ਅੰਮ੍ਰਿਤਸਰ, (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਦਾ ਦਿਲ ਕਠੋਰ ਹੋ ਗਿਆ ਹੈ। ਗਰਭਵਤੀ ਔਰਤ ਹਸਪਤਾਲ ਦੇ ਬਾਹਰ ਇਲਾਜ ਲਈ ਤੜਫਦੀ ਰਹੀ ਪਰ ਕਿਸੇ ਵੀ ਡਾਕਟਰ ਨੇ ਤਰਸ ਖਾ ਕੇ ਉਸ ਨੂੰ ਦਾਖਲ ਨਹੀਂ ਕੀਤਾ। ਮੀਡੀਆ ਦੀ ਦਖਲ-ਅੰਦਾਜ਼ੀ ਤੋਂ ਬਾਅਦ ਗਰਭਵਤੀ ਨੂੰ ਦਾਖਲ ਤਾਂ ਕਰ ਲਿਆ ਗਿਆ ਪਰ ਲੇਬਰ ਰੂਮ ਵਿਚ ਉਸ ਨੇ ਮਰੇ ਬੱਚੇ ਨੂੰ ਜਨਮ ਦਿੱਤਾ। ਛੇਦਾ ਲਾਲ ਵਾਸੀ ਪ੍ਰੋਫੈਸਰ ਕਾਲੋਨੀ ਨੇ ਦੱਸਿਆ ਕਿ ਉਹ ਪਿਛੋਕੜ ਤੋਂ ਉੱਤਰ ਪ੍ਰਦੇਸ਼ ਦੇ ਬਾਰਾਂਬਕੀ ਜ਼ਿਲੇ ਦੇ ਪੈਗਬਰਪੁਰਾ ਦਾ ਰਹਿਣ ਵਾਲਾ ਹੈ, ਉਸ ਦੀ 45 ਸਾਲ ਦੀ ਪਤਨੀ ਰਾਜ ਕੁਮਾਰੀ ਗਰਭਵਤੀ ਸੀ, ਜਿਸ ਦਾ ਉਹ ਰਣਜੀਤ ਐਵੀਨਿਊ ਸਥਿਤ ਸੈਟੇਲਾਈਟ ਹਸਪਤਾਲ ਤੋਂ ਇਲਾਜ ਕਰਵਾ ਰਿਹਾ ਸੀ।
16 ਮਈ ਨੂੰ ਸੈਟੇਲਾਈਟ ਹਸਪਤਾਲ ਦੇ ਡਾਕਟਰਾਂ ਨੇ ਜਾਂਚ ਦੌਰਾਨ ਕਿਹਾ ਕਿ ਰਾਜ ਕੁਮਾਰੀ ਦੀ ਕੁੱਖ ਵਿਚ ਬੱਚੇ ਦੀ ਮੂਵਮੈਂਟ ਘੱਟ ਹੈ, ਇਸ ਲਈ ਇਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਲੈ ਜਾਓ। ਉਸੇ ਦਿਨ ਉਹ ਰਾਜ ਕੁਮਾਰੀ ਨੂੰ ਲੈ ਕੇ ਗੁਰੂ ਨਾਨਕ ਦੇਵ ਹਸਪਤਾਲ ਪਹੁੰਚ ਗਏ। ਗਾਇਨੀ ਡਾਕਟਰ ਨੇ ਜਾਂਚ ਕਰਨ ਤੋਂ ਬਾਅਦ 6 ਹਜ਼ਾਰ ਰੁਪਏ ਮੰਗੇ। ਡਾਕਟਰ ਦਾ ਕਹਿਣਾ ਸੀ ਕਿ ਇਹ ਰਾਸ਼ੀ ਉਸ ਦੇ ਇਲਾਜ ਵਿਚ ਵਰਤੋਂ ਹੋਣ ਵਾਲੀਆਂ ਦਵਾਈਆਂ ਤੇ ਸਰਜੀਕਲ ਸਾਮਾਨ 'ਤੇ ਖਰਚ ਹੋਵੇਗੀ। ਛੇਦਾ ਲਾਲ ਅਨੁਸਾਰ ਉਹ ਦਿਹਾੜੀਦਾਰ ਹੈ ਤੇ ਉਸ ਦੀ ਜੇਬ ਵਿਚ ਇਕ ਪੈਸਾ ਵੀ ਨਹੀਂ ਸੀ। ਪੈਸੇ ਨਾ ਦੇਣ ਕਾਰਨ ਡਾਕਟਰਾਂ ਨੇ ਇਲਾਜ ਕਰਨ ਤੋਂ ਸਪੱਸ਼ਟ ਮਨ੍ਹਾ ਕਰ ਦਿੱਤਾ। ਸ਼ਨੀਵਾਰ ਨੂੰ ਰਾਜ ਕੁਮਾਰ ਦੀ ਤਬੀਅਤ ਅਚਾਨਕ ਵਿਗੜ ਗਈ, ਉਸ ਨੂੰ ਪੇਟ ਵਿਚ ਦਰਦ ਹੋਣ ਲੱਗੀ, ਜਿਸ ਨੂੰ ਫਿਰ ਤੋਂ ਗੁਰੂ ਨਾਨਕ ਦੇਵ ਹਸਪਤਾਲ ਲੈ ਕੇ ਆਏ। ਇਥੇ ਡਾਕਟਰ ਨੇ ਪਹਿਲਾਂ ਅਲਟਰਾਸਾਊਂਡ ਕਰਵਾਉਣ ਨੂੰ ਕਿਹਾ, ਜਿਸ ਤੋਂ ਬਾਅਦ ਰਿਪੋਰਟ ਲੈ ਕੇ ਉਹ ਡਾਕਟਰ ਕੋਲ ਪੁੱਜਾ।
