ਹੁਣ ਭਾਰਤ 'ਤੇ ਕੌਮੀ ਕਰਜ਼ੇ ਦਾ ਬੋਝ ਵਧ ਗਿਆ ਹੈ। ਵਿਦੇਸ਼ੀ ਕਰੰਸੀ ਵਿਭਾਗ 'ਚ ਤਰਥੱਲੀ ਮਚੀ ਹੋਈ ਹੈ ਤੇ ਪ੍ਰਧਾਨ ਮੰਤਰੀ ਵਿਦੇਸ਼ ਦੌਰਿਆਂ ਦਾ ਸਿਲਸਿਲਾ ਜਾਰੀ ਰੱਖ ਰਹੇ ਹਨ। ਪਹਿਲਾਂ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਵਿਦੇਸ਼ ਦੌਰਿਆਂ 'ਤੇ ਜਾਂਦੇ ਸਨ ਪਰ ਹੁਣ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਵਲੋਂ ਕੀਤੇ ਜਾਣ ਵਾਲੇ ਵਿਦੇਸ਼ ਦੌਰਿਆਂ 'ਤੇ ਵੀ ਪ੍ਰਧਾਨ ਮੰਤਰੀ ਹੀ ਜਾਣ ਲੱਗ ਪਏ ਹਨ।
ਆਮ ਲੋਕ ਲੱਗਭਗ 100 ਰੁਪਏ ਦੀ ਦਰ ਨਾਲ ਪੈਟਰੋਲ ਖਰੀਦਣ ਤੇ ਸਾਡੇ ਸ਼ਾਸਕ ਰੂਸ ਤੋਂ ਲੈ ਕੇ ਅਮਰੀਕਾ ਤਕ ਹਵਾਈ ਜਹਾਜ਼ ਉਡਾਉਣ। ਮੋਦੀ ਦੇ ਵਿਦੇਸ਼ ਦੌਰਿਆਂ ਦਾ ਹੁਣ ਲੋਕਾਂ ਵਲੋਂ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਦੇ ਲਈ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ।
ਜਦੋਂ ਤਕ ਪੈਟਰੋਲ ਦੇ ਭਾਅ 50 ਰੁਪਏ ਤਕ ਹੇਠਾਂ ਨਹੀਂ ਆਉਂਦੇ, ਉਦੋਂ ਤਕ ਪ੍ਰਧਾਨ ਮੰਤਰੀ ਤੇ ਹੋਰਨਾਂ ਮੰਤਰੀਆਂ ਦੇ ਵਿਦੇਸ਼ ਦੌਰਿਆਂ 'ਤੇ ਰੋਕ ਲੱਗਣੀ ਚਾਹੀਦੀ ਹੈ।
ਕਰਜ਼ੇ ਦਾ ਪਹਾੜ
ਮੋਦੀ ਸਰਕਾਰ ਨੇ 4 ਸਾਲਾਂ 'ਚ ਆਪਣੀ ਇਸ਼ਤਿਹਾਰਬਾਜ਼ੀ 'ਤੇ 4805 ਕਰੋੜ ਰੁਪਏ ਖਰਚ ਦਿੱਤੇ, ਜਦਕਿ ਵਿਦੇਸ਼ ਦੌਰਿਆਂ 'ਤੇ ਲੱਗਭਗ 400 ਕਰੋੜ ਰੁਪਏ ਖਰਚ ਹੋਏ ਹਨ। ਪ੍ਰਧਾਨ ਮੰਤਰੀ ਪੂਰੀ ਦੁਨੀਆ 'ਚ ਘੁੰਮ ਰਹੇ ਹਨ ਪਰ ਸੋਚੋ ਭਾਰਤ 'ਚ ਵਿਦੇਸ਼ੀ ਨਿਵੇਸ਼ ਕਿੰਨਾ ਆਇਆ?
ਅਸਲੀਅਤ ਇਹ ਹੈ ਕਿ ਵਿਦੇਸ਼ੀ ਨਿਵੇਸ਼ ਤੇ ਉਦਯੋਗਪਤੀਆਂ ਨੇ ਫਿਲਹਾਲ ਭਾਰਤ ਤੋਂ ਮੂੰਹ ਮੋੜਿਆ ਹੋਇਆ ਹੈ। ਡੀਜ਼ਲ ਦੀਆਂ ਕੀਮਤਾਂ ਵਧਣ ਕਰ ਕੇ ਇਥੇ ਸਬਜ਼ੀਆਂ-ਫਲਾਂ ਦੀ ਕੀਮਤ ਕਈ ਗੁਣਾ ਵਧ ਚੁੱਕੀ ਹੈ।
ਸਰਕਾਰੀ ਖਜ਼ਾਨਾ ਖਾਲੀ ਹੈ ਤੇ ਦੇਸ਼ ਕਰਜ਼ੇ 'ਚ ਡੁੱਬਿਆ ਹੋਇਆ ਹੈ—ਅਜਿਹਾ ਰੌਲਾ ਪਾਉਂਦਿਆਂ ਮੋਦੀ ਸੱਤਾ 'ਚ ਆਏ ਸਨ ਪਰ ਉਨ੍ਹਾਂ ਦੇ ਸੱਤਾ 'ਚ ਆਉਣ ਤੋਂ ਬਾਅਦ 4 ਸਾਲਾਂ 'ਚ ਕਰਜ਼ਾ ਘਟਣ ਦੀ ਬਜਾਏ ਵਧਿਆ ਹੈ ਤੇ ਰੁਪਏ ਦੀ ਕੀਮਤ 'ਚ ਵੀ ਗਿਰਾਵਟ ਆਈ ਹੈ। ਦੇਸ਼ 'ਚ 16 ਕਰੋੜ ਦੇ ਲੱਗਭਗ ਲੋਕ ਬੇਰੋਜ਼ਗਾਰ ਹੋ ਗਏ ਹਨ ਕਿਉਂਕਿ ਨੋਟਬੰਦੀ ਦੇ ਫੈਸਲੇ ਤੋਂ ਬਾਅਦ ਛੋਟੇ-ਵੱਡੇ 2 ਲੱਖ ਤੋਂ ਜ਼ਿਆਦਾ ਕਾਰਖਾਨੇ ਬੰਦ ਹੋ ਚੁੱਕੇ ਹਨ।
ਅਮੀਰਾਂ ਦੀ ਮੌਜ
ਮੁਰਬਾੜ ਨਾਮੀ ਜਗ੍ਹਾ ਦੇ ਇਕ ਕਿਸਾਨ ਨੇ ਪੈਟਰੋਲ ਮਹਿੰਗਾ ਹੋਣ ਕਰ ਕੇ ਘੋੜਾ ਖਰੀਦ ਲਿਆ ਹੈ ਤੇ ਉਹ ਹੁਣ ਘੋੜੇ 'ਤੇ ਹੀ ਸਫਰ ਕਰ ਰਿਹਾ ਹੈ। ਦੁਨੀਆ ਦੇ ਅਮੀਰਾਂ ਦੀ ਸੂਚੀ 'ਚ ਭਾਰਤ 6ਵੇਂ ਨੰਬਰ 'ਤੇ ਆ ਗਿਆ ਹੈ।
ਦੇਸ਼ ਦੇ ਮੁੱਠੀ ਭਰ ਅਮੀਰ ਲੋਕ ਹੀ ਹੁਣ ਪੈਟਰੋਲ ਜਾਂ ਡੀਜ਼ਲ ਆਸਾਨੀ ਨਾਲ ਖਰੀਦ ਸਕਦੇ ਹਨ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਦੇ ਆਧਾਰ 'ਤੇ ਹੀ ਦੇਸ਼ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੈਅ ਹੁੰਦੀਆਂ ਹਨ ਪਰ ਜਦੋਂ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਘਟੀਆਂ, ਉਦੋਂ ਵੀ ਭਾਰਤ ਸਰਕਾਰ ਨੇ ਇਥੇ ਪੈਟਰੋਲ-ਡੀਜ਼ਲ ਦੇ ਭਾਅ ਨਹੀਂ ਘਟਾਏ ਅਤੇ ਸਰਕਾਰ ਲੋਕਾਂ ਦੀਆਂ ਜੇਬਾਂ ਖਾਲੀ ਕਰਵਾ ਕੇ ਆਪਣਾ ਖਜ਼ਾਨਾ ਭਰਦੀ ਰਹੀ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਬਾਰੇ ਪ੍ਰਧਾਨ ਮੰਤਰੀ ਜਾਂ ਪੈਟਰੋਲੀਅਮ ਮੰਤਰੀ ਕੁਝ ਨਹੀਂ ਬੋਲ ਰਹੇ। ਪ੍ਰਧਾਨ ਮੰਤਰੀ ਨੇ ਮੰਤਰੀਆਂ ਦੀ ਲਾਲ ਬੱਤੀ ਖੋਹ ਲਈ ਤੇ ਹੁਣ ਖੁਦ ਵਿਦੇਸ਼ੀ ਦੌਰੇ ਘੱਟ ਕਰ ਕੇ 'ਤੇਲ ਬਚਾਓ ਪੈਸੇ ਬਚਾਓ' ਦੀ ਨੀਤੀ 'ਤੇ ਚੱਲਣ, ਨਹੀਂ ਤਾਂ ਲੋਕ ਉਨ੍ਹਾਂ ਦੇ ਵਿਦੇਸ਼ ਦੌਰਿਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦੇਣਗੇ। ('ਸਾਮਨਾ' ਤੋਂ ਧੰਨਵਾਦ ਸਹਿਤ)
ਕਬੱਡੀ ਦਾ ਸ਼ੋਅ ਮੈਚ ਕਰਵਾਇਆ
NEXT STORY