ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਸ਼ਹਿਰ ਅੰਦਰ ਸਥਿਤ ਵੱਖ-ਵੱਖ ਟੈਕਸੀ ਯੂਨੀਅਨਾਂ ਨਾਲ ਸਬੰਧਤ ਟੈਕਸੀ ਚਾਲਕਾਂ ’ਚ ਅੱਜ ਤਿੱਖਾ ਟਕਰਾਅ ਹੋਇਆ ਹੈ, ਜਿਸ ਦੌਰਾਨ ਚੱਲੀਆਂ ਡਾਂਗਾਂ ਅਤੇ ਸੋਟਿਆਂ ਸਮੇਤ ਹੋਰ ਕਥਿਤ ਰਵਿਆਤੀ ਹਥਿਆਰਾਂ ਕਾਰਨ ਤਿੰਨ ਵਿਅਕਤੀ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉਕਤ ਟਕਰਾਅ ਦੌਰਾਨ ਕੁਝ ਲੋਕਾਂ ਵੱਲੋਂ ਬਕਾਇਦਾ ਵੀਡੀਓ ਵੀ ਬਣਾਈ ਗਈ ਹੈ, ਜੋ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।
ਇਸ ਤਹਿਤ ਇਕ ਟੈਕਸੀ ਯੂਨੀਅਨ ਦੇ ਪ੍ਰਧਾਨ ਗੁਰਭੇਜ ਸਿੰਘ ਨੇ ਦੱਸਿਆ ਕਿ ਉਹ ਸਰਕਾਰ ਨੂੰ ਬਕਾਇਦਾ ਟੈਕਸ ਭਰਦੇ ਹਨ ਅਤੇ ਉਨ੍ਹਾਂ ਕੋਲ ਕਮਰਸ਼ੀਅਲ ਪਰਮਿਟ ਵਾਲੀਆਂ ਟੈਕਸੀਆਂ ਹਨ। ਨਿਯਮਾਂ ਅਨੁਸਾਰ ਇਹ ਕਮਰਸ਼ੀਅਲ ਟੈਕਸੀਆਂ ਕਿਸੇ ਵੀ ਸਟੈਂਡ ’ਤੇ ਲਗਾ ਸਕਦੇ ਹਨ ਅਤੇ ਉਨ੍ਹਾਂ ਨੂੰ ਕੋਈ ਵੀ ਨਹੀਂ ਰੋਕ ਸਕਦਾ ਪਰ ਗੁਰਦਾਸਪੁਰ ਨਾਲ ਸਬੰਧਤ ਜੀ. ਕੇ. ਐੱਸ. ਨੇੜੇ ਸਥਿਤ ਟੈਕਸੀ ਸਟੈਂਡ ਦੇ ਅਹੁਦੇਦਾਰਾਂ ਵੱਲੋਂ ਉਨ੍ਹਾਂ ਦੀਆਂ ਗੱਡੀਆਂ ਨੂੰ ਇਸ ਸਟੈਂਡ ’ਤੇ ਲਗਾਉਣ ਤੋਂ ਰੋਕਿਆ ਜਾਂਦਾ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਇਸ ਸਟੈਂਡ ਨਾਲ ਸਬੰਧਤ ਟੈਕਸੀ ਯੂਨੀਅਨ ਦੇ ਅਹੁਦੇਦਾਰ ਪ੍ਰਾਈਵੇਟ ਗੱਡੀਆਂ ਦੇ ਚਾਲਕਾਂ ਨੂੰ ਸ਼ਹਿ ਦੇ ਕੇ ਉਨ੍ਹਾਂ ਨੂੰ ਤਾਂ ਇੱਥੇ ਖੜ੍ਹੇ ਕਰਦੇ ਹਨ ਅਤੇ ਉਨ੍ਹਾਂ ਕੋਲੋਂ ਬਕਾਇਦਾ ਪੈਸੇ ਵੀ ਵਸੂਲਦੇ ਹਨ ਜਦੋਂ ਕਿ ਸਰਕਾਰ ਨੂੰ ਟੈਕਸ ਭਰ ਰਹੇ ਕਮਰਸ਼ੀਅਲ ਟੈਕਸੀ ਚਾਲਕਾਂ ਨੂੰ ਇੱਥੇ ਖੜੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।
ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਹੀ ਉਨ੍ਹਾਂ ਦੇ ਨਾਲ ਇਹ ਕਥਿਤ ਧੱਕੇਸ਼ਾਹੀ ਹੁੰਦੀ ਆ ਰਹੀ ਹੈ ਅਤੇ ਕਈ ਵਾਰ ਇਨ੍ਹਾਂ ਅਹੁਦੇਦਾਰਾਂ ਵੱਲੋਂ ਡਰਾਈਵਰਾਂ ਨਾਲ ਕਥਿਤ ਤੌਰ ’ਤੇ ਬਦਸਲੂਕੀ ਅਤੇ ਕੁੱਟਮਾਰ ਵੀ ਕੀਤੀ ਗਈ ਸੀ। ਹੁਣ ਵੀ ਬਹਿਰਾਮਪੁਰ ਨਾਲ ਸਬੰਧਤ ਬੋਬੀ ਨਾਮ ਦੇ ਟੈਕਸੀ ਚਾਲਕ ਦੀਆਂ ਕਮਰਸ਼ੀਅਲ ਗੱਡੀਆਂ ਨੂੰ ਇੱਥੇ ਲਗਾਉਣ ਤੋਂ ਰੋਕਿਆ ਜਾ ਰਿਹਾ ਸੀ, ਜਿਸ ਕਾਰਨ ਬੋਬੀ ਨੇ ਕਿਹਾ ਸੀ ਕਿ ਸਰਕਾਰ ਨੂੰ ਬਕਾਇਦਾ ਟੈਕਸ ਭਰਦਾ ਹੈ ਅਤੇ ਇੱਥੇ ਹੀ ਗੱਡੀ ਲਗਾਵੇਗਾ।
