ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਸਬਜ਼ੀ ਮੰਡੀ ਅਤੇ ਅਨਾਜ ਮੰਡੀ ਕਈ ਬੁਨਿਆਦੀ ਸਹੂਲਤਾਂ ਤੋਂ ਵਾਂਝੀ ਹੈ। ਜਗ੍ਹਾ-ਜਗ੍ਹਾ ’ਤੇ ਕੂਡ਼ੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਮੰਡੀ ’ਚ ਬਾਥਰੂਮ ਟੁੱਟੇ ਪਏ ਹਨ, ਜੋ ਕਿ ਸਵੱਛ ਭਾਰਤ ਮੁਹਿੰਮ ਦੀਆਂ ਧੱਜੀਆਂ ਉਡਾ ਰਹੇ ਹਨ। ਇੰਨਾ ਹੀ ਨਹੀਂ ਰੇਹਡ਼ੀ ਯੂਨੀਅਨ ਨੇ ਮਾਰਕੀਟ ਕਮੇਟੀ ਦੇ ਕਰਮਚਾਰੀਆਂ ’ਤੇ ਕਈ ਅਣਗਹਿਲੀਆਂ ਵਰਤਣ ਦੇ ਕÎਥਿਤ ਤੌਰ ’ਤੇ ਦੋਸ਼ ਵੀ ਲਾਏ ਹਨ। ਦੂਜੇ ਪਾਸੇ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਅਤੇ ਕੰਟੀਨ ਠੇਕੇਦਾਰ ਵੱਲੋਂ ਸਬਜ਼ੀ ਮੰਡੀ ’ਚ ਚਾਹ ਦੀਅਾਂ ਰੇਹਡ਼ੀਅਾਂ ਲਾਉਣ ਵਾਲਿਆਂ ਨੂੰ ਬਾਹਰ ਕੱਢਣ ਦੇ ਮਾਮਲੇ ਨੇ ਤੂਲ ਫਡ਼ ਲਿਆ ਹੈ ਅਤੇ ਪੂਰੀ ਸਬਜ਼ੀ ਮੰਡੀ ਰੇਹਡ਼ੀ ਯੂਨੀਅਨ ਉਨ੍ਹਾਂ ਦੇ ਹੱਕ ’ਚ ਆ ਖਡ਼੍ਹੀ ਹੈ। ਸਬਜ਼ੀ ਰੇਹਡ਼ੀ ਯੂਨੀਅਨ ਨੇ ਇਕੱਠੇ ਹੋ ਕੇ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਅਤੇ ਕੰਟੀਨ ਠੇਕੇਦਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਠੇਕੇਦਾਰ ’ਤੇ ਕਥਿਤ ਨਾਜਾਇਜ਼ ਤੌਰ ’ਤੇ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਦੀ ਸ਼ਹਿ ’ਤੇ ਪੈਸਿਆਂ ਦੀ ਵਸੂਲੀ ਕਰਨ ਦਾ ਵੀ ਦੋਸ਼ ਲਾਇਆ।
ਬੇਰੋਜ਼ਗਾਰੀ ਕਾਰਨ ਖੁਦਕੁਸ਼ੀ ਕਰਨ ਨੂੰ ਕਰਦੈ ਦਿਲ
ਚਾਹ ਦੀ ਰੇਹਡ਼ੀ ਲਾਉਣ ਵਾਲੇ ਸੰਤੋਖ ਕੁਮਾਰ ਨੇ ਕਿਹਾ ਕਿ ਮੈਂ ਸਬਜ਼ੀ ਮੰਡੀ ’ਚ ਚਾਹ ਦੀ ਰੇਹਡ਼ੀ ਲਾਉਂਦਾ ਸੀ ਅਤੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਸੀ ਪਰ ਹੁਣ ਮੈਨੂੰ ਚਾਹ ਦੀ ਰੇਹਡ਼ੀ ਲਾਉਣ ਤੋਂ ਰੋਕ ਦਿੱਤਾ ਗਿਆ ਹੈ। ਹੁਣ ਮੈਂ ਸਬਜ਼ੀ ਮੰਡੀ ਤੋਂ ਬਾਹਰ ਚਾਹ ਦੀ ਰੇਹਡ਼ੀ ਲਾ ਰਿਹਾ ਹਾਂ। ਇਥੇ ਕੋਈ ਵੀ ਗਾਹਕ ਨਹੀਂ ਆ ਰਿਹਾ, ਜਿਸ ਕਾਰਨ ਮੈਂ ਬੇਰੋਜ਼ਗਾਰ ਹੋ ਗਿਆ ਹਾਂ। ਪਰਿਵਾਰ ਭੁੱਖਾ ਮਰਨ ਲਈ ਮਜਬੂਰ ਹੋ ਰਿਹਾ ਹੈ, ਜਿਸ ਕਰਕੇ ਮੇਰਾ ਖੁਦਕੁਸ਼ੀ ਕਰਨ ਦਾ ਦਿਲ ਕਰਦਾ ਹੈ। ਇਸੇ ਤਰ੍ਹਾਂ ਨਾਲ ਰੇਹਡ਼ੀ ਲਾਉਣ ਵਾਲੇ ਪੱਪੂ ਚਾਂਦ, ਸ਼ੀਸ਼ ਰਾਮ, ਨਰੇਸ਼ ਕੁਮਾਰ ਆਦਿ ਨੇ ਕਿਹਾ ਕਿ ਅਸੀਂ ਵੀ ਬੇਰੋਜ਼ਗਾਰ ਹੋ ਗਏ ਹਾਂ।
50 ਪਰਿਵਾਰਾਂ ਦੇ ਪੇਟ ’ਤੇ ਵੱਜੀ ਲੱਤ, ਮਾਮਲਾ ਲਿਜਾਵਾਂਗੇ ਹਾਈਕੋਰਟ ’ਚ : ਪ੍ਰਧਾਨ ਰੇਹਡ਼ੀ ਯੂਨੀਅਨ
ਰੇਹਡ਼ੀ ਯੂਨੀਅਨ ਦੇ ਪ੍ਰਧਾਨ ਬਲਕਾਰ ਸਿੰਘ ਨੇ ਕਿਹਾ ਕਿ ਸਬਜ਼ੀ ਮੰਡੀ ’ਚ 50 ਦੇ ਕਰੀਬ ਰੇਹਡ਼ੀ ਵਾਲੇ ਰੇਹਡ਼ੀਆਂ ਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਸਨ, ਜਿਨ੍ਹਾਂ ਨੂੰ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਅਤੇ ਕੰਟੀਨ ਠੇਕੇਦਾਰ ਨੇ ਨਾਜਾਇਜ਼ ਤੌਰ ’ਤੇ ਬਾਹਰ ਕੱਢ ਦਿੱਤਾ ਹੈ। ਜਦੋਂਕਿ ਇੱਥੇ ਕਥਿਤ ਤੌਰ ’ਤੇ ਮੰਡੀ ’ਚ ਹੋਰ ਵੀ ਕਈ ਘਪਲੇਬਾਜ਼ੀਆਂ ਹੁੰਦੀਆਂ ਹਨ। ਮਾਰਕੀਟ ਕਮੇਟੀ ਦੇ ਕਰਮਚਾਰੀ ਉਨ੍ਹਾਂ ਕਥਿਤ ਘਪਲੇਬਾਜ਼ੀਆਂ ਸਬੰਧੀ ਅੱਖਾਂ ਬੰਦ ਕਰੀ ਬੈਠੇ ਹਨ। 50 ਪਰਿਵਾਰਾਂ ਦੇ ਪੇਟ ’ਤੇ ਲੱਤ ਵੱਜਣ ਕਾਰਨ ਸਾਨੂੰ ਬਹੁਤ ਦੁੱਖ ਹੋ ਰਿਹਾ ਹੈ। ਇਸ ਕਾਰਨ ਅਸੀਂ ਇਨ੍ਹਾਂ ਦੇ ਹੱਕ ’ਚ ਖਡ਼੍ਹੇ ਹੋਏ ਹਾਂ ਅਤੇ ਇਸ ਮਾਮਲੇ ਨੂੰ ਹਾਈਕੋਰਟ ’ਚ ਲਿਜਾਵਾਂਗੇ।
