ਗੁਰਦਾਸਪੁਰ (ਹਰਮਨ)- ਇਸ ਸਾਲ ਖੇਤੀਬਾੜੀ ਤੇ ਕਿਸਾਨ ਭਲਾਈ ਵੱਲੋਂ ਖੇਤਾਂ ਵਿਚ ਰਹਿੰਦ-ਖੂੰਹਦ ਅੱਗ ਰੋਕਣ ਲਈ ਚਲਾਈ ਗਈ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਗੁਰਦਾਸਪੁਰ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਅਤਰ ਸਿੰਘ ਨੇ ਇਕ ਵੱਡੀ ਮਿਸਾਲ ਕਾਇਮ ਕੀਤੀ ਹੈ। ਉਕਤ ਕਿਸਾਨ ਨੇ ਸਖ਼ਤ ਮਿਹਨਤ ਕਰ ਕੇ ਸਿਰਫ਼ 4 ਤੋਂ 5 ਪਿੰਡਾਂ ਅੰਦਰ ਕਰੀਬ 20 ਦਿਨਾਂ ਦੇ ਅੰਦਰ ਕਰੀਬ 2500 ਏਕੜ ਰਕਬੇ ’ਚੋਂ ਝੋਨੇ ਦੀ ਰਹਿੰਦ-ਖੂੰਹਦ ਇਕੱਤਰ ਕਰ ਕੇ ਇਸ ਨੂੰ ਬਾਇਓ ਫਿਊਲ ਦੇ ਰੂਪ ਵਿਚ ਡੰਪ ਕੀਤਾ ਹੈ। ਉਕਤ ਕਿਸਾਨ ਨੇ ਅੱਗ ਲਗਾ ਕੇ ਫੂਕੀ ਜਾਣ ਵਾਲੀ ਇਸ ਰਹਿੰਦ-ਖੂੰਹਦ ਨੂੰ ਨਾ ਸਿਰਫ ਆਪਣੀ ਚੋਖੀ ਕਮਾਈ ਦਾ ਸਾਧਨ ਬਣਾਇਆ ਹੈ, ਸਗੋਂ ਉਸ ਨੂੰ ਕਰੀਬ 100 ਹੋਰ ਨੌਜਵਾਨਾਂ ਤੇ ਕਿਸਾਨਾਂ ਨੂੰ ਵੀ ਰੋਜ਼ਗਾਰ ਦਿੱਤਾ ਹੈ।
ਇਹ ਵੀ ਪੜ੍ਹੋ- ਪੁਲਸ ਵਿਭਾਗ ਦੀ ਖੁੱਲੀ ਪੋਲ, ਫੀਲਡ ਕੰਮ ਤੋਂ ਅਣਜਾਣ ਵੱਡੇ ਰੈਂਕ ਦੇ ਅਧਿਕਾਰੀ, ਜੀ.ਓ. ਤੇ ਇੰਸਪੈਕਟਰ ’ਤੇ ਪਾਉਂਦੇ ਰੋਅਬ
‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਅਤਰ ਸਿੰਘ ਨੇ ਦੱਸਿਆ ਕਿ ਉਹ ਕਰੀਬ 38 ਏਕੜ ਵਿਚ ਖੁਦ ਖੇਤੀ ਕਰਦਾ ਹੈ ਅਤੇ ਜਦੋਂ ਤੋਂ ਖੇਤਾਂ ਵਿਚ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਗੈਰ ਕਣਕ ਦੀ ਬਿਜਾਈ ਕਰਨ ਦੇ ਤਰੀਕੇ ਸਾਹਮਣੇ ਆਏ ਹਨ, ਉਸ ਤੋਂ ਬਾਅਦ ਉਸ ਨੇ ਖੇਤਾਂ ’ਚ ਅੱਗ ਲਗਾਉਣ ਦੀ ਬਜਾਏ ਸੁਪਰ ਸੀਡਰ ਤੇ ਹੈਪੀ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਸੀ। ਪਿਛਲੇ ਸਾਲ ਉਸ ਨੇ ਇਕ ਬੇਲਰ ਸਬਸਿਡੀ ’ਤੇ ਲੈ ਕੇ ਆਪਣੇ ਖੇਤਾਂ ਵਿਚੋਂ ਤੇ ਹੋਰ ਕਿਸਾਨਾਂ ਦੇ ਖੇਤਾਂ ਵਿਚ ਪਰਾਲੀ ਇਕੱਤਰ ਕਰ ਕੇ ਇਸ ਨੂੰ ਅਗਾਂਹ ਵੇਚਿਆ ਸੀ ਅਤੇ ਇਸ ਸਾਲ ਉਸ ਨੇ ਇਕ ਹੋਰ ਬੇਲਰ ਲਿਆ ਹੈ। ਇਸ ਦੇ ਨਾਲ ਹੀ ਇਕ ਸੁਸਾਇਟੀ ਬਣਾ ਕੇ ਉਸ ਨੇ ਇਸ ਵਿਚ ਹੋਰ ਕਿਸਾਨ ਵੀ ਸ਼ਾਮਿਲ ਕੀਤੇ ਅਤੇ ਇਸ ਸਾਲ ਕੁੱਲ ਚਾਰ ਬੇਲਰਾਂ ਦੀ ਮਦਦ ਨਾਲ ਆਸ ਪਾਸ ਦੇ ਕਰੀਬ 4-5 ਪਿੰਡਾਂ ਦੇ ਕਰੀਬ 2500 ਏਕੜ ਰਕਬੇ ਵਿਚੋਂ ਪਰਾਲੀ ਇਕੱਤਰ ਕੀਤੀ ਹੈ।
ਕਈ ਹਨ ਫਾਇਦੇ?
