ਝਬਾਲ/ਬੀਡ਼ ਸਾਹਿਬ, (ਲਾਲੂ ਘੁੰਮਣ, ਬਖਤਾਵਰ)- ਸਰਹੱਦੀ ਖੇਤਰ ਝਬਾਲ ਅਤੇ ਸਰਾਏ ਅਮਾਨਤ ਖਾਂ ਦੇ ਪਿੰਡਾਂ ਅੰਦਰ ਪਿਛਲੇ ਦਿਨਾਂ ਤੋਂ ਝੁੰਡ ਬਣਾ ਕੇ ਰਸਤਿਆਂ ’ਚ ਖਲੋ ਕੇ ਰਾਹਗੀਰਾਂ ਤੋਂ ਭੀਖ ਮੰਗ ਰਹੀਆਂ ‘ਮਾਡਲ ਭਿਖਾਰਣਾਂ’ ਨੂੰ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ ਦੀ ਅਗਵਾਈ ’ਚ ਸਿੰਘਾਂ ਵੱਲੋਂ ਕਾਬੂ ਕਰ ਕੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਹਵਾਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਹਿਰਾਸਤ ’ਚ ਲਈਆਂ ਗਈਆਂ ਪ੍ਰਵਾਸੀ ਲਡ਼ਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿੱਥੋਂ ਆਈਆਂ ਹਨ ਅਤੇ ਉਨ੍ਹਾਂ ਦਾ ਇੱਥੇ ਆਉਣ ਦਾ ਮਕਸਦ ਕੀ ਹੈ। ਗੌਰਤਲਬ ਹੈ ਕਿ ਪਿਛਲੇ ਕਈ ਦਿਨਾਂ ਤੋਂ ਖੇਤਰ ਦੇ ਪਿੰਡਾਂ ਅਤੇ ਕਸਬਿਆਂ ਦੀਆਂ ਦੁਕਾਨਾਂ ’ਤੇ ਜਾ ਕੇ ਵੱਖ-ਵੱਖ ਸੂਬਿਆਂ ਜਿਵੇਂ ਉਡ਼ੀਸਾ, ਮੱਧ ਪ੍ਰਦੇਸ਼, ਰਾਜਸਥਾਨ, ਕੇਰਲਾ ਅਤੇ ਕਰਨਾਟਕ ਆਦਿ ਦੀਆਂ ਹੋਣ ਦਾ ਦਾਅਵਾ ਕਰਦੀਆਂ ਉਕਤ ਪ੍ਰਵਾਸੀ ਮਾਡਲ ਭਿਖਾਰਣਾਂ ਜਿਨ੍ਹਾਂ ਨੇ ਪੱਛਮੀ ਪਹਿਰਾਵਾ ਪੈਂਟਾਂ ਅਤੇ ਟੀ-ਸ਼ਰਟਾਂ ਪਹਿਨੀਆਂ ਹੋਈਆਂ ਹਨ, ਵੱਲੋਂ ਸੋਕਾ ਪੈਣ ਅਤੇ ਹਡ਼੍ਹ ਆਉਣ ਦਾ ਹਵਾਲਾ ਦਿੰਦਿਆਂ ਆਰਥਕ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ। ਉਕਤ ਭਿਖਾਰਣਾਂ ਵਲੋਂ ਜ਼ਿਆਦਾਤਰ ਸਡ਼ਕਾਂ ’ਤੇ ਝੁੰਡਾਂ ਦੇ ਰੂਪ ’ਚ ਖਡ਼੍ਹੀਆਂ ਹੋ ਕੇ ਮੋਟਰਸਾਈਕਲ ਅਤੇ ਕਾਰਾਂ ਵਾਲਿਆਂ ਨੂੰ ਰੋਕ ਕੇ ਉਨ੍ਹਾਂ ਤੋਂ ਤਰਸ ਦੇ ਅਧਾਰ ’ਤੇ ਆਰਥਕ ਸਹਾਇਤਾ ਦੇ ਨਾਂ ’ਤੇ ਭਾਰੀ ਗਿਣਤੀ ’ਚ ਮੋਟੀ ਉਗਰਾਹੀ ਕੀਤੀ ਜਾ ਰਹੀ ਹੈ। ਭਾਈ ਤਰਲੋਚਨ ਸਿੰਘ ਸੋਹਲ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਨੂੰ ਵੀ ਪਿੰਡ ਢੰਡ ਨਜ਼ਦੀਕ ਰੋਕ ਕੇ ਉਕਤ ‘ਮਾਡਰਣ ਭਿਖਾਰਣਾਂ’ ਵੱਲੋਂ ਜਦੋਂ ਉਨ੍ਹਾਂ ਨੂੰ ਸੋਕਾ ਪੈਣ ਅਤੇ ਹਡ਼੍ਹ ਆਉਣ ਦੇ ਰਟੇ-ਰਟਾਏ ਟੋਟਕਿਆਂ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਕਤ ਲਡ਼ਕੀਆਂ ਦੇ ਪਹਿਰਾਵੇ ਅਤੇ ਆਰਥਕ ਸਹਾਇਤਾ ਮੰਗਣ ਦੇ ਅੰਦਾਜ਼ ਤੋਂ ਉਨ੍ਹਾਂ ਨੂੰ ਸ਼ੱਕ ਪੈਣ ’ਤੇ ਉਨ੍ਹਾਂ ਨੇ ਲਡ਼ਕੀਆਂ ਨੂੰ ਜਦੋਂ ਉਨ੍ਹਾਂ ਦੇ ਸੂਬਿਆਂ ਸਬੰਧੀ ਸਵਾਲ ਕੀਤੇ ਤਾਂ ਉਹ ਤਸੱਲੀਬਖਸ਼ ਜੁਆਬ ਦੇਣ ਦੀ ਜਗ੍ਹਾ ਪੈਸੇ ਦੇਣ ਲਈ ਆਪਣੇ ਆਕਰਸ਼ਿਤ ਪਹਿਰਾਵੇ ਰਾਹੀਂ ਉਨ੍ਹਾਂ ’ਤੇ ਦਬਾਅ ਬਣਾਉਣ ਲੱਗੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਲਡ਼ਕੀਆਂ ਨੂੰ ਸ਼ਨਾਖਤ ਸਬੰਧੀ ਸਬੂਤ ਪੇਸ਼ ਕਰਨ ਲਈ ਕਹਿਣ ’ਤੇ ਜਦੋਂ ਪਿੱਛਾ ਛੁਡਾਉਣ ਲੱਗੀਆਂ ਤਾਂ ਉਨ੍ਹਾਂ ਵੱਲੋਂ ਮੌਕੇ ’ਤੇ ਥਾਣਾ ਮੁਖੀ ਸਰਾਏ ਅਮਾਨਤ ਖਾਂ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਨੂੰ ਸੂਚਿਤ ਕਰਨ ’ਤੇ ਉਨ੍ਹਾਂ ਵੱਲੋਂ ਮੌਕੇ ’ਤੇ ਏ. ਐੱਸ. ਆਈ. ਭਗਵੰਤ ਸਿੰਘ ਸਮੇਤ ਪੁਲਸ ਪਾਰਟੀ ਨੂੰ ਭੇਜਿਆ ਗਿਆ, ਜਿਨ੍ਹਾਂ ਹਵਾਲੇ ਉਨ੍ਹਾਂ ਵੱਲੋਂ ਉਕਤ ਲਡ਼ਕੀਆਂ ਨੂੰ ਕਰ ਦਿੱਤਾ ਗਿਆ। ਭਾਈ ਸੋਹਲ ਨੇ ਦੱਸਿਆ ਕਿ ਇਲਾਕੇ ’ਚ ਐਨੀ ਵੱਡੀ ਤਾਦਾਦ ’ਚ ਬਿਨਾਂ ਸ਼ਨਾਖਤ ਵਾਲੀਆਂ ਅਣਪਛਾਤੀਆਂ ਇਨ੍ਹਾਂ ਲਡ਼ਕੀਆਂ ਦਾ ਝੁੰਡ ਬਣਾ ਕੇ ਫਿਰਨਾ ਖਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਆਏ ਦਿਨ ਲੁੱਟਾਂ-ਖੋਹਾਂ, ਚੋਰੀਆਂ ਅਤੇ ਬੱਚਿਆਂ ਦੇ ਗਾਇਬ ਹੋਣ ਦੀਆਂ ਘਟਨਾਵਾਂ ਦਾ ਵਾਪਰਣਾ ਵੀ ਕਈ ਪ੍ਰਕਾਰ ਦੇ ਸਵਾਲ ਖਡ਼੍ਹੇ ਹੁੰਦੇ ਹਨ। ਉਨ੍ਹਾਂ ਨੇ ਪੁਲਸ ਤੋਂ ਮੰਗ ਕੀਤੀ ਕਿ ਉਕਤ ਲਡ਼ਕੀਆਂ ਦੀ ਬਾਰੀਕੀ ਨਾਲ ਜਾਂਚ ਕਰ ਕੇ ਹੀ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਇਹ ਵੀ ਜਾਂਚ ਕੀਤੀ ਜਾਵੇ ਕਿ ਉਕਤ ਲਡ਼ਕੀਆਂ ਵਾਕਿਆ ਹੀ ਮਦਦ ਲਈ ਦੂਜੇ ਸੂਬਿਆਂ ਤੋਂ ਆਈਆਂ ਹਨ, ਜਾਂ ਕਿਸੇ ਵੱਲੋਂ ਕਮਾਈ ਦੇ ਨੈੱਟਵਰਕ ਤਹਿਤ ਇਨ੍ਹਾਂ ਨੂੰ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਜਰੇ ਪਿੱਛੇ ਕੀ ਕਹਾਣੀ ਅਤੇ ਇਸ ਦਾ ਮਾਸਟਰ ਮਾਇੰਡ ਕੌਣ ਹੈ, ਸੱਚਾਈ ਸਾਹਮਣੇ ਲਿਆਂਦੀ ਜਾਵੇ। ਇਸ ਮੌਕੇ ਭਾਈ ਸਰੂਪ ਸਿੰਘ ਭੁੱਚਰ, ਭਾਈ ਸਤਨਾਮ ਸਿੰਘ ਸੋਹਲ, ਭਾਈ ਸੁਖਜਿੰਦਰ ਸਿੰਘ ਕਿੰਗ, ਭਾਈ ਰਣਜੀਤ ਸਿੰਘ ਅਤੇ ਹੋਰ ਸਿੰਘ ਹਾਜ਼ਰ ਸਨ।
ਲਡ਼ਕੀਆਂ ਸਬੰਧੀ ਬਾਰੀਕੀ ਨਾਲ ਕੀਤੀ ਜਾ ਰਹੀ ਐ ਜਾਂਚ : ਇੰਸਪੈਕਟਰ
ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਹਿਰਾਸਤ ’ਚ ਲਈਆਂ ਗਈਆਂ ਉਕਤ ਲਡ਼ਕੀਆਂ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਡ਼ਕੀਆਂ ਦੇ ਸ਼ਨਾਖਤੀ ਪਰੂਫ ਮੰਗਵਾਏ ਜਾ ਰਹੇ ਹਨ ਅਤੇ ਉਨ੍ਹਾਂ ਦੇ ਪਿਛੋਕਡ਼ ਸਬੰਧੀ ਵੀ ਰਿਕਾਰਡ ਖੰਘਾਲਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਪਿਛੋਕਡ਼ ਕਿਤੇ ਅਪਰਾਧਿਕ ਤਾਂ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲਡ਼ਕੀਆਂ ਸਬੰਧੀ ਪੂਰੀ ਬਾਰੀਕੀ ਨਾਲ ਛਾਣਬੀਣ ਕਰ ਕੇ ਹੀ ਕੋਈ ਅਗਲਾ ਫੈਸਲਾ ਲਿਆ ਜਾਵੇਗਾ।
ਦਾਜ ਦੇ ਲਾਲਚੀਆਂ ਨੇ ਲੜਕੀ ਨਾਲ ਕੁੱਟ-ਮਾਰ ਕਰ ਕੇ ਬਣਾਇਆ ਬੰਦੀ
NEXT STORY