ਗਰੀਬ ਰੇਹੜੀ ਵਾਲੇ ਨੇ ਐੱਸ. ਐੱਸ. ਪੀ. ਕੋਲ ਕੀਤੀ ਫਰਿਆਦ
ਚਾਹ ਦੀ ਰੇਹਡ਼ੀ ਲਾਉਣ ਵਾਲੇ ਮੁਹੰਮਦ ਰਕੀਮ ਨੇ ਐੱਸ.ਐੱਸ.ਪੀ. ਬਰਨਾਲਾ ਨੂੰ ਹਲਫ਼ੀਆ ਬਿਆਨ ਦੇ ਕੇ ਕੰਟੀਨ ਠੇਕੇਦਾਰ ਵੱਲੋਂ 200 ਰੁਪਏ ਪ੍ਰਤੀ ਦਿਨ ਨਾਜਾਇਜ਼ ਵਸੂਲੀ ਦੇਣ ਦਾ ਦੋਸ਼ ਲਾਇਆ ਹੈ। ਉਸ ਨੇ ਕਿਹਾ ਕਿ ਮੈਂ ਸਬਜ਼ੀ ਮੰਡੀ ’ਚ ਰੇਹਡ਼ੀ ਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹਾਂ। ਮੇਰੇ ਛੋਟੀਆਂ-ਛੋਟੀਆਂ 4 ਲਡ਼ਕੀਆਂ ਹਨ। ਬਡ਼ੀ ਮੁਸ਼ਕਲ ਨਾਲ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਪਰ ਠੇਕੇਦਾਰ ਨੇ ਮੇਰੀ ਰੇਹਡ਼ੀ ਉਥੋਂ ਚੁੱਕਵਾ ਦਿੱਤੀ ਹੈ।
ਵਾਲ ਕੱਟਣ ਦਾ ਕੰਮ ਕਰਦਾਂ, ਫਿਰ ਵੀ ਵਸੂਲਿਆ ਗੁੰਡਾ ਟੈਕਸ
ਸਬਜ਼ੀ ਮੰਡੀ ’ਚ ਵਾਲ ਆਦਿ ਕੱਟਣ ਦਾ ਕੰਮ ਕਰਨ ਵਾਲੇ ਹਰੇ ਰਾਮ ਨੇ ਕਿਹਾ ਕਿ ਮੇਰੇ ਕੋਲੋਂ ਵੀ ਧੱਕੇ ਨਾਲ ਗੁੰਡਾ ਟੈਕਸ ਵਸੂਲਿਆ ਗਿਆ ਹੈ। ਜਦੋਂਕਿ ਠੇਕੇਦਾਰ ਨੂੰ ਸਿਰਫ਼ ਕੰਟੀਨ ਦਾ ਠੇਕਾ ਹੀ ਮਿਲਿਆ ਹੈ। ਮੇਰੀ 40 ਰੁ. ਦੀ ਪਰਚੀ ਧੱਕੇ ਨਾਲ ਕੱਟ ਦਿੱਤੀ ਅਤੇ ਪੈਸੇ ਲੈ ਲਏ। ਪ੍ਰਸ਼ਾਸਨ ਨੂੰ ਇਸ ਸੰਬੰਧੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
108 ਐਂਬੂਲੈਂਸ ਦਾ ਜ਼ਖ਼ਮੀਆਂ ਤੇ ਮਰੀਜ਼ਾਂ ਨੂੰ ਨਹੀਂ ਮਿਲ ਰਿਹੈ ਯੋਗ ਲਾਭ
NEXT STORY