ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਪੁਲਾੜ ਯਾਤਰੀ ਕਲਪਨਾ ਚਾਵਲਾ ਦੀ ਪ੍ਰਸ਼ੰਸਾ ਕਰਦਿਆਂ ਉਸ ਨੂੰ 'ਅਮਰੀਕੀ ਹੀਰੋ' ਦੱਸਿਆ ਹੈ। ਟਰੰਪ ਨੇ ਕਿਹਾ ਕਿ ਕਲਪਨਾ ਚਾਵਲਾ ਪੁਲਾੜ ਵਿਚ ਉਡਾਣ ਭਰਨ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਸੀ ਅਤੇ ਸਪੇਸ ਸ਼ਟਲ ਪ੍ਰੋਗਰਾਮ ਪ੍ਰਤੀ ਆਪਣੇ ਸਮਰਪਣ ਲਈ ਉਹ 'ਅਮਰੀਕੀ ਹੀਰੋ' ਬਣ ਗਈ। ਟਰੰਪ ਨੇ ਕਿਹਾ ਕਿ ਕਲਪਨਾ ਨੇ ਆਪਣੇ ਜੀਵਨ ਨਾਲ ਲੱਖਾਂ ਲੜਕੀਆਂ ਨੂੰ ਪੁਲਾੜ ਯਾਤਰੀ ਬਨਣ ਲਈ ਪ੍ਰੇਰਿਤ ਕੀਤਾ ਹੈ। ਟਰੰਪ ਦਾ ਇਹ ਬਿਆਨ ਕੱਲ ਉਸ ਸਮੇਂ ਆਇਆ, ਜਦੋਂ ਉਨ੍ਹਾਂ ਨੇ ਮਈ ਮਹੀਨੇ ਨੂੰ 'ਏਸ਼ੀਅਨ/ਅਮਰੀਕੀ ਐਂਡ ਪੈਸੀਫਿਕ ਆਈਜ਼ਲੈਂਡਰ ਹੈਰੀਟੇਜ ਮੰਥ' ਐਲਾਨ ਕਰਦੇ ਹੋਏ ਸੰਬੰਧਿਤ ਐਲਾਨ ਜਾਰੀ ਕੀਤਾ। ਅਮਰੀਕੀ ਕਾਂਗਰਸ ਨੇ ਵੀ ਸਾਲਾਨਾ ਤੌਰ 'ਤੇ ਮਈ ਮਹੀਨੇ ਨੂੰ ਏਸ਼ੀਅਨ/ਪੈਸੀਫਿਕ ਅਮਰੀਕੀ ਹੈਰੀਟੇਜ ਮੰਥ' ਦੇ ਰੂਪ ਵਿਚ ਨਾਮਜ਼ਦ ਕੀਤਾ ਹੈ।
ਟਰੰਪ ਨੇ ਅੱਗੇ ਕਿਹਾ ਕਿ ਕਲਪਨਾ ਚਾਵਲਾ ਦੀਆਂ ਉਪਲਬਧੀਆਂ ਲਈ ਕਾਂਗਰਸ ਨੇ ਕਲਪਨਾ ਦੇ ਮਰਨ ਤੋਂ ਬਾਅਦ ਉਸ ਨੂੰ ਕਾਂਗਰੇਸਨਲ ਸਪੇਸ ਮੈਡਲ ਨਾਲ ਸਨਮਾਨਿਤ ਕੀਤਾ। ਏਅਰੋਨੌਟਿਕਸ ਐਂਡ ਸਪੇਸ ਐਡਮਿਨਿਸਟਰੇਸ਼ਨ (ਨਾਸਾ) ਨੇ ਮਰਨ ਤੋਂ ਬਾਅਦ ਕਲਪਨਾ ਨੂੰ ਨਾਸਾ ਸਪੇਸ ਫਲਾਈਟ ਮੈਡਲ ਅਤੇ ਨਾਸਾ ਵਿਸ਼ੇਸ਼ ਸੇਵਾ ਮੈਡਲ ਦਿੱਤਾ। ਟਰੰਪ ਨੇ ਕਿਹਾ,''ਕਲਪਨਾ ਚਾਵਲਾ ਦਾ ਸਾਹਸ ਅਤੇ ਜਨੂੰਨ ਲੱਖਾਂ ਅਮਰੀਕੀਆਂ ਲੜਕੀਆਂ ਲਈ ਇਕ ਪ੍ਰੇਰਣਾ ਦੇ ਰੂਪ ਵਿਚ ਕੰਮ ਕਰਦਾ ਹੈ। ਜੋ ਇਕ ਦਿਨ ਸਪੇਸ ਯਾਤਰੀ ਬਨਣ ਦਾ ਸੁਪਨਾ ਦੇਖਦੀਆਂ ਹਨ।'' ਦੱਸਣਯੋਗ ਹੈ ਕਿ ਕਲਪਨਾ ਚਾਵਲਾ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਐਰੋਨੌਟਲ ਇੰਜੀਨੀਅਰਿੰਗ ਡਿਗਰੀ ਪੂਰੀ ਕੀਤੀ। ਉਸ ਦੇ ਬਾਅਦ ਸਾਲ 1982 ਵਿਚ ਮਾਸਟਰ ਡਿਗਰੀ ਲਈ ਉਹ ਯੂਨਾਈਟਿਡ ਸਟੇਟ ਗਈ। ਇੱਥੇ ਕਲਪਨਾ ਨੇ ਐਸੋਸਪੇਸ ਇੰਜੀਨੀਅਰਿੰਗ ਪੂਰੀ ਕੀਤੀ। ਸਾਲ 1988 ਵਿਚ ਕਲਪਨਾ ਨੇ ਨਾਸਾ ਵਿਚ ਕੰਮ ਸ਼ੁਰੂ ਕੀਤਾ ਅਤੇ ਸਾਲ 1997 ਵਿਚ ਪਹਿਲੀ ਵਾਰੀ ਸਪੇਸ ਵਿਚ ਉਡਾਣ ਭਰੀ ਸੀ। ਸਾਲ 2003 ਵਿਚ ਦੂਜੀ ਵਾਰੀ ਕਲਪਨਾ ਨੇ ਸਪੇਸ ਵਿਚ ਉਡਾਣ ਭਰੀ ਸੀ। ਉਹ ਸਾਲ 2003 ਵਿਚ ਕੋਲੰਬੀਆ ਸਪੇਸ ਸ਼ਟਲ ਹਾਦਸੇ ਵਿਚ ਮਾਰੇ ਗਏ 7 ਯਾਤਰੀਆਂ ਵਿਚੋਂ ਇਕ ਸੀ।
ਹੈਰੋਇਨ ਸਮੇਤ ਦੋ ਨੌਜਵਾਨ ਕਾਬੂ
NEXT STORY