ਅੰਮ੍ਰਿਤਸਰ, (ਅਗਨੀਹੋਤਰੀ)- ਨਗਰ ਨਿਗਮ ਅਧੀਨ ਆਉਂਦੇ ਛੇਹਰਟਾ ਦੇ ਮੇਨ ਬਾਜ਼ਾਰ ਪ੍ਰਤਾਪ ਬਾਜ਼ਾਰ ਛੇਹਰਟਾ ’ਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਨਾਜਾਇਜ਼ ਤੌਰ ’ਤੇ ਸਾਮਾਨ ਲਾ ਕੇ ਕੀਤੇ ਕਬਜ਼ਿਆਂ ਤੇ ਰੇਹਡ਼ੀਆਂ-ਫਡ਼੍ਹੀਆਂ ਲਾਉਣ ਨਾਲ ਟ੍ਰੈਫਿਕ ਸਮੱਸਿਆ ਪੈਦਾ ਹੋਣ ਕਾਰਨ ਬਾਜ਼ਾਰ ’ਚ ਵੱਖ-ਵੱਖ ਪਿੰਡਾਂ ਤੇ ਆਸ-ਪਾਸ ਦੇ ਇਲਾਕਿਆਂ ’ਚੋਂ ਖਰੀਦਦਾਰੀ ਲਈ ਆਉਣ ਵਾਲਿਅਾਂ ਲਈ ਚੱਲਣ ਯੋਗ ਰਸਤਾ ਨਾ ਹੋਣ ’ਤੇ ਮਜਬੂਰਨ ਉਨ੍ਹਾਂ ਨੂੰ ਸਡ਼ਕ ’ਤੇ ਚੱਲਣਾ ਪੈਂਦਾ ਹੈ। ਨਾਜਾਇਜ਼ ਕਬਜ਼ਿਆਂ ਕਾਰਨ ਲੋਕਾਂ ਨੂੰ ਆਪਣੇ ਵਾਹਨ ਸਡ਼ਕ ’ਤੇ ਹੀ ਖਡ਼੍ਹੇ ਕਰਨੇ ਪੈਂਦੇ ਹਨ। ਛੇਹਰਟਾ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਸਬੰਧੀ ਕਈ ਵਾਰ ਉਕਤ ਬਾਜ਼ਾਰ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਚੁੱਕਾ ਹੈ ਤੇ ਹਰ ਵਾਰ ਨਿਗਮ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਇਥੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਸਬੰਧੀ ਇਕ ਮਹੀਨੇ ਦਾ ਕਹਿ ਕੇ ਸਮਾਂ ਟਪਾ ਦਿੱਤਾ ਜਾਂਦਾ ਰਿਹਾ। ਨਿਗਮ ਕਮਿਸ਼ਨਰ ਸੋਨਾਲੀ ਗਿਰੀ, ਮੇਅਰ ਕਰਮਜੀਤ ਸਿੰਘ ਰਿੰਟੂ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਆਦਿ ਦੇ ਨਿਰਦੇਸ਼ਾਂ ’ਤੇ ਅੰਮ੍ਰਿਤਸਰ ਸ਼ਹਿਰ ਦੇ ਮੇਨ ਬਾਜ਼ਾਰਾਂ ’ਚ ਦੁਕਾਨਾਂ ਦੇ ਬਾਹਰ ਸਾਮਾਨ ਲਾ ਕੇ ਨਾਜਾਇਜ਼ ਤੌਰ ’ਤੇ ਕਬਜ਼ੇ ਕਰਨ ਵਾਲਿਆਂ ’ਤੇ ਕਾਰਵਾਈ ਕਰਨ ਤਹਿਤ ਪਿਛਲੇ ਕੁਝ ਦਿਨਾਂ ਤੋਂ ਛੇਹਰਟਾ ਮੇਨ ਪ੍ਰਤਾਪ ਬਾਜ਼ਾਰ ’ਚ ਨਿਗਮ ਅਧਿਕਾਰੀ ਨਿਰਭੈ ਸਿੰਘ ਤੇ ਰਣਜੀਤ ਸਿੰਘ (ਦੋਵੇਂ ਚੀਫ ਸੈਨੇਟਰੀ ਇੰਸਪੈਕਟਰ), ਰਮਨ ਕੁਮਾਰ, ਬਲਦੇਵ ਕੁਮਾਰ ਤੇ ਅਸ਼ੋਕ ਕੁਮਾਰ (ਤਿੰਨੋਂ ਸੈਨੇਟਰੀ ਇੰਸਪੈਕਟਰ) ਵੱਲੋਂ ਦੁਕਾਨਦਾਰਾਂ ਨੂੰ ਉਪਰੋਕਤ ਕਬਜ਼ਿਆਂ ਨੂੰ ਹਟਾਉਣ ਸਬੰਧੀ ਕਾਰਵਾਈ ਕਰਦਿਆਂ ਚਿਤਾਵਨੀ ਦਿੱਤੀ ਗਈ।
ਇਸ ਸਬੰਧੀ ਜਦ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੁਕਾਨਾਂ ਦੇ ਬਾਹਰ 3 ਫੁੱਟ ਤੱਕ ਸਾਮਾਨ ਲਾ ਕੇ ਗੰਦਗੀ ਫੈਲਾਉਣ ਵਾਲੀਆਂ ਦੁਕਾਨਾਂ ਦੇ ਮਹੀਨੇ ਦੇ 1500 ਰੁਪਏ ਕੱਟੇ ਜਾ ਰਹੇ ਹਨ ਤੇ ਕੁਝ ਸਮੇਂ ਤੱਕ ਚੱਲਣ-ਫਿਰਨ ਵਾਲੀਆਂ ਰੇਹਡ਼ੀਆਂ ’ਤੇ ਜੀ. ਪੀ. ਐੱਸ. ਲਾਏ ਜਾਣਗੇ। ਉਨ੍ਹਾਂ ਕਿਹਾ ਕਿ 1-2 ਦਿਨਾਂ ’ਚ ਦੁਕਾਨਾਂ ਦੇ ਬਾਹਰ ਸਾਮਾਨ ਲਾ ਕੇ ਨਾਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਾਂ ਦੇ ਚਲਾਨ ਕੱਟ ਕੇ ਵਿਭਾਗ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਘਰ ਨੇੜੇ ਦਿੱਤਾ ਧਰਨਾ
NEXT STORY