ਤਰਨ ਤਾਰਨ (ਰਮਨ)- ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਉੱਪਰ ਜ਼ਿਲ੍ਹਾ ਤਰਨ ਤਾਰਨ ਅਤੇ ਫਿਰੋਜ਼ਪੁਰ ਦੀ ਹੱਦ ਉੱਪਰ 86 ਵਰਗ ਕਿਲੋਮੀਟਰ ਦੇ ਘੇਰੇ ਵਿਚ ਫ਼ੈਲੇ ਹਰੀਕੇ ਬਰਡ ਸੈਂਚਰੀ ’ਚ ਕੀਤੇ ਜਾ ਰਹੇ ਸਰਵੇ ਦੌਰਾਨ ਸਾਲ 2022 ਦੌਰਾਨ 85 ਕਿਸਮਾਂ ਦੇ 65,624 ਪੰਛੀ ਇੱਥੇ ਪੁੱਜੇ ਹਨ। ਜ਼ਿਕਰਯੋਗ ਹੈ ਕਿ ਵਾਤਾਵਰਣ ਅਤੇ ਪਾਣੀ ਦੇ ਲਗਾਤਾਰ ਦੂਸ਼ਿਤ ਹੋਣ ਕਾਰਨ ਪੰਛੀਆਂ ਦੀ ਗਿਣਤੀ ਹਰ ਸਾਲ ਘੱਟਦੀ ਜਾ ਰਹੀ ਹੈ, ਜੋ ਆਉਣ ਵਾਲੇ ਸਾਲਾਂ ’ਚ ਹੋਰ ਘੱਟ ਸਕਦੀ ਹੈ, ਜਿਸ ਲਈ ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਕਦਮ ਚੁੱਕਣ ਦੀ ਬਹੁਤ ਲੋੜ ਹੈ।
ਇਹ ਵੀ ਪੜ੍ਹੋ- BSF ਨੇ ਸਰਹੱਦ ਤੋਂ ਫੜ੍ਹੀ ਹੈਰੋਇਨ ਦੀ ਵੱਡੀ ਖੇਪ, ਹਥਿਆਰ ਵੀ ਕੀਤੇ ਬਰਾਮਦ
ਕਰੀਬ 2 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਹਰੀਕੇ ਵੈਟਲੈਂਡ ਪੁੱਜਣ ਵਾਲੇ ਪੰਛੀਆਂ ਦੀਆਂ ਕਿਸਮਾਂ ਦਾ ਸਰਵੇ ਵਿਭਾਗ ਵਲੋਂ ਕਰਨ ਉਪਰੰਤ ਸਾਲ 2022 ਦੌਰਾਨ 85 ਕਿਸਮਾਂ ਦੇ ਕੁੱਲ 65,624 ਪੰਛੀਆਂ ਦੀ ਪਹਿਚਾਣ ਕੀਤੀ ਹਈ ਹੈ, ਜਿਨ੍ਹਾਂ ’ਚ ਇਉਰੇਸ਼ੀਅਨ ਕੂਟ ਦੇ 34,523, ਗ੍ਰੇਲਾਗ ਗੂਜ ਦੇ 8381, ਗੈਡਵਾਲ ਦੇ 7432, ਕੌਮਨ ਪੌਚਾਰਡ ਦੇ 2262 ਅਤੇ ਨਾਰਥਨ ਸ਼ੌਵਲਰ ਦੇ 1807 ਪੰਛੀ ਸ਼ਾਮਲ ਹਨ। ਇਹ ਸਰਵੇ 20 ਮੈਂਬਰਾਂ ਦੀ ਮਦਦ ਨਾਲ ਹਰੀਕੇ ਵੈਟਲੈਂਡ ਦੇ 8 ਬਲਾਕਾਂ ਰਾਹੀਂ ਕੀਤਾ ਗਿਆ, ਜਿਸ ’ਚ ਵਰਲਡ ਵਾਈਲਡ ਲਾਈਫ ਫੰਡ, ਚੰਡੀਗੜ੍ਹ ਬਰਡ ਕਲੱਬ, ਅੰਮ੍ਰਿਤਸਰ ਬਰਡ ਕਲੱਬ, ਲੁਧਿਆਣਾ ਬਰਡ ਕਲੱਬ, ਜਲੰਧਰ ਬਰਡ ਕਲੱਬ, ਫ਼ਰੀਦਕੋਟ, ਫਿਰੋਜ਼ਪੁਰ, ਨੰਗਲ ਅਤੇ ਜੰਗਲਾਤ ਮਹਿਕਮੇ ਦੀ ਸਾਂਝੀ ਟੀਮ ਸ਼ਾਮਲ ਸੀ।
