ਗੁਰਦਾਸਪੁਰ (ਹਰਮਨ, ਵਿਨੋਦ, ਗੋਰਾਇਆ) - ਗੁਰਦਾਸਪੁਰ ਤੋਂ ਦੋਰਾਂਗਲਾ ਰੋਡ ’ਤੇ ਸਥਿਤ ਅੱਡਾ ਮਗਰਮੂਦੀਆਂ ਵਿਖੇ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਘਰ ਦੇ ਬਾਹਰ ਖੜ੍ਹੇ ਦੋ ਟਰੱਕਾਂ ਵਿਚੋਂ ਚਾਰ ਕੀਮਤੀ ਬੈਟਰੀਆਂ ਚੋਰੀ ਕਰ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਕਾਰਨ ਇਲਾਕਾ ਵਾਸੀਆਂ ਅਤੇ ਵਪਾਰੀਆਂ ਵਿਚ ਭਾਰੀ ਚਿੰਤਾ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਘਟਨਾ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ‘ਪ੍ਰੀਤ ਜੇ.ਸੀ.ਬੀ.’ ਦੇ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਨ੍ਹਾਂ ਨੇ ਆਪਣੇ ਦੋ ਟਰੱਕ ਘਰ ਦੇ ਬਾਹਰ ਖੜ੍ਹੇ ਕੀਤੇ ਹੋਏ ਸਨ। ਜਦੋਂ ਉਨ੍ਹਾਂ ਨੇ ਸਵੇਰੇ ਉੱਠ ਕੇ ਟਰੱਕਾਂ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਦੋਵਾਂ ਟਰੱਕਾਂ ਵਿਚੋਂ ਚਾਰ ਬੈਟਰੀਆਂ ਗਾਇਬ ਸਨ। ਪੀੜਤ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੋਰਾਂ ਵੱਲੋਂ ਇਸੇ ਤਰ੍ਹਾਂ ਸਾਡੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਹੁਣ ਦੂਜੀ ਵਾਰ ਫਿਰ ਵੱਡੀ ਚੋਰੀ ਹੋਣ ਕਾਰਨ ਸਾਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ, ਜਿਸ ਕਾਰਨ ਸਾਡਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ।
ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਸਬੰਧੀ ਤੁਰੰਤ ਦੋਰਾਂਗਲਾ ਪੁਲਸ ਨੂੰ ਲਿਖਤੀ ਸੂਚਿਤ ਕਰ ਦਿੱਤਾ ਗਿਆ ਹੈ। ਸੂਚਨਾ ਮਿਲਦੇ ਹੀ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਮੁਤਾਬਕ ਚੋਰਾਂ ਦਾ ਸੁਰਾਗ ਲਗਾਉਣ ਲਈ ਆਸ-ਪਾਸ ਦੀਆਂ ਦੁਕਾਨਾਂ ਅਤੇ ਘਰਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਇਸ ਚੋਰੀ ਤੋਂ ਬਾਅਦ ਅੱਡਾ ਮਗਰਮੂਦੀਆਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਲਾਕੇ ਵਿਚ ਰਾਤ ਦੇ ਸਮੇਂ ਪੁਲਸ ਦੀ ਗਸ਼ਤ ਨੂੰ ਵਧਾਇਆ ਜਾਵੇ, ਤਾਂ ਜੋ ਭਵਿੱਖ ਵਿਚ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਨੱਥ ਪਾਈ ਜਾ ਸਕੇ ਅਤੇ ਲੋਕਾਂ ਦੇ ਮਾਲ-ਡੰਗ ਦੀ ਸੁਰੱਖਿਆ ਯਕੀਨੀ ਹੋ ਸਕੇ।
ਪਰਿਵਾਰ ਨੂੰ ਨਸ਼ੀਲੀ ਦਵਾਈ ਸੁੰਘਾ ਕੇ ਲੱਖਾਂ ਰੁਪਏ ਦੀ ਚੋਰੀ, 20 ਤੋਲੇ ਸੋਨਾ ਤੇ ਨਗਦੀ ਲੈ ਉੱਡੇ ਚੋਰ
NEXT STORY