ਗੁਰਦਾਸਪੁਰ (ਹਰਮਨ) - ਇਕ ਪਾਸੇ ਕਿਸਾਨਾਂ ਵੱਲੋਂ ਖੇਤੀਬਾੜੀ ਦੇ ਧੰਦੇ ਨੂੰ ਘਾਟੇ ਦਾ ਸੌਦਾ ਦੱਸ ਕੇ ਇਸ ਤੋਂ ਤੌਬਾ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਗੁਰਦਾਸਪੁਰ ਦੇ ਪਿੰਡ ਆਲੇ ਚੱਕ ਨਾਲ ਸਬੰਧਤ ਇਕ ਕਿਸਾਨ ਕਮਲਜੀਤ ਸਿੰਘ ਨੇ ਸਿਰਫ਼ 3 ਏਕੜ ਖੇਤਾਂ ਵਿਚ ਵੀ ਆਪਣੀ ਸੂਝਬੂਝ ਅਤੇ ਮਿਹਨਤ ਨਾਲ ਖੇਤੀਬਾੜੀ ਦੇ ਧੰਦੇ ਨੂੰ ਚੋਖੀ ਆਮਦਨ ਦਾ ਸਾਧਨ ਬਣਾਇਆ ਹੈ। ਇਸ ਦੌਰਾਨ ਖ਼ਾਸ ਗੱਲ ਇਹ ਹੈ ਕਿ ਉਕਤ ਕਿਸਾਨ ਇਕੱਲਾ ਹੀ ਖੇਤਾਂ ਵਿਚ ਕੰਮ ਕਰਦਾ ਹੈ, ਜਿਸ ਨੇ ਰਵਾਇਤੀ ਫ਼ਸਲਾਂ ਤੋਂ ਮੂੰਹ ਫੇਰ ਕੇ ਸਬਜ਼ੀਆਂ, ਫੁੱਲਾਂ, ਸਰੋਂ, ਦਾਲਾਂ ਤੇ ਗੰਨੇ ਦੀ ਖੇਤੀ ਨੂੰ ਤਰਜੀਹ ਦਿੱਤੀ ਹੈ।
ਇਸ ਮਾਮਲੇ ਦੇ ਸਬੰਧ ਵਿੱਚ ਉਕਤ ਕਿਸਾਨ ਨੇ ਦੱਸਿਆ ਕਿ ਉਸ ਕੋਲ 3 ਏਕੜ ਜ਼ਮੀਨ ਹੈ ਅਤੇ ਉਸ ਨੇ ਇਕ ਏਕੜ ਖੇਤ ਵਿਚ ਗੰਨੇ ਦੀ ਫ਼ਸਲ ਬੀਜ ਕੇ ਉਸੇ ਹੀ ਖੇਤ ਵਿੱਚ ਗੰਨੇ ਦੇ ਨਾਲ ਫੁੱਲਾਂ ਦੀ ਇੰਟਰਕਰਾਪਿੰਗ ਕੀਤੀ ਹੈ। ਇਕ ਹੋਰ ਖੇਤ ਵਿਚ ਗੰਨੇ ਦੇ ਨਾਲ ਨਾਲ ਸਰੋਂ ਦੀ ਇੰਟਰਕਰਾਪਿੰਗ ਵੀ ਕੀਤੀ ਹੋਈ ਹੈ। ਇਸੇ ਤਰ੍ਹਾਂ ਉਸ ਨੇ ਇਕ ਖੇਤ ਵਿਚ ਨਿੰਬੂ ਅਤੇ ਗੰਨੇ ਦੀ ਇੰਟਰਕਰਾਪਿੰਗ ਵੀ ਕੀਤੀ ਹੈ।
ਮਿੱਲਾਂ ’ਚ ਗੰਨਾ ਲਿਜਾਣ ਦੀ ਬਜਾਏ ਵੇਚਦਾ ਹੈ ਗੁੜ
ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਮਿੱਲ ਵਿਚ ਗੰਨਾ ਵੇਚਣ ਦੀ ਬਜਾਏ ਗੰਨੇ ਤੋਂ ਗੁੜ ਤਿਆਰ ਕਰ ਕੇ ਵੇਚਦਾ ਹੈ। ਇਸ ਮੰਤਵ ਲਈ ਉਸ ਨੇ ਵੇਲਣਾ ਲਗਾਇਆ ਹੈ ਅਤੇ ਖੁਦ ਹੀ ਗੁੜ ਤਿਆਰ ਕਰ ਕੇ ਵੇਚਦਾ ਹੈ। ਇਸੇ ਤਰ੍ਹਾਂ ਗੰਨੇ ਦੀ ਫ਼ਸਲ ਵਿਚ ਬੀਜੇ ਗਏ ਫੁੱਲਾਂ ਨੂੰ ਵੀ ਉਹ ਖੁਦ ਸਪਲਾਈ ਕਰਦਾ ਹੈ। ਉਸ ਨੇ ਕਿਹਾ ਕਿ ਹੁਣ ਤੱਕ ਦੇ ਤਜਰਬੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੰਨੇ ਦੀ ਫ਼ਸਲ ਵਿਚ ਸਬਜ਼ੀਆਂ ਦੇ ਮੁਕਾਬਲੇ ਫੁੱਲਾਂ ਦੀ ਇੰਟਰਕਰਾਪਿੰਗ ਜ਼ਿਆਦਾ ਲਾਹੇਵੰਦ ਸਿੱਧ ਹੁੰਦੀ ਹੈ।
ਹੋਰ ਕਿਸਾਨਾਂ ਵੀ ਕੀਤੀ ਅਪੀਲ
ਕਮਲਜੀਤ ਸਿੰਘ ਨੇ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਰਵਾਇਤੀ ਫ਼ਸਲਾਂ ਦੀ ਬਜਾਏ ਅਜਿਹੀ ਖੇਤੀ ਕਰਨ ਨੂੰ ਤਰਜੀਹ ਦੇਣ ਨਾਲ ਕਿਸਾਨਾਂ ਦੀ ਆਮਦਨ ਵੀ ਵਧ ਸਕੇ ਅਤੇ ਨਾਲ ਹੀ ਮਿੱਟੀ, ਹਵਾ ਤੇ ਪਾਣੀ ਨੂੰ ਬਚਾਇਆ ਜਾ ਸਕੇ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਬੇਲੋੜੀਆਂ ਖਾਦਾਂ ਦਵਾਈਆਂ ਪਾਉਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਕਮਲਜੀਤ ਸਿੰਘ ਨੇ ਕਿਹਾ ਕਿ ਕੋਈ ਵੀ ਕੰਮ ਮੁਸ਼ਕਲ ਨਹੀਂ ਹੈ ਪਰ ਕਿਸਾਨ ਮਿਹਨਤ ਕਰਨ ਦੀ ਬਜਾਏ ਸੌਖਾ ਕੰਮ ਕਰਨਾ ਚਾਹੁੰਦੇ ਹਨ, ਜਿਸ ਕਾਰਨ ਖੇਤੀਬਾੜੀ ਦੇ ਧੰਦੇ ’ਚ ਕਈ ਚੁਣੌਤੀਆਂ ਪੇਸ਼ ਆ ਰਹੀਆਂ ਹਨ।
ਗੁਰਦਾਸਪੁਰ ਤੋਂ ਵੱਡੀ ਖ਼ਬਰ : ਜਾਅਲੀ ਸਰਟੀਫਿਕੇਟ ਤਿਆਰ ਕਰਕੇ ਭਰਤੀ ਹੋਏ 128 ਟੀਚਿੰਗ ਫੈਲੋਜ
NEXT STORY