ਮੋਗਾ, (ਗੋਪੀ ਰਾਊਕੇ)- ਇਕ ਪਾਸੇ ਜਿਥੇ ਪੰਜਾਬ ਦੇ ਵਾਤਾਵਰਣ ਮੰਤਰੀ ਓ. ਪੀ. ਸੋਨੀ ਵੱਲੋਂ ਪੰਜਾਬ ਦੇ ਸਾਰੇ ਨਿਗਮਾਂ ਅਤੇ ਕੌਂਸਲਾਂ ਦੇ ਅਧਿਕਾਰੀਆਂ ਨੂੰ ਉਦਯੋਗਾ ਦਾ ਪਾਣੀ ਬਿਨਾਂ ਟ੍ਰੀਟਮੈਂਟ ਕੀਤੇ ਸਿੱਧਾ ਬਰਸਾਤੀ ਨਾਲਿਆਂ ’ਚ ਪਾਉਣ ਦੀ ਸਖਤ ਮਨਾਹੀ ਕੀਤੀ ਗਈ ਹੈ, ਉੱਥੇ ਦੂਜੇ ਪਾਸੇ ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਸ਼ਹਿਰ ਨੂੰ ਭਾਵੇਂ ਕੁੱਝ ਵਰ੍ਹੇ ਪਹਿਲਾ ਨਗਰ ਨਿਗਮ ਦਾ ਦਰਜਾ ਤਾਂ ਮਿਲ ਗਿਆ ਸੀ ਪਰ ਹਾਲੇ ਤੱਕ ਵੀ ਅੱਧੇ ਤੋਂ ਬੰਦ ਸ਼ਹਿਰ ਦਾ ਪਾਣੀ ਮੋਗਾ ’ਚ ਟ੍ਰੀਟਮੈਂਟ ਪਲਾਟ ਹੁੰਦੇ ਵੀ ਬਿਨਾਂ ਟ੍ਰੀਟ ਕੀਤੇ ਹੀ ਸਿੱਧਾ ਬਰਸਾਤੀ ਨਾਲਿਆਂ ’ਚ ਸੁੱਟਿਆ ਜਾ ਰਿਹਾ ਹੈ, ਜਿਸ ਕਰਕੇ ਪ੍ਰਦੂਸ਼ਣ ਫੈਲ ਰਿਹਾ ਹੈ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ਹਿਰ ’ਚੋਂ ਪ੍ਰਦੂੁਸ਼ਣ ਘਟਾਉਣ ਦੇ ਦਾਅਵੇ ਕਰਨ ਵਾਲੇ ਨਗਰ ਨਿਗਮ ਮੋਗਾ ਅਤੇ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੇ ਹਾਲੇ ਤੱਕ ਇਸ ਪਾਸੇ ਧਿਆਨ ਨਹੀਂ ਦਿੱਤਾ, ਜਿਸ ਕਰਕੇ ਇਹ ਵਰਤਾਰਾ ਲਗਾਤਾਰ ਜਾਰੀ ਹੈ, ਇਥੇ ਹੀ ਬੱਸ ਨਹੀਂ ਡਰੇਨਾਂ ’ਚ ਸੁੱਟੇ ਜਾ ਰਹੇ ਗੰਦੇ ਪਾਣੀ ਨੂੰ ਬੰਦ ਕਰਵਾਉਣ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੀ ਹਾਲੇ ਤੱਕ ਲੋਡ਼ੀਂਦੇ ਕਦਮ ਨਾ ਚੁੱਕੇ ਜਾਣ ਕਰਕੇ ਵੀ ਅਧਿਕਾਰੀਆਂ ਦੀ ‘ਚੁੱਪੀ’ ’ਤੇ ਹੁਣ ਸਵਾਲ ਉੱਠਣ ਲੱਗੇ ਹਨ।