ਅਤਰ ਸਿੰਘ ਨੇ ਦੱਸਿਆ ਕਿ ਇਸ ਕੰਮ ਦੇ ਫਾਇਦੇ ਵੀ ਬਹੁਤ ਹਨ, ਜਿਸ ਤਹਿਤ ਸਭ ਤੋਂ ਪਹਿਲਾਂ ਤਾਂ ਪ੍ਰਦੂਸ਼ਣ ਘੱਟ ਹੁੰਦਾ ਹੈ ਅਤੇ ਖੇਤਾਂ ਵਿਚ ਜਿਸ ਪਰਾਲੀ ਨੂੰ ਅੱਗ ਲਗਾ ਕੇ ਫੂਕ ਦਿੱਤਾ ਜਾਣਾ ਹੁੰਦਾ ਹੈ, ਉਸ ਨੂੰ ਇਕੱਤਰ ਕਰ ਕੇ ਬਾਇਓ ਫਿਊਲ ਦੇ ਰੂਪ ਵਿਚ 300 ਤੋਂ 400 ਰੁਪਏ ਪ੍ਰਤੀ ਕੁਇੰਟਲ ਰੇਟ ’ਤੇ ਵੇਚਿਆ ਜਾ ਸਕਦਾ ਹੈ। ਇਸ ਨਾਲ ਧਰਤੀ ਦਾ ਉਪਜਾਊਪਨ ਵੀ ਵਧਦਾ ਹੈ ਅਤੇ ਨਾਲ ਹੀ ਕਰੀਬ ਤਿੰਨ ਮਹੀਨਿਆਂ ਦੀ ਪ੍ਰਕਿਰਿਆ ਵਿਚ ਕਈ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਹੈ।
ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 20 ਦਸੰਬਰ ਦਾ ਦਿੱਲੀ ਪੰਥਕ ਰੋਸ ਮਾਰਚ ਕੀਤਾ ਮੁਲਤਵੀ
ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਨੇ 4 ਬੇਲਰ ਚਲਾਏ ਹਨ, ਜਿਨ੍ਹਾਂ ਲਈ ਉਸ ਕੋਲ ਕਰੀਬ 80 ਵਿਅਕਤੀ ਕੰਮ ਕਰਦੇ ਸਨ ਅਤੇ ਕਰੀਬ 22 ਡਰਾਈਵਰ ਵੀ ਸਨ। ਇਸ ਦੇ ਨਾਲ ਹੀ ਉਸ ਨੇ ਰੋਜ਼ਾਨਾ 1500 ਰੁਪਏ ਕਿਰਾਏ ’ਤੇ 10 ਟਰੈਕਟਰ ਵੀ ਚਲਾਏ ਹਨ, ਜਿਸ ਕਾਰਨ ਕਈ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੌਸਮ ਖ਼ਰਾਬ ਨਾ ਹੋਵੇ ਤੇ ਹੋਰ ਕੋਈ ਨੁਕਸਾਨ ਹੋਵੇ ਤਾਂ ਇਹ ਕੰਮ ਚੰਗੀ ਕਮਾਈ ਦਾ ਸਾਧਨ ਹੈ।
ਕੀ ਹਨ ਖਤਰੇ ਤੇ ਚੁਣੌਤੀਆਂ?
