ਅੰਮ੍ਰਿਤਸਰ (ਵਾਲੀਆ) : ਪੰਥਕ ਹਿੱਤਾਂ 'ਤੇ ਡਟ ਕੇ ਪਹਿਰਾ ਦੇਣ ਵਾਲੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਸਮੇਤ ਸੈਂਕੜੇ ਸਿੱਖ ਨੌਜਵਾਨਾਂ ਦੇ ਖੂਨ ਨਾਲ ਸਿੰਜੀ ਪੰਥ ਦੀ ਸਿਰਮੌਰ ਪੰਥਕ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ 74ਵੇਂ ਸਥਾਪਨਾ ਦਿਵਸ ਮੌਕੇ ਫੈੱਡਰੇਸ਼ਨ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਾਲਸਾ ਪੰਥ ਅਤੇ ਚੜ੍ਹਦੀ ਕਲਾ ਲਈ ਪ੍ਰਧਾਨ ਮਨਜੀਤ ਸਿੰਘ ਭੋਮਾ ਦੀ ਅਗਵਾਈ 'ਚ ਅਰਦਾਸ ਕਰਦਿਆਂ ਇਹ ਪ੍ਰਣ ਲਿਆ ਗਿਆ ਕਿ ਫੈੱਡਰੇਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ, ਸਤਿਕਾਰ ਅਤੇ ਆਨ-ਸ਼ਾਨ ਕਾਇਮ ਰੱਖਣ ਲਈ ਹਰ ਕੁਰਬਾਨੀ ਕਰਨ ਲਈ ਤਿਆਰ-ਬਰ-ਤਿਆਰ ਰਹੇਗੀ।
ਇਸ ਮੌਕੇ ਫੈੱਡਰੇਸ਼ਨ ਦੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ ਨੇ 7 ਮਤੇ ਪੇਸ਼ ਕੀਤੇ, ਜੋ ਸਰਬਸੰਮਤੀ ਨਾਲ ਪਾਸ ਕੀਤੇ ਗਏ। ਪਹਿਲੇ ਮਤੇ ਰਾਹੀਂ ਫੈੱਡਰੇਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੰਜੀਦਾ ਟਕਸਾਲੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਸੈਂਕੜੇ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਸਿੰਜੀ ਸਿੱਖਾਂ ਦੀ ਰਾਜਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ, ਆਰ. ਐੱਸ. ਐੱਸ. ਅਤੇ ਬਾਦਲ ਪਰਿਵਾਰ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਖੁੱਲ੍ਹ ਕੇ ਅੱਗੇ ਆਵੇ ਤਾਂ ਕਿ ਪੰਥਕ ਲੀਹੋਂ ਉੱਤਰੀ ਸਿੱਖ ਰਾਜਸੀ ਜਮਾਤ ਨੂੰ ਮੁੜ ਪੰਥਕ ਏਜੰਡੇ ਤੇ ਲੋਕਤੰਤਰੀ ਤਰੀਕੇ ਨਾਲ ਖੜ੍ਹਾ ਕਰ ਕੇ ਪੰਥ ਦੁਸ਼ਮਣ ਤਾਕਤਾਂ ਨੂੰ ਭਾਂਜ ਦੇਣ ਲਈ ਤਕੜਾ ਉਪਰਾਲਾ ਕੀਤਾ ਜਾ ਸਕੇ। ਫੈੱਡਰੇਸ਼ਨ ਨੇ ਕਿਹਾ ਕਿ ਸਿੱਖ ਕੌਮ ਪੂਰੀ ਦੁਨੀਆ ਦੀਆਂ ਅਮਨ ਪਸੰਦ ਕੌਮਾਂ ਨੂੰ ਸੁਚੇਤ ਕਰਦੀ ਹੈ ਕਿ 6 ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਵਾਂਗ ਅੱਜ ਫਿਰ ਭਾਜਪਾ, ਆਰ. ਐੱਸ. ਐੱਸ., ਕਾਂਗਰਸ ਅਤੇ ਬਾਦਲ ਪਰਿਵਾਰ ਇਕੱਠੇ ਹੋ ਕੇ ਸਿੱਖਾਂ ਨੂੰ ਖਾਲਿਸਤਾਨੀ ਤੇ ਆਈ. ਐੱਸ. ਆਈ. ਪਾਕਿਸਤਾਨ ਦਾ ਏਜੰਟ ਗਰਦਾਨ ਕੇ ਸਿੱਖ ਨੌਜਵਾਨੀ ਦਾ ਮੁੜ ਘਾਣ ਕਰਨ ਲਈ ਇਕੋ ਨੀਤੀ ਤੇ ਨੀਤ ਨਾਲ ਤਿਆਰੀਆਂ ਕੱਸ ਰਹੇ ਹਨ। ਦੂਸਰੇ ਮਤੇ ਰਾਹੀਂ ਫੈੱਡਰੇਸ਼ਨ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਦੇ ਦੋਸ਼ਾਂ 'ਚ ਜੇਕਰ ਉਹ ਦੋਸ਼ੀ ਨਹੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ 'ਤੇ ਖੜ੍ਹੇ ਹੋ ਕੇ ਸਿੱਖ ਕੌਮ ਨੂੰ ਸੱਚ ਬਿਆਨ ਕਰਨ, ਜਿਵੇਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਮੁੱਖ ਸਿੰਘ ਨੇ ਉਸ ਵੇਲੇ ਸੱਚ ਬਿਆਨ ਕਰ ਕੇ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਤੇ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਸੁਖਬੀਰ ਸਿੰਘ ਬਾਦਲ ਵਿਰੁੱਧ ਇਕਬਾਲੀਆ ਬਿਆਨ ਦੇ ਕੇ ਗਿਆਨੀ ਗੁਰਮੁੱਖ ਸਿੰਘ ਦੇ ਬਿਆਨਾਂ ਨੂੰ ਸਹੀ ਸਾਬਿਤ ਕੀਤਾ ਹੈ, ਇਸੇ ਤਰ੍ਹਾਂ ਤੁਸੀਂ ਵੀ ਆਪਣਾ ਸੱਚ ਬਿਆਨ ਕਰੋ, ਨਹੀਂ ਤਾਂ ਸਿੱਖ ਸੰਗਤਾਂ ਤੁਹਾਨੂੰ ਕਦੀ ਮੁਆਫ ਨਹੀਂ ਕਰਨਗੀਆਂ।
ਰੇਤ ਤੇ ਕੇਬਲ ਮਾਫੀਆ ਤੋਂ ਬਾਅਦ ਪੰਜਾਬ ਵਿਚ ਪੈਦਾ ਹੋਇਆ ਇਕ ਹੋਰ ਮਾਫੀਆ
NEXT STORY