‘ਜਗ ਬਾਣੀ’ ਵੱਲੋਂ ਹਾਸਲ ਕੀਤੇ ਵੇਰਵਿਆਂ ਅਨੁਸਾਰ ਮੋਗਾ ਸ਼ਹਿਰ ਸੀਵਰੇਜ਼ ਬੋਰਡ ਵੱਲੋਂ ਮੋਗਾ ਵਿਖੇ 27 ਐੱਮ. ਐੱਲ. ਡੀ. ਸੀਵਰੇਜ ਟਰੀਟਮੈਂਟ ਪਲਾਟ ਬਣ ਕੇ ਤਿਆਰ ਹੋਇਆ ਸੀ, ਜਿਸ ਦਾ ਉਦਘਾਟਨ ਤਤਕਾਲੀਨ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ 17 ਸਤੰਬਰ 2013 ਨੂੰ ਕੀਤਾ ਗਿਆ ਸੀ ਇਸ ਮਗਰੋਂ ਸ਼ਹਿਰ ਵਾਸੀਆਂ ਨੂੰ ਇਹ ਆਸ ਬੱਝੀ ਸੀ ਕਿ ਸ਼ਹਿਰ ਦਾ ਸਾਰਾ ਪਾਣੀ ਇਸ ਟ੍ਰੀਟਮੈਂਟ ਪਲਾਟ ’ਚੋਂ ਸਾਫ ਹੋ ਕੇ ਡਰੇਨਾਂ ’ਚ ਜਾਵੇਗਾ ਪਰ ਹਾਲੇ ਤੱਕ 5 ਵਰ੍ਹੇ ਬੀਤੇ ਜਾਣ ਬਾਵਜੂਦ ਸਾਰੇ ਸ਼ਹਿਰ ਦਾ ਪਾਣੀ ਇਸ ਟ੍ਰੀਟਮੈਂਟ ਪਲਾਟ ਰਾਹੀਂ ਹੋ ਕੇ ਅੱਗੇ ਜਾਣ ਨਹੀਂ ਲੱਗਾ। ਪਤਾ ਲੱਗਾ ਹੈ ਕਿ ਇਸ ਟ੍ਰੀਟਮੈਂਟ ਪਲਾਟ ਦਾ ਠੇਕਾ ਦਿੱਲੀ ਦੀ ਇਕ ਕੰਪਨੀ ਨੂੰ ਦਿੱਤਾ ਗਿਆ ਹੈ, ਜਿਸ ਵੱਲੋਂ ਇਸ ਦੀ ਦੇਖ-ਰੇਖ ਕੀਤੀ ਜਾ ਰਹੀ ਹੈ।
ਪਲਾਟ ’ਚ ਕੰਮ ਕਰਦੇ ਮੁਲਾਜ਼ਮਾ ਨੇ ਵੀ ਸਪਸ਼ਟ ਕੀਤਾ ਕਿ ਇਸ ਪਾਸੇ ਹਾਲੇ ਤੱਕ ਅੱਧੇ ਸ਼ਹਿਰ ਦਾ ਪਾਣੀ ਵੀ ਨਹੀਂ ਆਉਦਾ ਪਰ ਜਿੰਨਾ ਪਾਣੀ ਟ੍ਰੀਟ ਹੋ ਕੇ ਅੱਗੇ ਜਾਂਦਾ ਹੈ ਕਿ ਉਹ ਸਾਫ ਹੋਣ ਕਰਕੇ ਕਿਸਾਨਾਂ ਦੇ ਖੇਤਾਂ ’ਚ ਫਸਲਾਂ ਨੂੰ ਲੱਗ ਰਿਹਾ ਹੈ। ਸ਼ਹਿਰ ਦੇ ਸੰਧੂਆਂ ਰੋਡ ਤੋਂ ਲੰਘਦੀ ਡਰੇਨ ’ਚ ਪੈ ਰਹੇ ਸ਼ਹਿਰ ਦੇ ਗੰਦੇ ਪਾਣੀ ਦੀ ਸਡ਼ਿਆਦ ਨੇ ਨੇਡ਼ੇ ਰਹਿਣ ਅਤੇ ਲੰਘਣ ਵਾਲੇ ਲੋਕਾਂ ਦੇ ‘ਨੱਕ ’ਚ ਦਮ’ ਕਰਕੇ ਰੱਖ ਦਿੱਤਾ ਹੈ। ਨੇਡ਼ਿਓ ਲੰਘ ਰਹੇ ਇਕ ਕਿਸਾਨ ਸੁਰਜੀਤ ਸਿੰਘ ਦਾ ਕਹਿਣਾ ਸੀ ਕਿ ਬਰਸਾਤੀ ਨਾਲਿਆਂ ’ਚ ਪੈ ਰਹੇ ਗੰਦੇ ਪਾਣੀ ਨੇ ਬਰਸਾਤੀ ਨਾਲਿਆਂ ਦੀ ਹੋਂਦ ਤਾਂ ਵਿਗਾਡ਼ੀ ਹੀ ਹੈ ਸਗੋਂ ਇਨ੍ਹਾਂ ’ਚ ਪੈ ਰਹੇ ਗੰਦੇ ਪਾਣੀ ਨੇ ਪ੍ਰਦੂਸ਼ਣ ਅਤੇ ਬਿਮਾਰੀਆਂ ਨੂੰ ਵੀ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜ਼ਾਦੀ ਦੇ 7 ਦਹਾਕਿਆਂ ਤੋਂ ਵੀ ਵੱਧ ਸਮੇਂ ਦੌਰਾਨ ਸਮੇਂ ਦੀਆਂ ਹਕੂੁਮਤਾਂ ਦੀ ਇਹ ਅਣਗਹਿਲੀ ਹੀ ਕਹੀ ਜਾ ਸਕਦੀ ਹੈ ਹਾਲੇ ਤੱਕ ਪਿੰਡਾਂ ਅਤੇ ਇਥੋਂ ਤੱਕ ਵੱਡੇ ਸ਼ਹਿਰਾਂ ’ਚ ਵੀ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਨਹੀਂ ਹੋ ਸਕਿਆ। ਉਨ੍ਹਾਂ ਆਖਿਆ ਕਿ ਮੋਗਾ ਸ਼ਹਿਰ ਦੇ ਨਿਗਮ ਨੂੰ ਸਾਰੇ ਇਲਾਕਿਆਂ ਦਾ ਗੰਦਾ ਪਾਣੀ ਟ੍ਰੀਟਮੈਂਟ ਪਲਾਟ ਨਾਲ ਜੋਡ਼ ਕੇ ਇਸ ਸਾਫ ਕਰਕੇ ਅੱਗੇ ਭੇਜਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਦੂਜੇ ਪਾਸੇ ਜਦੋਂ ਇਸ ਮਾਮਲੇ ’ਚ ਨਗਰ ਨਿਗਮ ਮੋਗਾ ਦੇ ਮੇਅਰ ਅਕਸ਼ਿਤ ਜੈਨ ਦਾ ਪੱਖ ਜਾਨਣ ਲਈ ਵਾਰ- ਵਾਰ ਫੋਨ ਕੀਤਾ ਗਿਆ ਤਾਂ ਉਨ੍ਹਾਂ ਦਾ ਫੋਨ ਲਗਾਤਾਰ ਬੰਦ ਹੋਣ ਕਰਕੇ ਸੰਪਰਕ ਸਥਾਪਿਤ ਨਹੀਂ ਹੋ ਸਕਿਆ।
ਕੇ.ਐੱਲ. ਰਾਹੁਲ ਨੂੰ ਪਿੱਛੇ ਛੱਡ ਵਿਲੀਅਮਸਨ ਨੇ ਆਪਣੇ ਨਾਂ ਕੀਤਾ ਇਹ ਰਿਕਾਰਡ
NEXT STORY