ਅੱਜ ਜਦੋਂ ਉਹ ਇੱਥੇ ਗੱਡੀ ਲਗਾਉਣ ਗਏ ਤਾਂ ਇੱਥੇ ਮੌਜੂਦ ਟੈਕਸੀ ਚਾਲਕਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਡਾਂਗਾਂ ਸੋਟਿਆਂ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਗੁਰਭੇਜ ਸਿੰਘ, ਰਿੰਕੂ ਅਤੇ ਰਸ਼ਪਾਲ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹੁਣ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਇਹ ਮੰਗ ਕਰ ਚੁੱਕੇ ਹਨ ਕਿ ਉਨ੍ਹਾਂ ਦੀਆਂ ਗੱਡੀਆਂ ਨੂੰ ਇੱਥੇ ਟੈਕਸੀ ਸਟੈਂਡ ’ਤੇ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਗੁਰਦਾਸਪੁਰ ’ਚ ਪ੍ਰਾਈਵੇਟ ਗੱਡੀਆਂ ਨੂੰ ਟੈਕਸੀ ਦੇ ਤੌਰ ’ਤੇ ਚਲਾਏ ਜਾਣ ’ਤੇ ਰੋਕ ਲਗਾਈ ਜਾਵੇ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਇਹ ਮੰਗਾਂ ਪੂਰੀਆਂ ਕਰਨ ਦੇ ਨਾਲ-ਨਾਲ ਇਸ ਦੇ ਨਾਲ ਹੀ ਉਨ੍ਹਾਂ ਉੱਪਰ ਹਮਲਾ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ।
ਕੀ ਕਹਿਣਾ ਹੈ ਦੂਸਰੀ ਟੈਕਸੀ ਯੂਨੀਅਨ ਦੇ ਅਹੁਦੇਦਾਰਾਂ ਦਾ
ਦੂਸਰੀ ਧਿਰ ਨਾਲ ਸਬੰਧਤ ਟੈਕਸੀ ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਕਤ ਵਿਅਕਤੀ ਬੋਬੀ ਬਹਿਰਾਮਪੁਰ ਤੋਂ ਆ ਕੇ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ। ਬੋਬੀ ਨੇ ਹੀ ਪਹਿਲਾਂ ਫੋਨ ਕਰ ਕੇ ਉਨ੍ਹਾਂ ਨੂੰ ਜ਼ਬਰਦਸਤੀ ਇੱਥੇ ਗੱਡੀ ਲਗਾਉਣ ਦੀ ਧਮਕੀ ਦਿੱਤੀ ਸੀ ਅਤੇ ਅੱਜ ਅਚਾਨਕ ਬੋਬੀ ਆਪਣੇ ਹੋਰ ਸਾਥੀਆਂ ਦੇ ਨਾਲ ਇੱਥੇ ਆ ਗਿਆ। ਉਨ੍ਹਾਂ ਕਿਹਾ ਕਿ ਸਾਰੇ ਹਥਿਆਰ ਵੀ ਉਕਤ ਵਿਅਕਤੀ ਹੀ ਲੈ ਕੇ ਆਏ ਸਨ ਜਦੋਂ ਕਿ ਉਨ੍ਹਾਂ ਨੇ ਸਿਰਫ ਆਪਣਾ ਬਚਾਅ ਹੀ ਕੀਤਾ ਹੈ।
