ਵੈੱਬ ਡੈਸਕ- ਫੈਸ਼ਨ ਦੇ ਬਦਲਦੇ ਦੌਰ ਵਿਚ ਡਿਜ਼ਾਈਨਰ ਫੁੱਲ ਸਲੀਵਜ਼ (ਪੂਰੀਆਂ ਬਾਹਾਂ) ਨੇ ਮੁਟਿਆਰਾਂ ਅਤੇ ਔਰਤਾਂ ਦੇ ਦਿਲਾਂ ਵਿਚ ਖ਼ਾਸ ਜਗ੍ਹਾ ਬਣਾ ਲਈ ਹੈ। ਇੰਡੀਅਨ ਹੋਵੇ ਜਾਂ ਵੈਸਟਰਨ ਵੀਅਰ, ਡਿਜ਼ਾਈਨਰ ਸਲੀਵਜ਼ ਹਰ ਡਰੈੱਸ ਦੀ ਖ਼ੂਬਸੂਰਤੀ ਨੂੰ ਕਈ ਗੁਣਾ ਵਧਾ ਦਿੰਦੀਆਂ ਹਨ। ਹਾਫ਼ ਸਲੀਵਜ਼ ਅਤੇ ਸਲੀਵਲੈੱਸ ਡਰੈੱਸ ਦੇ ਮੁਕਾਬਲੇ ਅੱਜਕੱਲ ਫੁੱਲ ਸਲੀਵਜ਼ ਡਰੈੱਸ ਦਾ ਕ੍ਰੇਜ਼ ਤੇਜ਼ੀ ਨਾਲ ਵਧ ਰਿਹਾ ਹੈ। ਕਾਲਜ ਜਾਣ ਵਾਲੀਆਂ ਕੁੜੀਆਂ ਤੋਂ ਲੈ ਕੇ ਵਰਕਿੰਗ ਵੂਮੈਨ ਤੱਕ, ਹਰ ਕੋਈ ਡਿਜ਼ਾਈਨਰ ਫੁੱਲ ਸਲੀਵਜ਼ ਨੂੰ ਆਪਣੀ ਪਹਿਲੀ ਪਸੰਦ ਬਣਾ ਰਿਹਾ ਹੈ।
ਫੁੱਲ ਸਲੀਵ ਡਰੈੱਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਸਦੀ ‘ਵਰਸਟਿਲਿਟੀ’ (ਬਹੁਪੱਖੀ ਹੋਣਾ) ਹੈ। ਇਸ ਨੂੰ ਹਰ ਮੌਸਮ ਵਿਚ ਆਸਾਨੀ ਨਾਲ ਕੈਰੀ ਕੀਤਾ ਜਾ ਸਕਦਾ ਹੈ। ਗਰਮੀਆਂ ਵਿੱਚ ਹਲਕੇ ਫੈਬ੍ਰਿਕ ਦੀਆਂ ਫੁੱਲ ਸਲੀਵਜ਼ ਧੁੱਪ ਤੋਂ ਬਚਾਉਂਦੀਆਂ ਹਨ, ਉੱਥੇ ਹੀ ਸਰਦੀਆਂ ਵਿਚ ਇਹ ਸਟਾਈਲ ਦੇ ਨਾਲ-ਨਾਲ ਨਿੱਘ ਵੀ ਦਿੰਦੀਆਂ ਹਨ। ਇਹੀ ਕਾਰਨ ਹੈ ਕਿ ਇਹ ਹਰ ਮੌਕੇ ਚਾਹੇ ਉਹ ਆਫਿਸ ਹੋਵੇ, ਪਾਰਟੀ ਹੋਵੇ ਜਾਂ ਕੋਈ ਪਰਿਵਾਰਕ ਸਮਾਗਮ, ਸਭ ਲਈ ਪਰਫੈਕਟ ਰਹਿੰਦੀਆਂ ਹਨ। ਜੇਕਰ ਗੱਲ ਡਿਜ਼ਾਈਨਰ ਫੁੱਲ ਸਲੀਵਜ਼ ਦੀ ਹੋਵੇ, ਤਾਂ ਇਹ ‘ਸੋਨੇ ’ਤੇ ਸੁਹਾਗੇ’ ਵਾਲਾ ਕੰਮ ਕਰਦੀਆਂ ਹਨ। ਇਹ ਨਾ ਸਿਰਫ਼ ਡਰੈੱਸ ਨੂੰ ਸਟਾਈਲਿਸ਼ ਅਤੇ ਕਲਾਸੀ ਲੁੱਕ ਦਿੰਦੀਆਂ ਹਨ, ਸਗੋਂ ਪਹਿਨਣ ਵਾਲੀ ਮੁਟਿਆਰ ਦੀ ਪੂਰੀ ਦਿੱਖ (ਲੁੱਕ) ਨੂੰ ਹੀ ਬਦਲ ਦਿੰਦੀਆਂ ਹਨ।

ਬਾਜ਼ਾਰ ਵਿਚ ਡਿਜ਼ਾਈਨਰ ਫੁੱਲ ਸਲੀਵਜ਼ ਦੀ ਵੈਰਾਇਟੀ ਨੇ ਫੈਸ਼ਨ ਪ੍ਰੇਮੀਆਂ ਨੂੰ ਕਈ ਬਦਲ ਦੇ ਦਿੱਤੇ ਹਨ। ਅੱਜਕੱਲ ਦੁਕਾਨਾਂ ’ਤੇ ਵੱਖ-ਵੱਖ ਤਰ੍ਹਾਂ ਦੀਆਂ ਡਿਜ਼ਾਈਨਰ ਫੁੱਲ ਸਲੀਵਜ਼ ਵਾਲੀਆਂ ਡਰੈੱਸਾਂ ਦੀ ਭਰਮਾਰ ਹੈ, ਜਿਨ੍ਹਾਂ ਨੂੰ ਔਰਤਾਂ ਬੜੇ ਚਾਅ ਨਾਲ ਖ਼ਰੀਦ ਰਹੀਆਂ ਹਨ। ਇੰਡੀਅਨ ਵੀਅਰ ਦੀ ਗੱਲ ਕਰੀਏ ਤਾਂ ਅਨਾਰਕਲੀ ਸੂਟ, ਸ਼ਰਾਰਾ, ਸਾੜ੍ਹੀ ਬਲਾਊਜ਼, ਲਹਿੰਗਾ-ਚੋਲੀ ਅਤੇ ਲੌਂਗ ਗਾਊਨ ਵਿਚ ਬੈੱਲ ਸਲੀਵਜ਼, ਪਫ਼ ਸਲੀਵਜ਼ ਅਤੇ ਸ਼ੀਅਰ ਨੈੱਟ ਵਾਲੀਆਂ ਡਿਜ਼ਾਈਨਰ ਸਲੀਵਜ਼ ਖ਼ੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਕਢਾਈ (ਐਮਬ੍ਰਾਇਡਰੀ) ਅਤੇ ਮਿਰਰ ਵਰਕ ਵਾਲੀਆਂ ਸਲੀਵਜ਼ ਵਿਆਹਾਂ ਦੇ ਸੀਜ਼ਨ ਵਿੱਚ ਧੂਮ ਮਚਾ ਰਹੀਆਂ ਹਨ। ਉੱਥੇ ਹੀ ਵੈਸਟਰਨ ਵੀਅਰ ਵਿਚ ਵੀ ਡਿਜ਼ਾਈਨਰ ਫੁੱਲ ਸਲੀਵਜ਼ ਦਾ ਜਲਵਾ ਘੱਟ ਨਹੀਂ ਹੈ।
