ਝਬਾਲ/ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ, ਭਾਟੀਆ) : ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਮੁਗਲ ਫੌਜਾਂ ਨੂੰ ਜੰਗ-ਏ-ਮੈਦਾਨ 'ਚ ਲੋਹੇ ਦੇ ਚਣੇ ਚਬਾਉਣ ਵਾਲੀ ਸਿੱਖ ਜਰਨੈਲ ਸਿੰਘਣੀ ਅਤੇ ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ 40 ਸਿੱਖਾਂ ਦੀ ਟੁੱਟੀ ਗੰਢਣ ਲਈ ਪ੍ਰੇਰਣਾ ਸਰੋਤ ਬਨਣ ਵਾਲੀ ਝਬਾਲ ਦੀ ਜੰਮਪਲ ਮਾਈ ਭਾਗੋ ਜੀ ਦਾ ਬੁੱਤ ਗੁ. ਮਾਈ ਭਾਗੋ ਜੀ ਝਬਾਲ ਦੇ ਮੁੱਖ ਮਾਰਗ 'ਤੇ ਲਾਇਆ ਜਾਵੇਗਾ। ਇਹ ਜਾਣਕਾਰੀ ਬੁੱਤ ਲਾਉਣ ਲਈ ਚੁਣੀ ਗਈ ਜਗ੍ਹਾ ਦਾ ਜਾਇਜ਼ਾ ਲੈਂਦਿਆਂ ਅੱਡਾ ਝਬਾਲ ਦੇ ਸਰਪੰਚ ਸੋਨੂੰ ਚੀਮਾ ਅਤੇ ਸਰਪੰਚ ਮੋਨੂੰ ਚੀਮਾ ਨੇ ਦਿੰਦਿਆਂ ਦੱਸਿਆ ਕਿ ਝਬਾਲ ਦੀ ਧਰਤੀ 'ਤੇ ਜਿਥੇ ਮਾਈ ਭਾਗੋ ਜੀ ਨੇ ਜਨਮ ਲਿਆ ਹੈ, ਜਿੰਨ੍ਹਾਂ ਦਾ ਸਿੱਖ ਇਤਿਹਾਸ 'ਚ ਬਹੁਤ ਉੱਚਾ ਅਸਥਾਨ ਹੈ ਉਥੇ ਹੀ ਚੌਧਰੀ (ਬਾਬਾ) ਲੰਗਾਹ ਜੀ ਅਤੇ ਬਾਬਾ ਬਘੇਲ ਸਿੰਘ ਜੀ (ਦਿੱਲੀ ਫਤਿਹ ਕਰਨ ਵਾਲੇ) ਵੀ ਇਸ ਧਰਤੀ ਦੇ ਜੰਮਪਲ ਹਨ ਜਦਕਿ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦੇ ਅਨੰਦ ਕਾਰਜ ਵੀ ਝਬਾਲ ਦੀ ਧਰਤੀ 'ਤੇ ਹੋਏ ਹਨ। ਸਰਪੰਚ ਸੋਨੂੰ ਚੀਮਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਿਆਸੀ ਪੱਖੋਂ ਵੀ ਇਸ ਕਸਬੇ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਕਿਉਂਕਿ ਇਸ ਕਸਬੇ ਦੇ ਜੰਮਪਲ ਕਾਮਰੇਡ ਦਰਸਨ ਸਿੰਘ ਝਬਾਲ ਪਹਿਲੇ ਕਮਿਊਨਿਸਟ ਨੇਤਾ ਹਨ, ਜਿੰਨ੍ਹਾਂ ਨੇ ਵਿਧਾਇਕ ਬਣ ਕੇ ਪੰਜਾਬ ਵਿਧਾਨ ਸਭਾ 'ਚ ਕਿਸਾਨ, ਮਜ਼ਦੂਰਾਂ ਅਤੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਸਰਪੰਚ ਸੋਨੂੰ ਚੀਮਾ ਨੇ ਦੱਸਿਆ ਕਿ ਮਾਈ ਭਾਗੋ ਜੀ ਦਾ ਬੁੱਤ ਲਾਉਣ ਲਈ ਜਗ੍ਹਾ ਚੁਣ ਲਈ ਗਈ ਹੈ ਅਤੇ ਬੁੱਤ ਨੂੰ ਪੂਰੇ ਸਤਿਕਾਰ ਸਹਿਤ ਯਾਦਗਰੀ ਗੇਟ ਕਾਮਰੇਡ ਦਰਸਨ ਸਿੰਘ ਦੇ ਨਜਦੀਕ ਧਾਰਮਿਕ ਰਵਾਇਤਾਂ ਅਨੁਸਾਰ ਸ਼ੁਸ਼ੋਭਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਸਬਾ ਝਬਾਲ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਕੋਲੋਂ ਇਸ ਕਸਬੇ ਨੂੰ ਸੁੰਦਰ ਗ੍ਰਾਮ ਵਜੋਂ ਵਿਕਸਤ ਕਰਾਉਣ ਲਈ ਤਜਵੀਜ਼ ਰੱਖੀ ਜਾਵੇਗੀ। ਇਸ ਮੌਕੇ ਸਰਪੰਚ ਮੋਨੂੰ ਚੀਮਾ ਤੋਂ ਇਲਾਵਾ ਯਾਦੋ ਭੱਠੇ ਵਾਲੇ, ਬਲਜੀਤ ਸਿੰਘ ਟਰਾਂਸਪੋਟਰ, ਪੀ. ਏ. ਮਨੋਜ ਕੁਮਾਰ, ਕਾਂਗਰਸੀ ਆਗੂ ਹੈਪੀ ਲੱਠਾ, ਚੇਅਰਮੈਨ ਸਾਗਰ ਸ਼ਰਮਾ, ਸਟਾਰ ਕਲੱਬ ਪ੍ਰਧਾਨ ਬੰਟੀ ਸ਼ਰਮਾ, ਡਾ. ਹਰੀਸ਼ ਸ਼ਰਮਾ, ਰਾਜਦਵਿੰਦਰ ਸਿੰਘ ਰਾਜਾ ਝਬਾਲ, ਦੁਕਾਨਦਾਰ ਯੂਨੀਅਨ ਝਬਾਲ ਦੇ ਪ੍ਰਧਾਨ ਰਿੰਕੂ ਛੀਨਾ ਅਤੇ ਗੁਰਜੀਤ ਸਿੰਘ ਜੀਓਬਾਲਾ ਆਦਿ ਹਾਜ਼ਰ ਸਨ।
ਜਬਰ-ਜ਼ਨਾਹ ਕਰਨ ਦੇ ਦੋਸ਼ 2 ਨਾਮਜ਼ਦ
NEXT STORY