ਨਵੀਂ ਦਿੱਲੀ— ਇਸ ਸਾਲ ਸੇਬ ਦੀ ਲਾਲੀ ਘੱਟ ਹੋ ਸਕਦੀ ਹੈ ਕਿਉਂਕਿ ਕਸ਼ਮੀਰ ਅਤੇ ਹਿਮਾਚਲ 'ਚ ਸੇਬ ਦੀ ਫਸਲ ਲਈ ਸੋਕੇ ਵਰਗੇ ਹਾਲਾਤ ਨਜ਼ਰ ਆ ਰਹੇ ਹਨ। ਇਸ ਦਾ ਕਾਰਨ ਹੈ ਕਿ ਪਹਿਲਾਂ ਇਨ੍ਹਾਂ ਇਲਾਕਿਆਂ 'ਚ ਬਰਫ ਨਾ ਦੇ ਬਰਾਬਰ ਪਈ ਅਤੇ ਹੁਣ ਬਾਰਸ਼ ਵੀ ਘੱਟ ਹੋ ਰਹੀ ਹੈ। ਸੇਬ ਦੀ ਫਸਲ ਦੇ ਉਲਟ ਬਣ ਰਹੇ ਹਾਲਾਤ ਦੇ ਮੱਦੇਨਜ਼ਰ ਇਸ ਸਾਲ ਸੇਬ ਦੀ ਪੈਦਾਵਾਰ ਪਿਛਲੇ ਇਕ ਦਹਾਕੇ 'ਚ ਸਭ ਤੋਂ ਘੱਟ ਰਹਿ ਸਕਦੀ ਹੈ, ਜਿਸ ਕਾਰਨ ਗਾਹਕਾਂ ਨੂੰ ਸੇਬ ਦੀ ਜ਼ਿਆਦਾ ਕੀਮਤ ਚੁਕਾਉਣੀ ਪੈ ਸਕਦੀ ਹੈ। ਸਰਬ ਭਾਰਤੀ ਸੇਬ ਉਤਪਾਦਕ ਸੰਘ ਮੁਤਾਬਕ ਇਸ ਸੀਜ਼ਨ 'ਚ ਹੁਣ ਤਕ ਮੌਸਮ ਸੇਬ ਦੀ ਫਸਲ ਦੇ ਅਨੁਕੂਲ ਨਹੀਂ ਰਿਹਾ ਹੈ। ਦਸੰਬਰ-ਫਰਵਰੀ 'ਚ ਸੇਬ ਦੀ ਬਿਹਤਰ ਪੈਦਾਵਾਰ ਲਈ ਵੱਡੇ ਪੱਧਰ 'ਤੇ ਬਰਫ ਪੈਣੀ ਜ਼ਰੂਰੀ ਹੁੰਦੀ ਹੈ ਪਰ ਇਸ ਵਾਰ ਨਾ ਦੇ ਬਰਾਬਰ ਬਰਫ ਪਈ ਅਤੇ ਇਨੀਂ ਦਿਨੀਂ ਬਾਰਸ਼ ਵੀ ਨਹੀਂ ਹੋ ਰਹੀ ਹੈ। ਇਹ ਸੇਬ ਦੀ ਫਸਲ ਦੇ ਲਿਹਾਜ ਨਾਲ ਸੋਕੇ ਵਰਗੇ ਹਾਲਾਤ ਹਨ।
ਬਰਫ ਅਤੇ ਬਾਰਸ਼ ਦੀ ਕਮੀ ਨਾਲ ਜੰਮੂ-ਕਸ਼ਮੀਰ ਅਤੇ ਹਿਮਾਚਲ ਦੋਹਾਂ ਸੇਬ ਉਤਪਾਦਕ ਸੂਬਿਆਂ 'ਚ ਸੇਬ ਦੀ ਪੈਦਾਵਾਰ 'ਚ ਗਿਰਾਵਟ ਆ ਸਕਦੀ ਹੈ, ਨਾਲ ਹੀ ਜੋ ਸੇਬ ਪੈਦਾ ਹੋਵੇਗਾ ਉਸ ਦੀ ਗੁਣਵੱਤਾ ਵੀ ਬਹੁਤ ਚੰਗੀ ਨਹੀਂ ਰਹਿਣ ਵਾਲੀ। ਸਰਬ ਭਾਰਤੀ ਸੇਬ ਉਤਪਾਦਕ ਸੰਘ ਦੇ ਮੁਖੀ ਮੁਤਾਬਕ ਹਿਮਚਾਲ 'ਚ ਸੇਬ ਦੀ ਪੈਦਾਵਾਰ 1.30-1.40 ਕਰੋੜ ਪੇਟੀ ਰਹਿ ਸਕਦੀ ਹੈ, ਜੋ ਪਿਛਲੇ ਸਾਲ 1.60-1.75 ਕਰੋੜ ਪੇਟੀ (20-22 ਕਿਲੋ) ਰਹੀ ਸੀ। ਹਿਮਾਚਲ 'ਚ ਆਮ ਪੈਦਾਵਾਰ 3 ਕਰੋੜ ਪੇਟੀ ਹੈ। ਕਸ਼ਮੀਰ 'ਚ ਆਮ ਤੌਰ 'ਤੇ ਸੇਬ ਦੀ ਪੈਦਾਵਾਰ 12-13 ਕਰੋੜ ਪੇਟੀ ਹੈ। ਇਸ ਵਾਰ ਮੌਸਮ ਅਨੁਕੂਲ ਨਾ ਰਹਿਣ ਕਾਰਨ ਉਤਪਾਦਨ ਘੱਟ ਕੇ 9-10 ਕਰੋੜ ਪੇਟੀ ਰਹਿ ਸਕਦਾ ਹੈ।
ਲਖਨਵੀ ਚਿਕਨ ਗਾਰਮੈਂਟਸ ਦੀ ਵਧੀ ਮੰਗ, ਉਤਪਾਦਨ ਘਟਣ ਨਾਲ ਕੀਮਤਾਂ 'ਚ ਵਾਧਾ
NEXT STORY