ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)- ਪਿਛਲੇ ਦਿਨੀਂ ਹੜ੍ਹਾਂ ਕਾਰਨ ਭਾਰੀ ਤਬਾਹੀ ਦਾ ਸੇਕ ਝੱਲ ਚੁੱਕੇ ਦਰਿਆ ਰਾਵੀ ਤੋਂ ਪਾਰਲੇ ਪਿੰਡਾਂ ਲਈ ਮੁਸ਼ਕਿਲਾਂ ਅਜੇ ਖ਼ਤਮ ਨਹੀਂ ਹੋਈਆਂ ਹਨ। ਕੁਦਰਤੀ ਕ੍ਰੋਪੀ ਤੋਂ ਬਾਅਦ ਹੁਣ ਇਹ ਪਿੰਡ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਕੌੜਾ ਪੱਤਣ ਉੱਤੇ ਪਲਟੂਨ ਪੁਲ ਨਾ ਬਣਾਉਣ ਕਾਰਨ ਅਨੇਕਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਝੱਲਣ ਲਈ ਮਜਬੂਰ ਹਨ। ਪੁਲ ਦੇ ਨਾ ਬਣਨ ਕਾਰਨ ਲੋਕਾਂ ਦੇ ਕੰਮ ਠੱਪ ਪਏ ਹਨ ਅਤੇ ਆਵਾਜਾਈ ਸੁਚਾਰੂ ਰੂਪ ਵਿੱਚ ਨਾ ਹੋਣ ਕਾਰਨ ਲੋਕ ਅੱਤ ਦੇ ਪਰੇਸ਼ਾਨ ਹਨ।
ਹਾਲਾਂਕਿ ਹਲਕੇ ਦੀ ਵਿਧਾਇਕਾ ਅਰੁਣਾ ਚੌਧਰੀ ਨੇ ਲੋਕਾਂ ਦੀ ਪਰੇਸ਼ਾਨੀ ਨੂੰ ਸਮਝਦਿਆਂ ਡਿਪਟੀ ਕਸ਼ਿਨਰ ਗੁਰਦਾਸਪੁਰ ਅਤੇ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਫ਼ੌਰੀ ਤੌਰ ’ਤੇ ਪੁਲ ਦਾ ਨਿਰਮਾਣ ਕਰਨ ਲਈ ਲਿਖਿਆ ਹੈ। ਵਿਧਾਇਕਾ ਨੇ ਸ਼ਖਤੀ ਨਾਲ ਕਿਹਾ ਹੈ ਕਿ ਦਰਿਆ ਰਾਵੀ ਪਾਰਲੇ ਲੋਕਾਂ ਲਈ ਹੜ੍ਹ ਦਾ ਪਾਣੀ ਸੁੱਕਣ ਦੇ ਬਾਵਜੂਦ ਵੀ ਹਾਲਾਤ ਸੁਖ਼ਾਲੇ ਨਹੀਂ ਹੋਏ ਹਨ ਅਤੇ ਇਹ ਲੋਕ ਅੱਜ ਵੀ ਹੜ੍ਹ ਵਰਗੇ ਹਾਲਾਤਾਂ ਵਾਂਗ ਜਿਊਣ ਲਈ ਮਜਬੂਰ ਹਨ ਕਿਉਂਕਿ ਪਲਟੂਨ ਪੁਲ ਦੇ ਨਾ ਬਣਨ ਕਾਰਨ ਅੱਧੀ ਦਰਜਨ ਤੋਂ ਜ਼ਿਆਦਾ ਪਿੰਡਾਂ ਦੇ ਲੋਕ ਆਪਣੇ ਕਾਰੋਬਾਰ ਲਈ ਸ਼ਹਿਰ ਵੱਲ ਨਹੀਂ ਆ ਪਾ ਰਹੇ ਹਨ ਅਤੇ ਨਾ ਹੀ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਪਹੁੰਚ ਰਹੀ ਹੈ।
ਅਰੁਣਾ ਚੌਧਰੀ ਨੇ ਦੱਸਿਆ ਹੈ ਕਿ ਹੜ੍ਹ ਦਾ ਪਾਣੀ ਸੁੱਕਣ ਦੇ ਬਾਅਦ ਇਹ ਪੁਲ ਸਤੰਬਰ ਦੇ ਅੰਤ ਤੱਕ ਪੈ ਜਾਣਾ ਚਾਹੀਦਾ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਪਤਾ ਨਹੀਂ ਕਿਉਂ ਇਸ ਪ੍ਰਤੀ ਗੰਭੀਰ ਨਜ਼ਰ ਨਹੀਂ ਆ ਰਿਹਾ ਅਤੇ ਉਸ ਵੱਲੋਂ ਪੁਲ ਦੇ ਨਿਰਮਾਣ ਲਈ ਪਿਛਲੇ ਕਰੀਬ ਇੱਕ ਮਹੀਨੇ ਤੋਂ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਤੇ ਅਣਦੇਖੀ ਦਾ ਖ਼ਮਿਆਜ਼ਾ ਪਿੰਡਾਂ ਦੇ ਉਨ੍ਹਾਂ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ, ਜੋ ਪਹਿਲਾਂ ਹੀ ਹੜ੍ਹ ਦੀ ਮਾਰ ਨਾਲ ਬੁਰੀ ਤਰ੍ਹਾਂ ਝੰਬੇ ਪਏ ਹਨ।
