ਅੰਮ੍ਰਿਤਸਰ, (ਛੀਨਾ)- ਜਹਾਜ਼ਗੜ੍ਹ੍ਹ ਦੀਆਂ ਸੜਕਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਤੋਂ ਖਫਾ ਟਰਾਂਸਪੋਰਟਰਾਂ ਤੇ ਕਬਾੜੀਆਂ ਨੇ ਅੱਜ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ 15 ਦਿਨਾਂ 'ਚ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਨਾ ਹਟਾਇਆ ਗਿਆ ਤਾਂ ਉਹ ਆਪਣੀਆਂ ਟਰਾਂਸਪੋਰਟਾਂ ਤੇ ਦੁਕਾਨਾਂ ਨੂੰ ਤਾਲੇ ਲਾ ਕੇ ਚਾਬੀਆਂ ਪ੍ਰਸ਼ਾਸਨ ਹੱਥ ਸੌਂਪ ਦੇਣਗੇ। ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਪਵਨ ਕੁਮਾਰ ਜੈਪੁਰ ਗੋਲਡਨ ਟਰਾਂਸਪੋਰਟ, ਸੰਨੀ ਖੋਸਲਾ ਕਰਤਾਰ ਕਰੀਅਰ ਪ੍ਰਾਈਵੇਟ ਲਿਮ. ਤੇ ਅਜੇ ਕੁਮਾਰ ਦਿ ਪੰਜਾਬ ਟਰਾਂਸਪੋਰਟ ਕੰਪਨੀ ਵਾਲਿਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਜਹਾਜ਼ਗੜ੍ਹ ਦੀ ਮੇਨ ਸੜਕ ਆਵਾਜਾਈ ਲਈ 100 ਫੁੱਟ ਚੌੜੀ ਹੈ ਤੇ ਪਿਛਲੇ ਪਾਸੇ ਟਰਾਂਸਪੋਰਟ ਵਾਲੀ ਸੜਕ 90 ਫੁੱਟ ਤੇ ਕਬਾੜੀਆਂ ਵਾਲੀ ਸੜਕ 40 ਫੁੱਟ ਚੌੜੀ ਹੈ ਪਰ ਇਨ੍ਹਾਂ ਸੜਕਾਂ 'ਤੇ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ੇ ਕਰ ਕੇ ਲੋਕਾਂ ਲਈ ਲੰਘਣਾ ਔਖਾ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮੇਨ ਬਾਜ਼ਾਰ ਦੀ ਸੜਕ ਦਾ ਰਸਤਾ ਸਿਰਫ 15-20 ਫੁੱਟ ਦੇ ਕਰੀਬ ਰਹਿ ਗਿਆ ਹੈ, ਜਦਕਿ ਟਰਾਂਸਪੋਰਟ ਵਾਲੀ ਸਾਈਡ ਦਾ ਰਸਤਾ ਤਾਂ ਕਬਾੜ ਦਾ ਸਾਮਾਨ ਰੱਖ ਕੇ ਬੰਦ ਹੀ ਕਰ ਦਿੱਤਾ ਗਿਆ ਹੈ ਤੇ ਕਬਾੜੀਆਂ ਵਾਲੀ ਸਾਈਡ ਵੀ ਸਿਰਫ ਆਵਾਜਾਈ ਲਈ 10 ਕੁ ਫੁੱਟ ਦਾ ਹੀ ਰਸਤਾ ਰਹਿ ਗਿਆ ਹੈ। ਜਹਾਜ਼ਗੜ੍ਹ ਦੀਆਂ ਸੜਕਾਂ 'ਤੇ ਨਾਜਾਇਜ਼ ਕਬਜ਼ੇ ਹੋਣ ਕਾਰਨ ਇਥੇ ਹਰ ਵੇਲੇ ਜਾਮ ਲੱਗਾ ਰਹਿੰਦਾ ਹੈ, ਜਿਸ ਕਾਰਨ ਟਰਾਂਸਪੋਰਟਰਾਂ ਤੇ ਪਿਛਲੀ ਸਾਈਡ ਵਾਲੇ ਕਬਾੜੀਆਂ ਦਾ ਤਾਂ ਕਾਰੋਬਾਰ ਠੱਪ ਹੋਣ ਕੰਢੇ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਜਹਾਜ਼ਗੜ੍ਹ 'ਚ ਜੇਕਰ ਅੱਗ ਲੱਗਣ ਦੀ ਘਟਨਾ ਵਾਪਰ ਜਾਵੇ ਤਾਂ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਨਾਜਾਇਜ਼ ਕਬਜ਼ਿਆਂ ਕਾਰਨ ਸਮੇਂ ਸਿਰ ਨਹੀਂ ਪੁੱਜ ਸਕਦੀਆਂ, ਜਿਸ ਕਾਰਨ ਅੱਗ ਦੀਆਂ ਘਟਨਾਵਾਂ ਨਾਲ ਪਹਿਲਾਂ ਵੀ ਭਾਰੀ ਨੁਕਸਾਨ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਕੁਝ ਦੁਕਾਨਦਾਰ ਸਿਰਫ ਆਪਣੇ ਸਵਾਰਥ ਨੂੰ ਮੁੱਖ ਰੱਖਦੇ ਹੋਏ ਜਿਥੇ ਬਾਕੀ ਦੁਕਾਨਦਾਰਾਂ ਤੇ ਟਰਾਂਸਪੋਰਟਰਾਂ ਦੇ ਕਾਰੋਬਾਰ ਨੂੰ ਢਾਅ ਲਾ ਰਹੇ ਹਨ, ਉਥੇ ਉਹ ਰਾਹਗੀਰਾਂ ਲਈ ਪ੍ਰੇਸ਼ਾਨੀ ਖੜ੍ਹੀ ਕਰਨ ਦੇ ਨਾਲ-ਨਾਲ ਇਲਾਕੇ ਦੇ ਦੁਕਾਨਦਾਰਾਂ ਦੀ ਜਾਨ ਵੀ ਜੋਖਮ 'ਚ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜਹਾਜ਼ਗੜ੍ਹ ਦੀਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਹੁਣ ਤੱਕ ਕਈ ਵਾਰ ਇੰਪਰੂਵਮੈਂਟ ਟਰੱਸਟ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਫਰਿਆਦਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਸਿਰਫ 1-2 ਵਾਰ ਖਾਨਾਪੂਰਤੀ ਵਾਲੀ ਹੀ ਕਾਰਵਾਈ ਕੀਤੀ ਗਈ ਹੈ, ਜਿਸ ਕਾਰਨ ਅੱਜ ਵੀ ਨਾਜਾਇਜ਼ ਕਬਜ਼ਿਆਂ ਵਾਲੀ ਸਥਿਤ ਜਿਉਂ ਦੀ ਤਿਉਂ ਹੀ ਬਰਕਰਾਰ ਹੈ।
ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਪਵਨ ਕੁਮਾਰ, ਸੰਨੀ ਖੋਸਲਾ, ਅਜੇ ਕੁਮਾਰ, ਸਤੀਸ਼ ਕੁਮਾਰ, ਰਾਜੂ ਅਰੋੜਾ ਚੈਂਪੀਅਨ, ਜਸਬੀਰ ਸਿੰਘ ਕਬਾੜੀਆ ਤੇ ਅਜੇ ਕਬਾੜੀਆ ਸਮੇਤ ਵੱਡੀ ਗਿਣਤੀ 'ਚ ਟਰਾਂਸਪੋਰਟਰਾਂ ਤੇ ਦੁਕਾਨਦਾਰਾਂ ਨੇ ਸਾਂਝੇ ਤੌਰ 'ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜ਼ਿਲਾ ਪ੍ਰਸ਼ਾਸਨ ਨੇ ਜਹਾਜ਼ਗੜ੍ਹ ਦੀਆਂ ਸੜਕਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ 15 ਦਿਨਾਂ 'ਚ ਨਾ ਹਟਾਇਆ ਤਾਂ ਉਹ ਆਪਣੀਆਂ ਟਰਾਂਸਪੋਰਟਾਂ ਤੇ ਦੁਕਾਨਾਂ ਨੂੰ ਤਾਲੇ ਲਾ ਕੇ ਚਾਬੀਆਂ ਪ੍ਰਸ਼ਾਸਨ ਹੱਥ ਸੌਂਪ ਦੇਣਗੇ ਕਿਉਂਕਿ ਨਾਜਾਇਜ਼ ਕਬਜ਼ਿਆਂ ਕਾਰਨ ਉਨ੍ਹਾਂ ਦੇ ਤਾਂ ਪਹਿਲਾਂ ਹੀ ਕਾਰੋਬਾਰ ਬੰਦ ਹੋਣ ਕੰਢੇ ਪੁੱਜ ਚੁੱਕੇ ਹਨ।
1.3 ਲੱਖ ਕਰੋੜ ਰੁਪਏ ਵਧਿਆ ਬੈਂਕਾਂ ਦਾ ਕੁਲ NPA
NEXT STORY