ਬਿਸ਼ਪ ਸਲੀਵਜ਼ ਵਾਲੇ ਟੌਪ, ਰਫ਼ਲ ਸਲੀਵਜ਼ ਦੀ ਮਿਡੀ ਡਰੈੱਸ, ਬੈਲੂਨ ਸਲੀਵਜ਼ ਦੀ ਮੈਕਸੀ ਅਤੇ ਫ੍ਰਿਲ ਵਾਲੀਆਂ ਫਰਾਕ ਪਾਰਟੀਆਂ ਦੀ ਸ਼ਾਨ ਬਣ ਰਹੀਆਂ ਹਨ। ਆਫਿਸ ਵੀਅਰ ਵਿਚ ਕਫ਼ ਵਾਲੀਆਂ ਫਾਰਮਲ ਸ਼ਰਟਾਂ ਅਤੇ ਪਲੀਟਿਡ ਸਲੀਵਜ਼ ਦੇ ਟਾਪ ਨੂੰ ਔਰਤਾਂ ਕਾਫੀ ਪਸੰਦ ਕਰ ਰਹੀਆਂ ਹਨ। ਫੈਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਫੁੱਲ ਸਲੀਵਜ਼ ਨਾ ਸਿਰਫ਼ ਐਲੀਗੈਂਟ ਲੁੱਕ ਦਿੰਦੀਆਂ ਹਨ ਸਗੋਂ ਆਤਮਵਿਸ਼ਵਾਸ (ਕਾਨਫੀਡੈਂਸ) ਵੀ ਵਧਾਉਂਦੀਆਂ ਹਨ। ਇਹੋ ਕਾਰਨ ਹੈ ਕਿ ਹੁਣ ਸਲੀਵਲੈੱਸ ਦਾ ਜ਼ਮਾਨਾ ਪਿੱਛੇ ਛੁੱਟ ਰਿਹਾ ਹੈ ਅਤੇ ਡਿਜ਼ਾਈਨਰ ਫੁੱਲ ਸਲੀਵਜ਼ ਹਰ ਡਰੈੱਸ ਨੂੰ ‘ਰਾਇਲ ਟੱਚ’ ਦੇ ਕੇ ਟ੍ਰੈਂਡ ਵਿਚ ਸਭ ਤੋਂ ਅੱਗੇ ਨਿਕਲ ਗਈਆਂ ਹਨ। ਇਨ੍ਹਾਂ ਦੇ ਨਾਲ ਮੁਟਿਆਰਾਂ ਅਤੇ ਔਰਤਾਂ ਆਪਣੀ ਡਰੈੱਸ ਅਤੇ ਲੁੱਕ ਨੂੰ ਨਿਖਾਰਨ ਲਈ ਬੈਗ, ਗੌਗਲਜ਼ ਅਤੇ ਘੜੀ ਵਰਗੀਆਂ ਅਸੈਸਰੀਜ਼ ਸਟਾਈਲ ਕਰ ਰਹੀਆਂ ਹਨ। ਜਿਊਲਰੀ ਵਿਚ ਪਤਲੀ ਚੇਨ, ਬ੍ਰੇਸਲੇਟ ਅਤੇ ਵੱਖ-ਵੱਖ ਤਰ੍ਹਾਂ ਦੇ ਇਅਰਰਿੰਗਜ਼ ਪਸੰਦ ਕੀਤੇ ਜਾ ਰਹੇ ਹਨ। ਫੁੱਟਵੀਅਰ ਵਿਚ ਹਾਈ ਹੀਲ, ਕਢਾਈ ਵਾਲੀ ਜੁੱਤੀ, ਸੈਂਡਲ ਅਤੇ ਸ਼ੂਜ਼ ਵੀ ਪਹਿਨ ਰਹੀਆਂ ਹਨ।
ਸਨਬਰਨ ਤੋਂ ਤੁਰੰਤ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ, ਸਕਿਨ ਨੂੰ ਮਿਲੇਗੀ ਠੰਡਕ
NEXT STORY