ਅਤਰ ਸਿੰਘ ਨੇ ਦੱਸਿਆ ਕਿ ਇਸ ਕੰਮ ਵਿਚ ਕਈ ਖ਼ਤਰੇ ਵੀ ਹਨ। ਇਸ ਮੌਕੇ ਉਨ੍ਹਾਂ ਵੱਲੋਂ 2500 ਏਕੜ ਰਕਬੇ ’ਚੋਂ ਇਕੱਤਰ ਕੀਤੇ ਗਈ ਪਰਾਲੀ ’ਚੋਂ ਸਿਰਫ 25 ਫੀਸਦੀ ਪਰਾਲੀ ਹੀ ਇੰਡਸਟਰੀ ਨੂੰ ਸਪਲਾਈ ਹੋਈ ਹੈ ਜਦੋਂ ਕਿ ਬਾਕੀ ਦੀ ਪਰਾਲੀ ਅਜੇ ਵੀ ਖੁੱਲ੍ਹੇ ਆਸਮਾਨ ਹੇਠ ਡੰਪ ਕੀਤੀ ਹੈ। ਇਸ ਲਈ ਇਸ ਨੂੰ ਅੱਗ ਲੱਗਣ ਦਾ ਡਰ ਵੀ ਬਣਿਆ ਰਹਿੰਗਾ ਹੈ। ਇਸੇ ਤਰ੍ਹਾਂ ਬਾਰਿਸ਼ ਹੋਣ ਨਾਲ ਵੀ ਨੁਕਸਾਨ ਹੁੰਦਾ ਹੈ ਅਤੇ ਜਦੋਂ ਚਲਦੇ ਸੀਜ਼ਨ ਵਿਚ ਬਾਰਿਸ਼ ਹੁੰਦੀ ਹੈ ਤਾਂ ਕਈ ਦਿਨ ਕੰਮ ਬੰਦ ਰਹਿੰਦਾ ਹੈ। ਜੇਕਰ ਸਮੇਂ ਸਿਰ ਸਾਰੀ ਪਰਾਲੀ ਦੀ ਸਪਲਾਈ ਨਾ ਹੋਵੇ ਤਾਂ ਇਸ ਦਾ ਭਾਰ ਘੱਟਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਸਿੱਧੇ ਤੌਰ ’ਤੇ ਆਰਥਿਕ ਨੁਕਸਾਨ ਹੁੰਦਾ ਹੈ। ਇਸੇ ਤਰ੍ਹਾਂ ਇਸ ਦੀ ਟਰਾਂਸਪੋਰਟੇਸ਼ਨ ਮੌਕੇ ਵੀ ਕਈ ਤਰ੍ਹਾਂ ਦੇ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਸਾਥੀ ਨੂੰ ਅਜਨਾਲਾ ਪੁਲਸ ਨੇ ਕੀਤਾ ਕਾਬੂ
ਕੀ ਹੋਣੀ ਚਾਹੀਦੀ ਹੈ ਭਵਿੱਖ ਦੀ ਯੋਜਨਾਬੰਦੀ?
ਅਤਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਬਹੁਤ ਸੰਜ਼ੀਦਗੀ ਨਾਲ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਹੈ ਪਰ ਜਿਸ ਸਪੀਡ ਨਾਲ ਬੇਲਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ, ਉਸ ਨਾਲ ਇੰਡਸਟਰੀ ਵਿਚ ਇਸ ਦੀ ਡਿਮਾਂਡ ’ਤੇ ਸਪਲਾਈ ਪ੍ਰਭਾਵਿਤ ਹੋਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਬਹੁਤ ਸੀਮਤ ਇੰਡਸਟਰੀ ਵਿਚ ਇਸ ਪਰਾਲੀ ਦੀ ਬਾਇਓ ਫਿਊਲ ਦੇ ਰੂਪ ਵਿਚ ਵਰਤੋਂ ਹੁੰਦੀ ਹੈ, ਜਿਸ ਕਾਰਨ ਜਦੋਂ ਇਸ ਦੀ ਸਪਲਾਈ ਵਧਦੀ ਹੈ ਜਾਂ ਇਸ ਦਾ ਰੇਟ ਘੱਟ ਜਾਂਦਾ ਹੈ। ਪਿਛਲੇ ਸਾਲ ਪਰਾਲੀ ਦੀਆਂ ਜੋ ਗੱਠਾਂ 425 ਰੁਪਏ ਕੁਇੰਟਲ ਦੇ ਰੇਟ ’ਤੇ ਵੇਚੀਆਂ ਸਨ, ਇਸ ਸਾਲ ਉਹੀ ਪਰਾਲੀ 300 ਤੋ 325 ਰੁਪਏ ਪ੍ਰਤੀ ਕੁਇੰਟਲ ਰੇਟ ’ਤੇ ਵੀ ਬਹੁਤ ਮੁਸ਼ਕਲ ਨਾਲ ਵੇਚਣੀ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਸ ਸਾਰਾ ਸਿਸਟਮ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰ ਵੱਲੋਂ ਸਬਸਿਡੀ ’ਤੇ ਦਿੱਤੀ ਜਾ ਰਹੀ ਇਹ ਮਸ਼ੀਨਰੀ ਅਤੇ ਬੇਲਰਾਂ ਨਾਲ ਇਕੱਠੀ ਕੀਤੀ ਜਾਣ ਵਾਲੀ ਪਰਾਲੀ ਵੱਡੀ ਸਿਰਦਰਦੀ ਬਣੇਗੀ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਰਾਲੀ ਦੀਆਂ ਗੱਠਾਂ ਦੀ ਖਪਤ ਲਈ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਵੱਲ ਵੀ ਧਿਆਨ ਦੇਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੀ. ਸੀ. ਵਲੋਂ ਦਿੱਤੀ ਜਾਵੇਗੀ ਸਹੂਲਤ, ਜਲਦੀ ਹੀ 12 ਹੋਰ ਆਮ ਆਦਮੀ ਕਲੀਨਿਕ ਹੋਣਗੇ ਲੋਕਾਂ ਨੂੰ ਸਮਰਪਿਤ
NEXT STORY