ਵੈੱਬ ਡੈਸਕ- ਵਿਆਹ ਦੀਆਂ ਰਸਮਾਂ ਅਤੇ ਕਲੀਰੇ ਦਾ ਰਿਸ਼ਤਾ ਸਦੀਆਂ ਪੁਰਾਣਾ ਹੈ। ਹੁਣ ਉਹੀ ਰਵਾਇਤੀ ਕਲੀਰੇ ਨਵੇਂ-ਨਵੇਂ ਡਿਜ਼ਾਈਨ, ਸਟੋਨ ਅਤੇ ਪਰਲ ਦੇ ਨਾਲ ਬ੍ਰਾਈਡਲ ਫੈਸ਼ਨ ਦੀ ਸ਼ਾਨ ਬਣ ਗਏ ਹਨ। ਚੂੜੇ ਦੇ ਅੱਗੇ ਝੂਮਦੇ ਕਲੀਰੇ ਹੀ ਦੁਲਹਨ ਨੂੰ ਸਭ ਤੋਂ ਵੱਖਰੀ ਲੁੱਕ ਦਿੰਦੇ ਹਨ। ਇਨ੍ਹੀਂ ਦਿਨੀਂ ਬ੍ਰਾਈਡਲ ਫੈਸ਼ਨ ’ਚ ਡਿਜ਼ਾਈਨਰ ਲਹਿੰਗਾ-ਚੋਲੀ, ਹੈਵੀ ਜਿਊਲਰੀ ਅਤੇ ਐੱਚ. ਡੀ. ਮੇਕਅੱਪ ਦੇ ਨਾਲ-ਨਾਲ ਚੂੜਾ ਅਤੇ ਕਲੀਰੇ ਸਭ ਤੋਂ ਜ਼ਿਆਦਾ ਟਰੈਂਡ ’ਚ ਹਨ। ਕਲੀਰੇ ਤੋਂ ਬਿਨਾਂ ਬ੍ਰਾਈਡਲ ਲੁੱਕ ਅਧੂਰੀ ਮੰਨੀ ਜਾਂਦੀ ਹੈ। ਇਹੀ ਵਜ੍ਹਾ ਹੈ ਕਿ ਵਿਆਹ ਦੀਆਂ ਰਸਮਾਂ ਦੌਰਾਨ ਹਰ ਦੁਲਹਨ ਕਲੀਰੇ ਪਹਿਨੇ ਨਜ਼ਰ ਆਉਂਦੀ ਹੈ।
ਕਲੀਰੇ ਦੁਲਹਨ ਦੇ ਚੂੜੇ ਦੇ ਅੱਗੇ ਲਟਕਣ ਵਾਲੇ ਗਹਿਣੇ ਹੁੰਦੇ ਹਨ। ਇਨ੍ਹਾਂ ਨੂੰ ਸੁਹਾਗ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਦੁਲਹਨ ਦੇ ਹਿੱਲਣ-ਜੁੱਲਣ ’ਤੇ ਕਲੀਰੇ ਝੂਮਦੇ ਹਨ ਅਤੇ ਲੁੱਕ ਨੂੰ ਹੋਰ ਵੀ ਆਕਰਸ਼ਕ ਬਣਾ ਦਿੰਦੇ ਹਨ। ਮਾਨਤਾ ਹੈ ਕਿ ਵਿਆਹ ਤੋਂ ਬਾਅਦ ਦੁਲਹਨ ਆਪਣੀਆਂ ਸਹੇਲੀਆਂ ’ਤੇ ਕਲੀਰੇ ਝਟਕਦੀ ਹੈ ਤਾਂ ਜੋ ਉਨ੍ਹਾਂ ਦਾ ਵੀ ਜਲਦੀ ਵਿਆਹ ਹੋ ਜਾਵੇ। ਇਸ ਰਸਮ ਦੇ ਚਲਦਿਆਂ ਕਲੀਰੇ ਦੀ ਅਹਿਮੀਅਤ ਹੋਰ ਵਧ ਜਾਂਦੀ ਹੈ।

ਪਹਿਲਾਂ ਸਿਰਫ਼ ਗੋਲਡਨ-ਸਿਲਵਰ ਵਰਕ ਵਾਲੇ ਕਲੀਰੇ ਮਿਲਦੇ ਸਨ, ਪਰ ਹੁਣ ਮਾਰਕੀਟ ’ਚ ਹਰ ਤਰ੍ਹਾਂ ਦੇ ਟਰੈਂਡੀ ਡਿਜ਼ਾਈਨ ਆ ਗਏ ਹਨ। ਹਾਫ਼ ਨਾਰੀਅਲ ਵਾਲੇ ਕਲੀਰੇ, ਫੁੱਲ-ਨਾਰੀਅਲ ਡਿਜ਼ਾਈਨ, ਪਰਲ ਅਤੇ ਸਟੋਨ ਵਰਕ ਵਾਲੇ ਕਲੀਰੇ ਖ਼ੂਬ ਪਸੰਦ ਆ ਰਹੇ ਹਨ। ਕੁਝ ਕਲੀਰੇ ’ਚ ਸਿੰਗਲ ਲੇਅਰ ਹੁੰਦੀ ਹੈ ਤਾਂ ਕੁਝ ’ਚ 2 ਤੋਂ 4 ਲਟਕਣ ਤੱਕ ਹੁੰਦੀਆਂ ਹਨ। ਗੋਲਡਨ ਲਹਿੰਗੇ ਦੇ ਨਾਲ ਮੈਚਿੰਗ ਗੋਲਡਨ ਕਲੀਰੇ, ਸਿਲਵਰ ਵਰਕ ਵਾਲੇ ਲਹਿੰਗੇ ਦੇ ਨਾਲ ਸਿਲਵਰ ਕਲੀਰੇ ਅਤੇ ਰੰਗੀਨ ਡਿਜ਼ਾਈਨਰ ਕਲੀਰੇ ਵੀ ਖ਼ੂਬ ਚੱਲ ਰਹੇ ਹਨ।
ਦੁਲਹਨਾਂ ਆਪਣੇ ਲਹਿੰਗੇ ਦੇ ਰੰਗ ਅਤੇ ਵਰਕ ਦੇ ਹਿਸਾਬ ਨਾਲ ਕਲੀਰੇ ਕਸਟਮਾਈਜ਼ ਕਰਵਾ ਰਹੀਆਂ ਹਨ। ਫੈਸ਼ਨ ਦੇ ਨਾਲ-ਨਾਲ ਹੁਣ ਦੁਲਹਨਾਂ ਚਾਂਦੀ ਅਤੇ ਸੋਨੇ ਦੇ ਕਲੀਰੇ ਵੀ ਬਣਵਾ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਵਿਆਹ ਦੀ ਯਾਦਗਾਰ ਦੇ ਤੌਰ ’ਤੇ ਸੰਭਾਲ ਕੇ ਰੱਖਿਆ ਜਾ ਸਕੇ। ਪੁਰਾਣੇ ਸਮੇਂ ਤੋਂ ਹੀ ਦੁਲਹਨਾਂ ਆਪਣੇ ਕਲੀਰੇ ਸਹੇਜ ਕੇ ਰੱਖਦੀਆਂ ਹਨ ਅਤੇ ਉਨ੍ਹਾਂ ਨੂੰ ਸੁਹਾਗ ਦੀ ਨਿਸ਼ਾਨੀ ਮੰਨਦੀਆਂ ਹਨ।
ਸਿਰਫ਼ ਆਮ ਦੁਲਹਨਾਂ ਹੀ ਨਹੀਂ, ਅਦਾਕਾਰਾਂ ਅਤੇ ਮਾਡਲਾਂ ਵੀ ਫੋਟੋਸ਼ੂਟ ਦੌਰਾਨ ਪੰਜਾਬੀ ਸੂਟ, ਡੋਗਰੀ ਸੂਟ ਅਤੇ ਲਹਿੰਗਾ-ਚੋਲੀ ਦੇ ਨਾਲ ਕਲੀਰੇ ਸਟਾਈਲ ਕਰ ਰਹੀਆਂ ਹਨ। ਕਲੀਰੇ ਦੁਲਹਨ ਨੂੰ ਭੀੜ ਤੋਂ ਵੱਖਰਾ, ਯੂਨੀਕ ਅਤੇ ਰਾਇਲ ਲੁੱਕ ਦਿੰਦੇ ਹਨ। ਖ਼ਾਸ ਕਰ ਕੇ ਜਦੋਂ ਵਿਆਹ ’ਚ ਸਹੇਲੀਆਂ ਵੀ ਬ੍ਰਾਈਡਲ ਵਰਗਾ ਲਹਿੰਗਾ-ਮੇਕਅੱਪ ਕਰਦੀਆਂ ਹਨ, ਉਦੋਂ ਕਲੀਰੇ ਹੀ ਦੁਲਹਨ ਦੀ ਪਛਾਣ ਬਣ ਜਾਂਦੇ ਹਨ। ਕਲੀਰੇ ਸਿਰਫ਼ ਇਕ ਗਹਿਣਾ ਨਹੀਂ, ਸਗੋਂ ਦੁਲਹਨ ਦੀ ਸ਼ਾਨ ਅਤੇ ਰਵਾਇਤ ਦੀ ਪਛਾਣ ਹਨ। ਟਰੈਂਡੀ ਡਿਜ਼ਾਈਨ ਦੇ ਨਾਲ ਇਹ ਅੱਜ ਵੀ ਹਰ ਬ੍ਰਾਈਡਲ ਲੁੱਕ ਦੀ ਜਾਨ ਬਣੇ ਹੋਏ ਹਨ।
ਚਿਹਰੇ 'ਤੇ ਆਵੇਗਾ ਕੁਦਰਤੀ ਨਿਖਾਰ ! ਅਪਣਾਓ ਕੇਸਰ ਦਾ ਜਾਦੂਈ ਫੇਸਪੈਕ
NEXT STORY