ਸਪੋਰਟਸ ਡੈਸਕ–ਭਾਰਤੀ ਟੀਮ ਪਿਛਲੇ 3 ਮੈਚਾਂ ਵਿਚ ਹਾਰ ਤੋਂ ਸਬਕ ਲੈ ਕੇ ਵੀਰਵਾਰ ਨੂੰ ਇੱਥੇ ਮਹਿਲਾ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੇ ਕੁਆਰਟਰ ਫਾਈਨਲ ਵਰਗੇ ਮੁਕਾਬਲੇ ਵਿਚ ਜਿੱਤ ਦਰਜ ਕਰ ਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰੇਗੀ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਜੇਕਰ ਡੀ. ਵਾਈ. ਪਾਟਿਲ ਸਟੇਡੀਅਮ ਦੇ ’ਚ ਨਿਊਜ਼ੀਲੈਂਡ ਦੀ ਟੀਮ ਨੂੰ ਹਰਾ ਦਿੰਦੀ ਹੈ ਤਾਂ ਉਹ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਾਲੀ ਚੌਥੀ ਟੀਮ ਬਣ ਜਾਵੇਗੀ ਪਰ ਜੇਕਰ ਉਹ ਪਿਛਲੇ ਤਿੰਨ ਮੈਚਾਂ ਦੀ ਤਰ੍ਹਾਂ ਗਲਤੀਆਂ ਕਰਦੀ ਹੈ ਤਾਂ ਫਿਰ ਉਹ ਅਗਰ-ਮਗਰ ਦੀ ਸਥਿਤੀ ਵਿਚ ਫਸ ਜਾਵੇਗੀ। ਜੇਕਰ ਭਾਰਤ ਨਿਊਜ਼ੀਲੈਂਡ ਹੱਥੋਂ ਹਾਰ ਜਾਂਦਾ ਹੈ ਤਾਂ ਉਸ ਨੂੰ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਲਈ ਇੰਗਲੈਂਡ ਦੀ ਨਿਊਜ਼ੀਲੈਂਡ ਵਿਰੁੱਧ ਅਗਲੇ ਮੈਚ ਵਿਚ ਜਿੱਤ ਲਈ ਦੁਆ ਕਰਨੀ ਪਵੇਗੀ ਤੇ ਫਿਰ ਬੰਗਲਾਦੇਸ਼ ਵਿਰੁੱਧ ਆਪਣੇ ਆਖਰੀ ਗਰੁੱਪ ਲੀਗ ਮੈਚ ਵਿਚ ਵੀ ਜਿੱਤ ਹਾਸਲ ਕਰਨੀ ਪਵੇਗੀ। ਆਸਟ੍ਰੇਲੀਆ, ਦੱਖਣੀ ਅਫਰੀਕਾ ਤੇ ਇੰਗਲੈਂਡ ਪਹਿਲਾਂ ਹੀ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਹਨ।
ਭਾਰਤ ਵੀ ਸੈਮੀਫਾਈਨਲ ਵਿਚ ਪਹੁੰਚਣ ਦਾ ਪ੍ਰਮੁੱਖ ਦਾਅਵੇਦਾਰ ਸੀ ਪਰ ਲਗਾਤਾਰ ਤਿੰਨ ਮੈਚ ਗਵਾਉਣ ਕਾਰਨ ਉਸਦੇ ਸਮੀਕਰਣ ਵਿਗੜ ਗਏ ਹਨ। ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਦੋਵਾਂ ਨੇ ਭਾਰਤ ਦੀ ਗੇਂਦਬਾਜ਼ੀ ਦੀ ਕਮਜ਼ੋਰੀ ਨੂੰ ਖੁੱਲ੍ਹ ਕੇ ਉਜਾਗਰ ਕੀਤਾ ਪਰ ਉਸ ਨੂੰ ਸਭ ਤੋਂ ਵੱਡਾ ਝਟਕਾ ਇੰਦੌਰ ਵਿਚ ਇੰਗਲੈਂਡ ਵਿਰੁੱਧ ਲੱਗਾ ਜਿੱਥੇ ਉਸ ਨੂੰ ਇਕ ਸਮੇਂ 54 ਗੇਂਦਾਂ ’ਤੇ 56 ਦੌੜਾਂ ਦੀ ਲੋੜ ਸੀ ਪਰ ਉਹ ਟੀਚੇ ਤੱਕ ਪਹੁੰਚਣ ਵਿਚ ਅਸਫਲ ਰਿਹਾ।
ਭਾਰਤ ਦੀ ਸਮੱਸਿਆ ਛੇਵੇਂ ਗੇਂਦਬਾਜ਼ੀ ਬਦਲ ਤੱਕ ਹੀ ਸੀਮਤ ਨਹੀਂ ਹੈ। ਉਸ ਦੀ ਟੀਮ ਘਰੇਲੂ ਧਰਤੀ ’ਤੇ ਖੇਡਣ ਦੇ ਦਬਾਅ ਨਾਲ ਨਜਿੱਠਣ ਲਈ ਵੀ ਸੰਘਰਸ਼ ਕਰ ਰਹੀ ਹੈ। ਦਬਾਅ ਵਿਚ ਭਾਰਤ ਦੀ ਕਮਜ਼ੋਰੀ ਤੇ ਵਿਸ਼ੇਸ਼ ਕਲਾ ਦੀ ਕਮੀ ਕਪਤਾਨ ਹਰਮਨਪ੍ਰੀਤ ਤੇ ਮੁੱਖ ਕੋਚ ਅਮੋਲ ਮਜੂਮਦਾਰ ਲਈ ਸਭ ਤੋਂ ਵੱਡੀ ਚਿੰਤਾ ਬਣੀ ਹੋਈ ਹੈ।
ਹੁਣ ਤੱਕ ਭਾਰਤ ਦੀ ਕੋਈ ਵੀ ਚੋਟੀ ਦੀ ਬੱਲੇਬਾਜ਼ ਮੈਚ ਖਤਮ ਕਰਨ ਲਈ ਲੰਬੇ ਸਮੇਂ ਤੱਕ ਨਹੀਂ ਟਿਕ ਸਕੀ ਹੈ। ਇਹ ਹੀ ਨਹੀਂ, ਉਸਦੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਦਾ ਘਾਟ ਸਪੱਸ਼ਟ ਨਜ਼ਰ ਆ ਰਹੀ ਹੈ। ਅਜਿਹੀ ਸਥਿਤੀ ਵਿਚ ਭਾਰਤੀ ਬੱਲੇਬਾਜ਼ੀ ਦੀ ਮੁੱਖ ਆਧਾਰ ਰਹੀ ਹਰਮਨਪ੍ਰੀਤ ਤੇ ਫਾਰਮ ਵਿਚ ਚੱਲ ਰਹੀ ਸਮ੍ਰਿਤੀ ਮੰਧਾਨਾ ਦੀ ਤਜਰਬੇਕਾਰ ਜੋੜੀ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ।
ਭਾਰਤ ਨੇ ਆਪਣੀ ਗੇਂਦਬਾਜ਼ੀ ਨੂੰ ਮਜ਼ਬੂਤ ਕਰਨ ਲਈ ਪਿਛਲੇ ਮੈਚ ਵਿਚ ਜੇਮਿਮਾ ਰੋਡ੍ਰਿਗੇਜ਼ ਨੂੰ ਬਾਹਰ ਕਰ ਕੇ ਸਵਿੰਗ ਗੇਂਦਬਾਜ਼ੀ ਵਿਚ ਮਾਹਿਰ ਰੇਣੂਕਾ ਠਾਕੁਰ ਨੂੰ ਟੀਮ ਵਿਚ ਰੱਖਿਆ ਸੀ ਪਰ ਉਸਦੀ ਇਹ ਰਣਨੀਤੀ ਵੀ ਕਾਰਗਰ ਸਾਬਤ ਨਹੀਂ ਹੋਈ। ਭਾਰਤ ਜੇਕਰ ਇਸੇ ਸੁਮੇਲ ਦੇ ਨਾਲ ਉਤਰਦਾ ਹੈ ਤਾਂ ਦਬਾਅ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਵਾਲੀ ਹਰਲੀਨ ਦਿਓਲ ’ਤੇ ਹੋਵੇਗਾ ਜਿਹੜੀ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਨਹੀਂ ਬਦਲ ਸਕੀ ਹੈ।
