ਅੰਮ੍ਰਿਤਸਰ (ਨੀਰਜ)- ਚਾਈਨਾ ਡੋਰ ਸਰਦੀਆਂ ਸ਼ੁਰੂ ਹੁੰਦੇ ਹੀ ਵਿਕਣ ਲੱਗ ਜਾਂਦੀ ਹੈ, ਪਰ ਲੋਹੜੀ ਦਾ ਤਿਉਹਾਰ ਨੇੜੇ ਆਉਂਦੇ ਹੀ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਬਲੈਕ ਵਿਚ ਹੋਣੀ ਸ਼ੁਰੂ ਹੋ ਜਾਂਦੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੋਹੜੀ ਦੇ ਮੱਦੇਨਜ਼ਰ ਪਾਬੰਦੀਸ਼ੁਦਾ ਚਾਈਨਾ ਗੱਟੂ ਜੋ ਕਿ 300 ਤੋਂ 400 ਰੁਪਏ ਵਿਚ ਵਿਕ ਰਿਹਾ ਸੀ, ਇਸ ਸਮੇਂ ਬਲੈਕ ਵਿਚ 1100 ਰੁਪਏ ਵਿਚ ਵੇਚਿਆ ਜਾ ਰਿਹਾ ਹੈ ਅਤੇ ਨਾਜਾਇਜ਼ ਤੌਰ ’ਤੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਇਨ੍ਹਾਂ ਦਿਨਾਂ ਵਿਚ ਭਾਰੀ ਮੁਨਾਫ਼ਾ ਕਮਾ ਰਹੇ ਹਨ।
ਇਹ ਵੀ ਪੜ੍ਹੋ- ਠੰਡ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਦੇ ਆਂਗਣਵਾੜੀ ਸੈਂਟਰਾਂ 'ਚ ਕੀਤਾ ਛੁੱਟੀਆਂ ਦਾ ਐਲਾਨ
ਇਸ ਤਰ੍ਹਾਂ ਕਰ ਕੇ ਉਹ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ ਅਤੇ ਇਸ ਦੇ ਨਾਲ-ਨਾਲ ਪਸ਼ੂ-ਪੰਛੀ ਵੀ ਬੁਰੀ ਤਰ੍ਹਾਂ ਤੜਫ਼ ਕੇ ਮਰਨ ਲਈ ਮਜ਼ਬੂਰ ਹੋ ਰਹੇ ਹਨ। ਹਰ ਰੋਜ਼ ਆਸਮਾਨ ਵਿਚ ਕੋਈ ਨਾ ਕੋਈ ਪੰਛੀ ਤਾਰਾਂ ਵਿਚ ਫਸ ਕੇ ਮਰ ਜਾਂਦਾ ਹੈ, ਇੱਥੋਂ ਤੱਕ ਕਿ ਸਕੂਟਰਾਂ ਅਤੇ ਮੋਟਰਸਾਈਕਲਾਂ ਦੇ ਬੁਸ਼ ਤੋਂ ਲੈ ਕੇ ਛੱਤਾਂ ’ਤੇ ਪਾਣੀ ਦੀਆਂ ਟੈਂਕੀਆਂ ਵਿਚ ਲੱਗੀਆਂ ਪਾਈਪਾਂ ਨੂੰ ਵੀ ਚਾਈਨਾ ਡੋਰ ਕੱਟ ਦਿੰਦੀ ਹੈ। ਪਸ਼ੂ ਜਿਨ੍ਹਾਂ ਵਿਚ ਅਵਾਰਾ ਪਸ਼ੂ ਜੋ ਗਲਤੀ ਨਾਲ ਚਾਈਨਾ ਡੋਰ ਨਿਗਲ ਲੈਂਦਾ ਹੈ, ਉਹ ਵੀ ਬਚਦਾ ਨਹੀਂ ਹੈ। ਇਸ ਤੋਂ ਇਲਾਵਾ ਸੀਵਰੇਜ ਵੀ ਜਾਮ ਹੋ ਜਾਂਦੇ ਹਨ, ਇੱਥੋਂ ਤੱਕ ਕਿ ਚਾਈਨਾ ਡੋਰ ਕਾਰਨ ਸਕੂਟਰਾਂ ਅਤੇ ਮੋਟਰਸਾਈਕਲਾਂ ਦੇ ਪਹੀਆਂ ਦੇ ਐਕਸਲ ਵੀ ਕੱਟ ਜਾਂਦੇ ਹਨ।
ਬੱਚਿਆਂ ਦੇ ਮਾਪੇ ਤੱਕ ਖਰੀਦ ਕੇ ਦੇ ਰਹੇ ਹਨ ਡੋਰ
ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਸਕੂਲਾਂ-ਕਾਲਜਾਂ ਵਿਚ ਬੱਚਿਆਂ ਨੂੰ ਚਾਈਨਾ ਡੋਰ ਨਾ ਵਰਤਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਦੇਖਿਆ ਗਿਆ ਹੈ ਕਿ ਬੱਚਿਆਂ ਦੇ ਕੁਝ ਮਾਪੇ ਵੀ ਚਾਈਨਾ ਡੋਰ ਖਰੀਦ ਕੇ ਆਪਣੇ ਬੱਚਿਆਂ ਨੂੰ ਦੇ ਰਹੇ ਹਨ। ਦੂਜੇ ਪਾਸੇ ਇਸ ਡੋਰ ਦਾ ਨਿਰਮਾਣ ਕਰਨ ਵਾਲੀਆਂ ਫੈਕਟਰੀਆਂ ਵੱਲੋਂ ਚਾਈਨਾ ਗੱਟੂ ਦੇ ਸਟਿੱਕਰ ’ਤੇ ਲਿਖਿਆ ਗਿਆ ਹੈ ਕਿ ਇਹ ਪਤੰਗ ਦੀ ਵਰਤੋਂ ਲਈ ਨਹੀਂ ਹੈ, ਭਾਵ ਜੇਕਰ ਫੜੇ ਗਏ ਤਾਂ ਕਾਨੂੰਨ ਦੀ ਆੜ ਲਈ ਜਾ ਸਕੇ, ਹਾਲਾਂਕਿ ਇਹ ਸਭ ਜਾਣਦੇ ਹਨ ਕਿ ਚਾਈਨਾ ਡੋਰ ਮੁੱਖ ਤੌਰ ’ਤੇ ਪੰਜਾਬ ਦੇ ਇਲਾਕੇ ਵਿਚ ਪਤੰਗ ਉਡਾਉਣ ਲਈ ਹੀ ਵਰਤੀ ਜਾਂਦੀ ਹੈ।
ਇਹ ਵੀ ਪੜ੍ਹੋ- CBSE ਨੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ 'ਚ ਕੀਤੇ ਬਦਲਾਅ
ਚਾਈਨਾ ਡੋਰ ਵੇਚਣ ਵਾਲੇ ਪੇਸ਼ੇਵਰ ਅਪਰਾਧੀ ਫਿਰ ਤੋਂ ਸਰਗਰਮ
ਚਾਈਨਾ ਡੋਰ ਕਰੀਬ 16 ਤੋਂ 17 ਸਾਲ ਪਹਿਲਾਂ ਪ੍ਰਚਲਣ 'ਚ ਆਈ ਸੀ ਅਤੇ ਰਵਾਇਤੀ ਡੋਰ ਅਤੇ ਪਤੰਗ ਵਿਕਰੇਤਾਵਾਂ ਵੱਲੋਂ ਇਸ ਦੀ ਵਿਕਰੀ ਸ਼ੁਰੂ ਕੀਤੀ ਗਈ ਸੀ। ਪਰ ਜਦੋਂ ਪ੍ਰਸ਼ਾਸਨ ਵੱਲੋਂ ਸਖ਼ਤੀ ਕੀਤੀ ਗਈ ਤਾਂ ਡੋਰ ਵੇਚਣ ਵਾਲਿਆਂ ਨੇ ਇਸ ਦੀ ਵਿਕਰੀ ਬੰਦ ਕਰ ਦਿੱਤੀ, ਪਰ ਇਸ਼ ਦੇ ਬਾਵਜੂਦ ਕੁਝ ਪੇਸ਼ੇਵਰ ਅਪਰਾਧੀ, ਜਿਨ੍ਹਾਂ ਦਾ ਪਤੰਗ ਅਤੇ ਡੋਰ ਦੇ ਕਾਰੋਬਾਰ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ ਸੀ, ਉਨ੍ਹਾਂ ਨੇ ਚਾਈਨਾ ਡੋਰ ਦੀ ਵਿਕਰੀ ਕਰਨੀ ਸ਼ੁਰੂ ਕਰ ਦਿੱਤੀ। ਇਸਲਾਮਾਬਾਦ ਇਲਾਕੇ ਵਿਚ ਇਕ ਸਮੋਸਾ ਵੇਚਣ ਵਾਲਾ ਜੋ ਕਈ ਵਾਰ ਚਾਈਨਾ ਡੋਰ ਵੇਚਦਾ ਫੜਿਆ ਗਿਆ ਹੈ, ਅਜੇ ਵੀ ਚਾਈਨਾ ਡੋਰ ਵੇਚ ਰਿਹਾ ਹੈ।
ਪੁਲਸ ਅਤੇ ਪ੍ਰਸ਼ਾਸਨ ਨੂੰ ਸਾਂਝੀਆਂ ਟੀਮਾਂ ਬਣਾਉਣ ਦੀ ਲੋੜ
