ਤਰਨਤਾਰਨ/ਚੋਹਲਾ ਸਾਹਿਬ,(ਰਾਕੇਸ਼ ਨਈਅਰ)— ਜ਼ਿਲਾ ਮੈਜਿਸਟ੍ਰੇਟ ਤਰਨਤਾਰਨ ਪ੍ਰਦੀਪ ਕੁਮਾਰ ਨੇ ਜ਼ੁਰਮ/ਵਾਰਦਾਤਾਂ ਦੀ ਰੋਕਥਾਮ ਕਰਨੀ ਜ਼ਰੂਰੀ ਸਮਝਦਿਆ ਹੋਇਆ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਤਰਨਤਾਰਨ ਦੀ ਸੀਮਾਵਾਂ ਅੰਦਰ ਇਹ ਹੁਕਮ ਜਾਰੀ ਕੀਤਾ ਹੈ। ਇਸ ਦੌਰਾਨ ਜ਼ਿਲੇ ਦੀ ਮਿਉਸੀਪਲ ਕਮੇਟੀਆਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ 'ਚ ਰਹਿਣ ਵਾਲਾ ਜਦੋਂ ਵੀ ਕੋਈ ਵਿਅਕਤੀ ਆਪਣੇ ਘਰ ਵਿੱਚ ਕਿਰਾਏਦਾਰ, ਨੌਕਰ, ਪੇਇੰਗ ਗੈਸਟ ਰੱਖਦਾ ਹੈ ਤਾਂ ਉਹ ਉਸ ਦਾ ਪੂਰਾ ਵੇਰਵਾ ਨੇੜੇ ਦੇ ਪੁਲਿਸ ਥਾਣੇ ਜਾਂ ਚੌਂਕੀ ਵਿੱਚ ਦਰਜ ਕਰਵਾਏਗਾ।
ਜ਼ਿਲਾ ਮੈਜਿਸਟ੍ਰੇਟ ਦੇ ਧਿਆਨ 'ਚ ਆਇਆ ਹੈ ਕਿ ਜ਼ਿਲਾ ਤਰਨਤਾਰਨ ਵਿੱਚ ਦਿਨ ਪ੍ਰਤੀ ਦਿਨ ਚੋਰੀਆਂ ਅਤੇ ਹੋਰ ਜ਼ੁਰਮ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਜ਼ਿਲਾ ਚੰਡੀਗੜ, ਹਰਿਆਣਾ ਦੇ ਨਜ਼ਦੀਕ ਅਤੇ ਇਥੇ ਇੰਡਸਟਰੀ ਹੋਣ ਕਾਰਨ ਦੂਜੇ ਰਾਜਾਂ ਅਤੇ ਬਾਹਰੀ ਜ਼ਿਲਿਆਂ ਤੋਂ ਬਹੁਤ ਸਾਰੇ ਲੋਕ ਨੌਕਰੀ, ਕੰਮਕਾਜ ਵਗੈਰਾ ਕਰਨ ਲਈ ਆਉਦੇ ਹਨ। ਇਸ ਤੋਂ ਇਲਾਵਾ ਹੋਰ ਵਿੱਦਿਅਕ ਅਦਾਰਿਆਂ, ਸੰਸਥਾਵਾਂ ਵਿੱਚ ਪੜਾਈ ਲਈ ਦੂਜੇ ਰਾਜਾਂ ਤੋਂ ਵਿਦਿਆਰਥੀ, ਸਿਖਿਆਰਥੀ, ਵੱਖ-ਵੱਖ ਕਿੱਤਿਆਂ, ਕਾਰੋਬਾਰਾਂ ਨਾਲ ਸੰਬੰਧਿਤ ਵਿਅਕਤੀ ਬਤੌਰ ਪੇਇੰਗ ਗੈਸਟ ਅਤੇ ਕਾਲ ਸੈਂਟਰਾਂ 'ਚ ਸਰਵਿਸ ਕਰ ਰਹੇ ਵਿਅਕਤੀ ਵੀ ਕਿਰਾਏ 'ਤੇ ਰਹਿ ਰਹੇ ਹਨ। ਇਨਾਂ 'ਚ ਕੁਝ ਵਿਅਕਤੀ ਵਾਰਦਾਤਾਂ ਕਰਨ ਤੋਂ ਬਾਅਦ ਵਾਪਸ ਚਲੇ ਜਾਂਦੇ ਹਨ ਅਤੇ ਬਾਅਦ ਵਿੱਚ ਉਨਾਂ ਨੂੰ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ। ਮਕਾਨ ਮਾਲਿਕਾਂ ਵੱਲੋਂ ਇਨ੍ਹਾਂ ਕਿਰਾਏਦਾਰਾਂ ਦੀ ਸੂਚਨਾ ਪੁਲਸ ਕੋਲ ਦਰਜ ਨਹੀਂ ਕਰਵਾਈ ਜਾਂਦੀ। ਜਿਸ ਕਰਕੇ ਅਮਨ ਅਤੇ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜ਼ਿਲਾ ਮੈਜਿਸਟ੍ਰੇਟ ਨੇ ਇੱਕ ਹੋਰ ਹੁਕਮ ਜਾਰੀ ਕਰਦਿਆਂ ਜਿਲਾ ਤਰਨਤਾਰਨ ਦੀ ਹਦੂਦ ਅੰਦਰ ਪੈਂਦੇ ਸ਼ਹਿਰਾਂ, ਕਸਬਿਆਂ ਦੇ ਬਜ਼ਾਰਾਂ 'ਚ ਵਧਾ ਕੇ ਟੀਨਾ ਲਗਾਉਣ ਅਤੇ ਸਾਈਨ ਬੋਰਡ ਲਗਾਉਣ 'ਤੇ ਪਾਬੰਦੀ ਲਗਾਈ ਹੈ।
ਜ਼ਿਲਾ ਮੈਜਿਸਟ੍ਰੇਟ ਨੇ ਇਕ ਹੋਰ ਹੁਕਮ ਜ਼ਾਰੀ ਕੀਤਾ ਹੈ ਕਿ ਜ਼ਿਲਾ ਤਰਨ ਤਾਰਨ ਦੀਆਂ ਸੀਮਾਵਾਂ ਅੰਦਰ ਵਧੀਕ ਡਾਇਰਟੈਕਟ ਜਨਰਲ ਪੁਲਿਸ, ਟਰੈਫਿਕ, ਚੰਡੀਗੜ ਤੋਂ ਬਿਨ੍ਹਾਂ ਪ੍ਰਵਾਨਗੀ ਲਏ ਗੱਡੀਆਂ ਤੇ ਲਾਲ ਬੱਤੀ, ਨੀਲੀ ਬੱਤੀ, ਅੰਬਰ ਬੱਤੀ, ਕਾਲੀ ਫਿਲਮ ਅਤੇ ਸ਼ੀਸ਼ੀਆ ਅਤੇ ਵਹੀਕਲਾਂ ਉਪਰ ਅਣ ਅਧਿਕਾਰਿਤ ਤਰੀਕੇ ਨਾਲ ਵਿਭਾਗਾਂ ਦੇ ਨਾਮ ਜਿਵੇਂ ਪੁਲਸ, ਆਰਮੀ, ਵੀ. ਆਈ. ਪੀ ਅਤੇ ਗੌਵਰਨਮੈਂਟ ਡਿਊਟੀ ਲਿਖਾ ਕੇ ਸਟੀਕਰ ਆਦਿ ਲਗਾਉਣ 'ਤੇ ਪੂਰਨ ਪਾਬੰਦੀ ਲਗਾਈ ਜਾਂਦੀ ਹੈ । ਇਸ ਤੋਂ ਇਲਾਵਾ ਜ਼ਿਲੇ ਵਿਚ ਕਿਸੇ ਵੀ ਦੁਕਾਨਦਾਰ ਵੱਲੋਂ ਜੇਕਰ ਕਾਲੀ ਫਿਲਮ, ਨੀਲੀਆਂ ਬੱਤੀਆਂ, ਲਾਲ ਬੱਤੀਆਂ ਅਤੇ ਅੰਬਰ ਬੱਤੀਆਂ ਵੇਚੀਆਂ ਜਾਂਦੀਆਂ ਹਨ ਅਤੇ ਗੱਡੀਆਂ ਦੇ ਸ਼ੀਸ਼ੀਆਂ ਤੇ ਕਾਲੀ ਫਿਲਮ ਲਗਾਈ ਜਾਂਦੀ ਹੈ ਤਾਂ ਉਨ੍ਹਾਂ 'ਤੇ ਵੀ ਪੂਰਨ ਪਾਬੰਦੀ ਲਗਾਈ ਜਾਂਦੀ ਹੈ । ਇਹ ਹੁਕਮ ਸੁਰੱਖਿਆ ਅਮਲੇ/ਡਿਊਟੀ 'ਤੇ ਤਾਇਨਾਤ ਪੁਲਸ ਅਮਲੇ 'ਤੇ ਲਾਗੂ ਨਹੀਂ ਹੋਵੇਗਾ ।
ਜ਼ਿਲਾ ਮੈਜਿਸਟ੍ਰੇਟ ਨੇ ਇੱਕ ਹੁਕਮ ਜਾਰੀ ਕਰਕੇ ਆਮ ਜਨਤਾ ਨੂੰ ਹੁਕਮ ਦਿੱਤਾ ਹੈ ਕਿ ਜ਼ਿਲਾ ਤਰਨ ਤਾਰਨ ਦੀ ਹਦੂਦ ਦੇ ਅੰਦਰ ਕੋਈ ਵੀ ਵਿਅਕਤੀ ਆਪਸੀ ਪਸ਼ੂਆਂ ਨੂੰ ਸ਼ਰੇਆਮ ਸੜਕਾਂ 'ਤੇ ਜਾਂ ਜਨਤਕ ਥਾਵਾਂ 'ਤੇ ਚਰਾਉਣ ਲਈ ਲੈ ਕੇ ਨਹੀਂ ਜਾਣਗੇ ਅਤੇ ਨਾ ਹੀ ਅਵਾਰਾ ਛੱਡਣਗੇ । ਜ਼ਿਲਾ ਮੈਜਿਸਟ੍ਰੇਟ, ਤਾਰਨ ਤਾਰਨ ਪਰਦੀਪ ਕੁਮਾਰ ਸੱਭਰਵਾਲ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜ਼ਾਰੀ ਕੀਤਾ ਹੈ ਕਿ ਜ਼ਿਲਾ ਤਰਨ ਤਾਰਨ ਵਿਚ ਵੱਖ-ਵੱਖ ਅਵਾਜ਼ਾਂ ਵਾਲੇ ਹਾਰਨ, ਪ੍ਰੈਸ਼ਰ ਹਾਰਨ, ਸਿਲੈਨਸਰ ਕਢਵਾਏ ਵਹੀਕਲਾਂ ਦੀ ਵਰਤੋਂ ਕਰਨ, ਵਹੀਕਲ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਕਰਨ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ।ਪਾਬੰਦੀ ਦੇ ਇਹ ਹੁਕਮ 8 ਮਾਰਚ, 2019 ਤੱਕ ਲਾਗੂ ਰਹਿਣਗੇ।
ਅੰਮ੍ਰਿਤਸਰ 'ਚ ਲੁੱਟ ਦੀ ਝੂਠੀ ਵਾਰਦਾਤ ਦਾ ਪਰਦਾਫਾਸ਼
NEXT STORY