ਇੱਥੋਂ ਦੀ ਪਿੱਚ ਰਵਾਇਤੀ ਰੂਪ ਨਾਲ ਬੱਲੇਬਾਜ਼ਾਂ ਦੇ ਅਨੁਕੂਲ ਰਹੀ ਹੈ ਪਰ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਦੂਜੀ ਪਾਰੀ ਵਿਚ ਤਰੇਲ ਦੇ ਅਸਰ ਨੂੰ ਲੈ ਕੇ ਚੌਕਸ ਰਹਿਣਾ ਪਵੇਗਾ। ਸੋਫੀ ਡਿਵਾਈਨ ਤੇ ਸੂਜੀ ਬੇਟਸ ਦੀ ਤਜਰਬੇਕਾਰ ਜੋੜੀ ਭਾਰਤ ਲਈ ਸਖਤ ਚੁਣੌਤੀ ਪੇਸ਼ ਕਰੇਗੀ। ਨਿਊਜ਼ੀਲੈਂਡ ਦੀ ਟੀਮ ਪੂਰਣ ਮੈਚ ਖੇਡਣ ਲਈ ਉਤਸ਼ਾਹਿਤ ਹੋਵੇਗੀ ਕਿਉਂਕਿ ਕੋਲੰਬੋ ਵਿਚ ਉਸਦੇ ਦੋ ਮੈਚ ਮੀਂਹ ਕਾਰਨ ਰੱਦ ਕਰ ਦਿੱਤੇ ਗਏ ਸਨ।
ਟੀਮਾਂ ਇਸ ਤਰ੍ਹਾਂ ਹਨ
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਪ੍ਰਤਿਕਾ ਰਾਵਲ, ਹਰਲੀਨ ਦਿਓਲ, ਰਿਚਾ ਘੋਸ਼ (ਵਿਕਟਕੀਪਰ), ਜੇਮਿਮਾ ਰੋਡ੍ਰਿਗਜ਼, ਅਮਨਜੋਤ ਕੌਰ, ਸਨੇਹ ਰਾਣਾ, ਦੀਪਤੀ ਸ਼ਰਮਾ, ਕ੍ਰਾਂਤੀ ਗੌੜ,ਅਰੁੰਧਤੀ ਰੈੱਡੀ, ਰੇਣੂਕਾ ਸਿੰਘ ਠਾਕੁਰ, ਸ਼੍ਰੀ ਚਰਣੀ, ਰਾਧਾ ਯਾਦਵ ਤੇ ਓਮਾ ਸ਼ੇਤਰੀ।
ਨਿਊਜ਼ੀਲੈਂਡ : ਸੋਫੀ ਡਿਵਾਈਨ (ਕਪਤਾਨ), ਇਸਾਬੇਲ ਗੇਜ (ਵਿਕਟਕੀਪਰ), ਮੈਡੀ ਗ੍ਰੀਨ, ਪੌਲੀ ਇੰਗਲਿਸ (ਵਿਕਟਕੀਪਰ),ਬੇਲਾ ਜੇਮਸ, ਜਾਰਜੀਆ ਪਿਲਮਰ, ਸੂਜੀ ਬੇਟਸ, ਬਰੂਕ ਹਾਲਿਡੇ, ਅਮੇਲੀਆ ਕੇਰ, ਈਡਨ ਕਾਰਸਨ, ਬ੍ਰੀ ਇਲਿੰਗ, ਜੈੱਸ ਕੇਰ, ਰੋਜ਼ਮੈਰੀ ਮੈਯਰ, ਹੰਨਾ ਰੋਵੇ ਤੇ ਲੀ ਤਾਹੁਹੂ।
ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ 26-27 ਨਵੰਬਰ ਨੂੰ ਦਿੱਲੀ ’ਚ ਹੋਣ ਦੀ ਸੰਭਾਵਨਾ
NEXT STORY