ਅਹੁਦੇਦਾਰਾਂ ਨੇ ਦੱਸਿਆ ਕਿ ਪ੍ਰਾਈਵੇਟ ਟੈਕਸੀ ਚਾਲਕ ਪਿਛਲੇ ਕਈ ਦਹਾਕਿਆਂ ਤੋਂ ਕੰਮ ਕਰਦੇ ਆ ਰਹੇ ਹਨ ਅਤੇ ਇਸ ਸਟੈਂਡ ਤੇ ਸਿਰਫ ਪ੍ਰਾਈਵੇਟ ਗੱਡੀਆਂ ਹੀ ਨਹੀਂ ਸਗੋਂ ਪਰਮਿਟ ਵਾਲੀਆਂ ਗੱਡੀਆਂ ਵੀ ਲੱਗਦੀਆਂ ਹਨ। ਇੱਥੇ ਜਗ੍ਹਾ ਥੋੜੀ ਹੋਣ ਕਰ ਕੇ ਅਤੇ ਕੰਮ ’ਚ ਪਹਿਲਾਂ ਹੀ ਕਾਫੀ ਮੰਦਹਾਲੀ ਹੋਣ ਕਰ ਕੇ ਕੁਝ ਗਿਣਤੀ ਦੀਆਂ ਟੈਕਸੀਆਂ ਹੀ ਲੱਗ ਸਕਦੀਆਂ ਹਨ ਪਰ ਉਕਤ ਵਿਅਕਤੀ ਬਹਿਰਾਮਪੁਰ ਤੋਂ ਆ ਕੇ ਜ਼ਬਰਦਸਤੀ ਇੱਥੇ ਗੱਡੀ ਲਗਾਉਣੀ ਚਾਹੁੰਦਾ ਹੈ। ਜਦੋਂ ਕਿ ਗੁਰਦਾਸਪੁਰ ’ਚ ਦੋ ਹੋਰ ਵੀ ਟੈਕਸੀ ਸਟੈਂਡ ਹਨ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਪਹਿਲਾਂ ਜਿਸ ਸਟੈਂਡ ’ਤੇ ਟੈਕਸੀ ਲਗਾ ਰਿਹਾ ਹੈ, ਉਸ ਨੂੰ ਉੱਥੇ ਹੀ ਆਪਣੀ ਟੈਕਸੀ ਲਗਾਉਣੀ ਚਾਹੀਦੀ ਹੈ ਪਰ ਇਸ ਤਰ੍ਹਾਂ ਜ਼ਬਰਦਸਤੀ ਕਰਨੀ ਜਾਇਜ਼ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਟੈਕਸੀ ਸਟੈਂਡ ਵਾਲਿਆਂ ਵੱਲੋਂ ਕਦੇ ਵੀ ਕਿਸੇ ਪ੍ਰਾਈਵੇਟ ਟੈਕਸੀ ਚਾਲਕ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ, ਜਦੋਂ ਕਿ ਉਕਤ ਵਿਅਕਤੀ ਕੋਰਾ ਝੂਠਾ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਤੇ ਉਨ੍ਹਾਂ ਨੇ ਹਮਲਾ ਨਹੀਂ ਕੀਤਾ, ਉਲਟਾ ਸਗੋਂ ਉਨ੍ਹਾਂ ਦੀ ਯੂਨੀਅਨ ਨਾਲ ਸਬੰਧਤ ਵਿਅਕਤੀਆਂ ’ਤੇ ਹਮਲਾ ਹੋਇਆ ਹੈ ਅਤੇ ਉਨ੍ਹਾਂ ਦੇ ਹੀ ਸੱਟਾਂ ਵੀ ਲੱਗੀਆਂ ਹਨ, ਜਿਸ ਕਾਰਨ ਉਹ ਵੀ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕਰ ਰਹੇ ਹਨ ਕਿ ਹਮਲਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਅਜੇ ਤੱਕ ਕਿਸੇ ਵੱਲੋਂ ਬਿਆਨ ਨਹੀਂ ਦਰਜ ਕਰਵਾਏ ਗਏ : ਥਾਣਾ ਮੁਖੀ
ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਦਵਿੰਦਰ ਪ੍ਰਕਾਸ਼ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਸਬੰਧਤ ਵਿਅਕਤੀਆਂ ਵੱਲੋਂ ਜੋ ਬਿਆਨ ਦਿੱਤੇ ਜਾਣਗੇ, ਉਸ ਅਨੁਸਾਰ ਹੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਵੱਲੋਂ ਬਿਆਨ ਨਹੀਂ ਦਰਜ ਕਰਵਾਏ ਗਏ।
ਖਾਣ-ਪੀਣ ਵਾਲੀਆਂ ਵਸਤੂਆਂ ’ਚ ਕੰਮ ਕਰਨ ਦੇ ਸ਼ੌਕੀਨਾਂ ਲਈ ਫੂਡ ਕਮੇਟੀ ਬਣਾਉਣ ਦਾ ਐਲਾਨ
NEXT STORY