ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)— ਸਥਾਨਕ ਨਗਰ ਕੌਂਸਲ ਦੇ ਚਾਰ ਕੌਂਸਲਰਾਂ ਨੂੰ ਅਹੁਦੇ ਤੋਂ ਹਟਾਉਣ ਦਾ ਪੱਤਰ ਸਥਾਨਕ ਸਰਕਾਰਾਂ ਵਿਭਾਗ ਵੱਲੋਂ 3 ਅਪ੍ਰੈਲ 2018 ਨੂੰ ਜਾਰੀ ਕੀਤਾ ਗਿਆ ਸੀ, ਪਰ ਜਾਰੀ ਕੀਤੇ ਗਏ ਪੱਤਰ 'ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ, ਜਿਸ ਦੇ ਚਲਦਿਆਂ ਇਹ ਚਾਰੇ ਕੌਂਸਲਰ ਅਗਲੇ ਹੁਕਮਾਂ ਤੱਕ ਆਪਣੇ ਅਹੁਦੇ 'ਤੇ ਬਣੇ ਰਹਿਣਗੇ। ਜਾਣਕਾਰੀ ਅਨੁਸਾਰ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ 'ਚ ਕਿਹਾ ਗਿਆ ਹੈ ਕਿ 3 ਅਪ੍ਰੈਲ 2018 ਨੂੰ ਜਾਰੀ ਹੋਏ ਜੁਬਾਨੀ ਆਦੇਸ਼ਾਂ ਤਹਿਤ 4 ਅਪ੍ਰੈਲ 2018 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸਦੇ ਤਹਿਤ ਵਾਰਡ ਨੰਬਰ 9 ਤੋਂ ਕੌਂਸਲਰ ਯਾਦਵਿੰਦਰ ਸਿੰਘ ਯਾਦੂ, ਵਾਰਡ ਨੰਬਰ 4 ਤੋਂ ਕੌਂਸਲਰ ਕਿਰਨਪਾਲ ਕੌਰ, ਵਾਰਡ ਨੰਬਰ 23 ਤੋਂ ਕੌਂਸਲਰ ਸੁਖਦੇਵ ਸਿੰਘ ਅਤੇ ਵਾਰਡ ਨੰਬਰ 10 ਤੋਂ ਕੌਂਸਲਰ ਸੁਰਜੀਤ ਕੌਰ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ। ਇਨ੍ਹਾਂ ਹਟਾਏ ਗਏ ਕੌਂਸਲਰਾਂ 'ਚੋਂ ਯਾਦਵਿੰਦਰ ਸਿੰਘ, ਸੁਰਜੀਤ ਕੌਰ ਅਤੇ ਸੁਖਦੇਵ ਸਿੰਘ ਨੇ 11 ਅਪ੍ਰੈਲ 2018 ਨੂੰ ਬੇਨਤੀ ਕੀਤੀ ਸੀ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਸੰਬੰਧੀ ਜਾਰੀ ਨੋਟਿਫਿਕੇਸ਼ਨ ਵਾਪਸ ਲਏ ਜਾਣ। ਕੌਂਸਲਰਾਂ ਦੀ ਬੇਨਤੀ 'ਤੇ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੌਂਸਲਰਾਂ ਨੂੰ 25 ਅਪ੍ਰੈਲ 2018 ਨੂੰ ਸੁਣਿਆ ਗਿਆ, ਜਿਸ 'ਚ ਕੌਂਸਲਰਾਂ ਵੱਲੋਂ ਪੇਸ਼ ਕੀਤੇ ਗਏ ਤੱਥਾਂ ਦੇ ਅਧਾਰ 'ਤੇ ਵਿਭਾਗ ਦੇ ਮੰਤਰੀ ਨੇ ਪੂਰੇ ਮਾਮਲੇ ਦੀ ਜਾਂਚ ਕਿਸੇ ਜਿੰਮੇਵਾਰ ਅਧਿਕਾਰੀ ਤੋਂ ਕਰਵਾ ਕੇ ਜਲਦ ਰਿਪੋਰਟ ਪੇਸ਼ ਕਰਨ ਅਤੇ 3 ਅਪ੍ਰੈਲ 2018 ਦੇ ਆਦੇਸ਼ਾਂ ਤਹਿਤ 4 ਅਪ੍ਰੈਲ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ 'ਤੇ ਰੋਕ ਲਗਾ ਦਿੱਤੀ ਗਈ ਹੈ। ਫਿਲਹਾਲ ਅਗਲੇ ਹੁਕਮਾਂ ਤੱਕ ਉਕਤ ਚਾਰੇ ਕੌਂਸਲਰ ਆਪਣੇ ਅਹੁਦੇ 'ਤੇ ਬਣੇ ਰਹਿਣਗੇ।
ਮੌਸਮ ਦੀ ਮਾਰ, ਸੇਬ ਹੋਵੇਗਾ ਫਿੱਕਾ, ਜੇਬ 'ਤੇ ਵਧੇਗਾ ਭਾਰ!
NEXT STORY