ਚਾਈਨਾ ਡੋਰ ਦੀ ਵਰਤੋਂ ਸ਼ੁਰੂ ਹੋਣ ’ਤੇ ਤਤਕਾਲੀ ਡੀ.ਸੀ. ਕਾਹਨ ਸਿੰਘ ਪੰਨੂ ਵੱਲੋਂ ਪੁਲਸ ਅਤੇ ਡਿਊਟੀ ਮੈਜਿਸਟ੍ਰੇਟ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ ਸਨ ਅਤੇ ਚਾਈਨਾ ਡੋਰ ਦੀ ਵਰਤੋਂ ਕਰਨ ਅਤੇ ਵੇਚਣ ਵਾਲਿਆਂ ਵਿਰੁੱਧ ਵੀ ਸਾਂਝੀ ਕਾਰਵਾਈ ਕੀਤੀ ਗਈ ਸੀ। ਸਮਾਜ ਸੇਵੀ ਜਥੇਬੰਦੀਆਂ ਵੱਲੋਂ ਗੰਭੀਰਤਾ ਨਾਲ ਮੰਗ ਕੀਤੀ ਜਾ ਰਹੀ ਹੈ ਕਿ ਚਾਈਨਾ ਡੋਰ ਦੀ ਵਰਤੋਂ ਕਰਨ ਅਤੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਦੋ ਪਹੀਆ ਵਾਹਨ ਚਾਲਕਾਂ ਦੇ ਕੱਟਦੀ ਹੈ ਗਲੇ
ਦੋ ਪਹੀਆ ਵਾਹਨ ਚਲਾਉਣ ਵਾਲੇ ਲੋਕ ਖਾਸ ਤੌਰ ’ਤੇ ਚਾਈਨਾ ਡੋਰ ਦਾ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਚਾਈਨਾ ਡੋਰ ਉਨ੍ਹਾਂ ਦੇ ਗਲੇ ਵਿਚ ਫਸ ਜਾਂਦੀ ਹੈ ਅਤੇ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ ਜਾਂ ਫਿਰ ਉਸ ਦੀ ਮੌਤ ਵੀ ਹੋ ਜਾਂਦੀ ਹੈ। ਚਾਈਨਾ ਡੋਰ ਦੇ ਡਰ ਕਾਰਨ ਕਈ ਦੋਪਹੀਆ ਵਾਹਨ ਚਲਾਉਣ ਵਾਲੇ ਲੋਕਾਂ ਨੇ ਚਾਰ ਪਹੀਆ ਵਾਹਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਦੋਪਹੀਆ ਵਾਹਨਾਂ ਨੂੰ ਛੱਡ ਦਿੱਤਾ ਹੈ ਪਰ ਹਰ ਵਿਅਕਤੀ ਦੇ ਘਰ ਵਿਚ ਕਾਰ ਜਾਂ ਐੱਸ.ਯੂ.ਵੀ. ਨਹੀਂ ਹੈ।
ਚਾਈਨਾ ਡੋਰ ਵੇਚਣ ਵਾਲਿਆਂ ਦਾ ਪੂਰਾ ਨੈੱਟਵਰਕ ਫੜਿਆ ਜਾਵੇਗਾ
ਪਿਛਲੇ ਇਕ ਹਫ਼ਤੇ ਵਿਚ ਪੁਲਸ ਵੱਲੋਂ ਚਾਈਨਾ ਡੋਰ ਨਾਲ ਫੜੇ ਜਾਣ ਦੇ ਅੱਧੀ ਦਰਜਨ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਸ਼ਹਿਰ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਸ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰ ਰਹੀ ਹੈ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇ ਉਹ ਕੋਈ ਵੀ ਹੋਵੇ। ਜਲਦ ਹੀ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾਵੇਗਾ, ਕਿਉਂਕਿ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਜੇਲ੍ਹ ’ਚ ਇਕ ਵਾਰ ਫਿਰ ਭਿੜੇ ਹਵਾਲਾਤੀ, ਅੱਧਾ ਦਰਜਨ ਹੋਏ ਜ਼ਖ਼ਮੀ
NEXT STORY