ਡਾਕਟਰ ਨੇ ਰਿਪੋਰਟ ਦੇਖ ਕੇ ਕਿਹਾ ਕਿ ਬੱਚਾ ਕੁੱਖ ਵਿਚ ਹੀ ਖਤਮ ਹੋ ਚੁੱਕਾ ਹੈ। ਇਹ ਸੁਣ ਕੇ ਉਹ ਤੇ ਉਸ ਦੀ ਪਤਨੀ ਰੋਣ ਲੱਗ ਪਏ। ਕੁਝ ਸਾਲ ਪਹਿਲਾਂ ਵੀ ਰਾਜ ਕੁਮਾਰੀ ਨਾਲ ਅਜਿਹਾ ਹੀ ਹਾਦਸਾ ਹੋਇਆ ਸੀ। ਬੱਚੇ ਦੇ ਜਨਮ ਤੋਂ 10 ਮਿੰਟ ਬਾਅਦ ਹੀ ਉਹ ਚੱਲ ਵਸਿਆ ਸੀ। ਖੈਰ, ਡਾਕਟਰ ਨੇ ਕਿਹਾ ਕਿ ਉਹ 5 ਹਜ਼ਾਰ ਰੁਪਏ ਜਮ੍ਹਾ ਕਰਵਾ ਦੇਣ। ਮ੍ਰਿਤਕ ਬੱਚੇ ਨੂੰ ਕੁੱਖ 'ਚੋਂ ਕੱਢ ਲਿਆ ਜਾਵੇਗਾ। ਛੇਦਾ ਲਾਲ ਅਨੁਸਾਰ ਉਸ ਨੇ ਪੈਸੇ ਨਾ ਹੋਣ ਦਾ ਹਵਾਲਾ ਦਿੱਤਾ ਤਾਂ ਡਾਕਟਰ ਨੇ ਕਿਹਾ ਕਿ ਇਸ ਦਾ ਇਲਾਜ ਅਸੀਂ ਨਹੀਂ ਕਰਾਂਗੇ, ਇਸ ਨੂੰ ਕਿਤੇ ਹੋਰ ਲੈ ਜਾਓ। ਮੀਡੀਆ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਉਹ ਮੌਕੇ 'ਤੇ ਪਹੁੰਚਿਆ ਅਤੇ ਸਮਾਜ ਸੇਵਕ ਰਜਿੰਦਰ ਸ਼ਰਮਾ ਰਾਜੂ ਦੀ ਮਦਦ ਨਾਲ ਗਰਭਵਤੀ ਨੂੰ ਲੇਬਰ ਰੂਮ ਤੱਕ ਪਹੁੰਚਾਇਆ, ਜਿਥੇ ਰਾਜ ਕੁਮਾਰੀ ਨੇ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ।
ਦੂਸਰੇ ਪਾਸੇ ਰਜਿੰਦਰ ਸ਼ਰਮਾ ਰਾਜੂ ਨੇ ਕਿਹਾ ਕਿ ਡਾਕਟਰਾਂ ਦਾ ਦਿਲ ਕਠੋਰ ਹੋ ਗਿਆ ਹੈ। ਸਰਕਾਰ ਗਰਭਵਤੀ ਔਰਤਾਂ ਦੇ ਮੁਫਤ ਇਲਾਜ ਕਰਵਾਉਣ ਦੇ ਦਾਅਵੇ ਤਾਂ ਕਰਦੀ ਹੈ ਪਰ ਇਹ ਦਾਅਵੇ ਫੋਕੇ ਸਾਬਿਤ ਹੋ ਰਹੇ ਹਨ। ਗਾਇਨੀ ਵਿਭਾਗ ਦੀ ਹੈੱਡ ਅਤੇ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਹੈ, ਉਨ੍ਹਾਂ ਅਧੀਨ ਚੱਲਣ ਵਾਲੇ ਵਿਭਾਗ ਵਿਚ ਹੀ ਮਰੀਜ਼ਾਂ ਨਾਲ ਸ਼ੋਸ਼ਣ ਹੋ ਰਿਹਾ ਹੈ। ਉਹ ਬਾਕੀ ਵਿਭਾਗਾਂ ਵਿਚ ਕਿਥੋਂ ਸੁਧਾਰ ਲਿਆਉਣਗੇ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਮਰੀਜ਼ਾਂ ਦਾ ਸ਼ੋਸ਼ਣ ਕਰਨ ਵਾਲੇ ਡਾਕਟਰਾਂ ਤੇ ਅਜਿਹੇ ਢਿੱਲਮੱਠ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਜ਼ਿੰਮੇਵਾਰੀ ਵਾਲੇ ਅਹੁਦਿਆਂ ਤੋਂ ਹਟਾ ਦੇਣਾ ਚਾਹੀਦਾ ਹੈ। ਉਧਰ ਦੂਜੇ ਪਾਸੇ ਮੈਡੀਕਲ ਕਾਲਜ ਦੀ ਪ੍ਰਿੰ. ਡਾ. ਸੁਜਾਤਾ ਸ਼ਰਮਾ ਨਾਲ ਫੋਨ 'ਤੇ ਕਈ ਵਾਰ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
ਝਗਡ਼ਿਆਂ ’ਚ 1 ਲੜਕੀ ਸਣੇ 2 ਜ਼ਖਮੀ
NEXT STORY