ਹਰੀਕੇ ਵਿਖੇ ਪਾਣੀ ਦੇ ਲਗਾਤਾਰ ਦੂਸ਼ਿਤ ਹੋਣ ਅਤੇ ਵਾਤਾਵਰਣ ਠੀਕ ਨਾ ਹੋਣ ਕਾਰਨ ਹਰ ਸਾਲ ਛੁੱਟੀਆਂ ਕੱਟਣ ਬਹਾਨੇ ਅੰਤਰਰਾਸ਼ਟਰੀ ਬਰਡ ਸੈਂਚਰੀ (ਵੈਟਲੈਂਡ) ਹਰੀਕੇ ਪੱਤਣ ਵਿਖੇ ਪੁੱਜਣ ਵਾਲੇ ਪੰਛੀਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਜੋ ਇਕ ਚਿੰਤਾ ਦਾ ਵਿਸ਼ਾ ਹੈ। ਜਾਣਕਾਰੀ ਅਨੁਸਾਰ ਸਾਲ 2016 ’ਚ 1 ਲੱਖ 5 ਹਜ਼ਾਰ, 2017 ’ਚ 93 ਹਜ਼ਾਰ, 2018 ’ਚ 94771, 2019 ’ਚ 123128, 2020 ’ਚ 91025 ਅਤੇ 2021 ਦੌਰਾਨ 74869 ਅਤੇ 2022 ਦੌਰਾਨ 65624 ਪੰਛੀਆਂ ਦੀ ਗਿਣਤੀ ਕੀਤੀ ਗਈ ਹੈ। ਇਨ੍ਹਾਂ ਪੰਛੀਆਂ ਨੂੰ ਵੇਖਣ ਲਈ ਪੰਜਾਬ ਭਰ ਤੋਂ ਲੋਕ ਹਰੀਕੇ ਵਿਖੇ ਪੁੱਜ ਰਹੇ ਹਨ, ਜੋ ਵਿਭਾਗ ਵਲੋਂ ਕੀਤੇ ਇੰਤਜਾਮ ਤਹਿਤ ਦੂਰਬੀਨ ਅਤੇ ਪੈੱਡਲ ਬੋਟ ਦਾ ਆਨੰਦ ਮਾਣਦੇ ਵੇਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ- ਪਾਕਿ ਡਰੋਨ ਨੇ ਫ਼ਿਰ ਇਕ ਵਾਰ ਭਾਰਤ 'ਚ ਦਿੱਤੀ ਦਸਤਕ, BSF ਨੇ ਦਾਗੇ ਫ਼ਾਇਰ, ਤਲਾਸ਼ੀ ਮੁਹਿੰਮ ਜਾਰੀ
ਇਸ ਸਬੰਧੀ ਜਣਕਾਰੀ ਦਿੰਦੇ ਹੋਏ ਜੰਗਲਾਤ ਵਿਭਾਗ ਦੇ ਰੇਂਜ ਅਫ਼ਸਰ ਕਮਲਜੀਤ ਸਿੰਘ ਅਤੇ ਮੈਡਮ ਗੀਤਾਂਜਲੀ ਨੇ ਦੱਸਿਆ ਕਿ ਨਵੇਂ ਪੰਛੀਆਂ ਦਾ ਦਿਨ-ਰਾਤ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਮੰਨਿਆ ਕਿ ਇਸ ਸੈਂਚਰੀ ’ਚ ਪੰਛੀਆਂ ਦੀ ਗਿਣਤੀ ਹਰ ਸਾਲ ਘੱਟ ਰਹੀ ਹੈ। ਉਨ੍ਹਾਂ ਕਿਹਾ ਪੰਛੀ ਹਰ ਸਾਲ ਮਾਰਚ ਮਹੀਨੇ ’ਚ ਵਾਪਸੀ ਆਪਣੇ ਦੇਸ਼ਾਂ ਲਈ ਉਡਾਨ ਭਰ ਲੈਂਦੇ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
‘ਆਪ’ ਦੇ ਕਾਰਜਕਾਲ ’ਚ 2 ਫ਼ਸਲਾਂ ਦੀ ਖ਼ਰੀਦ ਦੀ ਕਿਸਾਨਾਂ ਨੂੰ 24 ਘੰਟਿਆਂ ’ਚ ਹੋਈ ਅਦਾਇਗੀ : ਧਾਲੀਵਾਲ
NEXT STORY