ਉੱਧਰ ਦਰਿਆ ਪਾਰਲੇ ਪਿੰਡ ਭਰਿਆਲ ਦੇ ਸਰਪੰਚ ਅਮਰੀਕ ਸਿੰਘ, ਰਾਏਪੁਰ ਚਿੱਬ ਦੇ ਸਰਪੰਚ ਬਿਕਰਮ ਸਿੰਘ ਅਤੇ ਮਕੌੜਾ ਦੇ ਸਾਬਕਾ ਸਰਪੰਚ ਅਜੇ ਪਾਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹਰ ਸਾਲ ਬਰਸਾਤਾਂ ਤੋਂ ਪਹਿਲਾਂ ਇਹ ਪਲਟੂਨ ਪੁਲ 15 ਜੂਨ ਦੇ ਆਸਪਾਸ ਉਠਾ ਲਿਆ ਜਾਂਦਾ ਹੈ ਅਤੇ ਬਰਸਾਤਾਂ ਖ਼ਤਮ ਹੋਣ ਤੋਂ ਬਾਅਦ 15 ਸਤੰਬਰ ਦੇ ਨੇੜੇ ਦੁਬਾਰਾ ਸਥਾਪਿਤ ਕਰ ਦਿੱਤਾ ਜਾਂਦਾ ਹੈ ਪਰ ਇਸ ਵਾਰ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਉਸਨੂੰ ਦਰਿਆ ਪਾਰਲੇ ਪਿੰਡਾਂ ਦੇ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਪਲਟੂਨ ਪੁਲ ਦੇ ਨਾ ਪੈਣ ਕਾਰਨ ਆਵਾਜਾਈ ਠੱਪ ਹੈ ਅਤੇ ਦਰਿਆ ਵਿੱਚ ਜ਼ਰੂਰਤ ਅਨੁਸਾਰ ਪਾਣੀ ਨਾ ਹੋਣ ਕਾਰਨ ਬੇੜੀ ਵੀ ਰੂਟੀਨ ਵਿੱਚ ਨਹੀਂ ਚੱਲ ਰਹੀ। ਜਿਸ ਕਾਰਨ ਰੋਜ਼ਾਨਾ ਸੈਕੜੇ ਲੋਕ ਪਰੇਸ਼ਾਨੀਆਂ ਝੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ ਅੱਧੇ ਨਾਲੋਂ ਵੱਧ ਫ਼ਸਲ ਤਾਂ ਪਹਿਲਾਂ ਹੀ ਬਰਬਾਦ ਹੋ ਚੁੱਕੀ ਹੈ ਜੋ ਬਚੀ ਹੈ, ਉਸਦੀ ਕਟਾਈ ਲਈ ਕੰਬਾਈਨ ਦਰਿਆ ਪਾਰ ਨਹੀਂ ਜਾ ਪਾ ਰਹੀ ਹੈ ਅਤੇ ਨਾ ਹੀ ਟਰੈਕਟਰ-ਟਰਾਲੀਆਂ ਦੀ ਆਵਾਜਾਈ ਚੱਲ ਪਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸਦੇ ਲਈ ਸਿੱਧੇ ਤੌਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਜਿਨ੍ਹਾਂ ਦੀ ਢਿੱਲਮੱਠ ਕਾਰਨ ਦਰਿਆ ਪਾਰਲੇ ਪਿੰਡਾਂ ਦੇ ਲੋਕ ਪਰੇਸ਼ਾਨੀ ਵਿੱਚ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਵਿਧਾਇਕਾ ਅਰੁਣਾ ਚੌਧਰੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਲਈ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ।
ਦੀਵਾਲੀ ਵਾਲੀ ਰਾਤ ਪਿੰਡ ਵੜੈਚ ਵਿੱਚ ਮਜ਼ਦੂਰ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ
NEXT STORY