ਤਰਨਤਾਰਨ, (ਰਾਜੂ, ਬਲਵਿੰਦਰ ਕੌਰ)- ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਆਮ ਚੋਣਾਂ-2018 ਲਈ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਵਕ ਮੁਕੰਮਲ ਹੋਇਆ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜ਼ਿਲਾ ਪ੍ਰੀਸ਼ਦ ਲਈ 483 ਅਤੇ ਪੰਚਾਇਤ ਸੰਮਤੀਆਂ ਲਈ 429 ਪੋਲਿੰਗ ਬੂਥਾਂ ’ਤੇ ਵੋਟਾਂ ਲਗਭਗ 43.77 ਫੀਸਦੀ ਪਈਆਂ। ਹਲਕਾ ਖਡੂਰ ਸਾਹਿਬ ’ਚ ਪਿੰਡ ਅਲਾਦੀਨਪੁਰ ਅਤੇ ਝੰਡੇਰ ’ਚ ਅਕਾਲੀਆਂ ਅਤੇ ਕਾਂਗਰਸੀ ਵਰਕਰਾਂ ’ਚ ਹੋਈਆਂ ਝਡ਼ਪਾਂ ਦਰਮਿਆਨ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।
ਉਨ੍ਹਾਂ ਦੱਸਿਆ ਕਿ ਬਲਾਕ ਤਰਨਤਾਰਨ ਵਿਚ 162 ਪੋਲਿੰਗ ਬੂਥਾਂ ’ਤੇ ਵੋਟਾਂ ਪਈਆਂ। ਬਲਾਕ ਗੰਡੀਵਿੰਡ ਵਿਚ 69 ਪੋਲਿੰਗ ਬੂਥਾਂ ’ਤੇ ਵੋਟਾਂ ਪਈਆਂ। ਬਲਾਕ ਪੱਟੀ ਵਿਚ 14 ਪੋਲਿੰਗ ਬੂਥਾਂ ’ਤੇ ਵੋਟਾਂ ਪਈਆਂ। ਬਲਾਕ ਨੌਸ਼ਹਿਰਾ ਪੰਨੂੰਆਂ ਵਿਚ 78 ਪੋਲਿੰਗ ਬੂਥਾਂ ’ਤੇ ਵੋਟਾਂ ਪਈਆਂ। ਉਨ੍ਹਾਂ ਦੱਸਿਆ ਕਿ ਬਲਾਕ ਭਿੱਖੀਵਿੰਡ ਵਿਚ 29 ਪੋੋਲਿੰਗ ਬੂਥਾਂ ’ਤੇ ਪੰਚਾਇਤ ਸੰਮਤੀ ਅਤੇ ਬਲਾਕ ਵਲਟੋਹਾ ਵਿਚ 21 ਪੋਲਿੰਗ ਬੂਥਾਂ ’ਤੇ ਪੰਚਾਇਤ ਸੰੰਮਤੀ ਲਈ ਵੋਟਾਂ ਪਈਆਂ। ਇਸ ਤੋਂ ਇਲਾਵਾ ਬਲਾਕ ਚੋਹਲਾ ਸਾਹਿਬ ਵਿਚ 69 ਪੋਲਿੰਗ ਬੂਥਾਂ ’ਤੇ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਵੋਟਾਂ ਪਈਆਂ। ਬਲਾਕ ਖਡੂਰ ਸਾਹਿਬ ਵਿਚ 122 ਪੋਲਿੰਗ ਬੂਥਾਂ ’ਤੇ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਲਈ ਵੋਟਾਂ ਪਈਆਂਤ ਜਾਣਕਾਰੀ ਅਨੁਸਾਰ ਪਿੰਡ ਅਲਾਦੀਨਪੁਰ ਵਿਖੇ ਮਾਮੂਲੀ ਗੱਲ ਤੋਂ ਬਾਅਦ ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਦੇ ਸਮਰਥਕਾਂ ਵਿਚ ਇੱਟਾਂ ਰੋਡ਼ੇ ਚੱਲਣ ਨਾਲ ਸਥਿਤੀ ਤਣਾਅਪੂਰਨ ਹੋ ਗਈ, ਜਿਸ ਨੂੰ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਤੇ ਐੱਸ. ਐੱਚ. ਓ. ਸਦਰ ਇੰਸਪੈਕਟਰ ਕਮਲਮੀਤ ਸਿੰਘ ਨੇ ਪੁਲਸ ਬਲ ਦੀ ਮਦਦ ਨਾਲ ਕਾਬੂ ਕਰ ਲਿਆ। ਇਸ ਹੋਏ ਤਕਰਾਰ ਵਿਚ ਦੋਵਾਂ ਪਾਰਟੀਆਂ ਦੇ ਸਮਰਥਕਾਂ ਨੂੰ ਸੱਟਾਂ ਲੱਗਣ ਦਾ ਵੀ ਪਤਾ ਲੱਗਾ ਹੈ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਅਲਾਦੀਨਪੁਰ ਨੈਸ਼ਨਲ ਹਾਈਵੇ ਉਪਰ ਮੌਜੂਦ ਸਰਕਾਰੀ ਸਕੂਲ ਤੋਂ 200 ਗਜ਼ ਦੀ ਦੂਰੀ ’ਤੇ ਦੁਪਹਿਰ ਕਰੀਬ 1.45 ਵਜੇ ਲੱਗੇ ਬੂਥ ’ਤੇ ਮੌਜੂਦ ਅਕਾਲੀ ਸਮਰਥਕਾਂ ਅਤੇ ਕਾਂਗਰਸੀ ਸਮਰਥਕਾਂ ਵਿਚ ਮਾਮੂਲੀ ਗੱਲ ਨੂੰ ਲੈ ਕੇ ਵਿਵਾਦ ਇੰਨਾ ਜ਼ਿਆਦਾ ਵਧ ਗਿਆ ਕਿ ਸਡ਼ਕ ’ਤੇ ਹੀ ਦੋਵਾਂ ਧਿਰਾਂ ਦਰਮਿਆਨ ਇੱਟਾਂ ਰੋਡ਼ੇ ਚੱਲ ਪਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਸ਼ਰਨ ਕੌਰ ਨੇ ਦੱਸਿਆ ਕਿ ਪੋਲਿੰਗ ਬੂਥ ਵਿਚ ਬਡ਼ੇ ਸ਼ਾਂਤਮਈ ਢੰਗ ਨਾਲ ਵੋਟਾਂ ਪੈ ਰਹੀਆਂ ਸਨ ਅਤੇ ਅਕਾਲੀ ਆਪਣੀ ਹਾਰ ਤੋਂ ਡਰਦੇ ਹੋਏ ਝਗਡ਼ਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀਆਂ ਨੂੰ ਲੈ ਆਏ। ਹਰਸ਼ਰਨ ਕੌਰ ਨੇ ਦੱਸਿਆ ਕਿ ਅਕਾਲੀ ਵਰਕਰਾਂ ਅਤੇ ਐੱਸ. ਜੀ. ਪੀ. ਸੀ. ਅੰਮ੍ਰਿਤਸਰ ਤੋਂ ਆਏ ਕਰਮਚਾਰੀਆਂ ਨੇ ਉਨ੍ਹਾਂ ਦੇ ਸਮਰਥਕਾਂ ਉਪਰ ਇੱਟਾਂ ਰੋਡ਼ੇ ਚਲਾਏ, ਜਿਸ ਨਾਲ ਉਨ੍ਹਾਂ ਦੇ ਕਈ ਵਰਕਰ ਜ਼ਖਮੀ ਹੋ ਗਏ।
ਓਧਰ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਬੀਬੀ ਦਲਬੀਰ ਕੌਰ, ਰੇਸ਼ਮ ਸਿੰਘ, ਜਸਵਿੰਦਰ ਸਿੰਘ ਮੈਨੇਜਰ ਸ੍ਰੀ ਹਰਿਮੰਦਰ ਸਾਹਿਬ, ਸਰਦਾਰਾ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਦੇ ਵਰਕਰਾਂ ਉਪਰ ਗੋਲੀਆਂ ਚਲਾਈਆਂ ਅਤੇ ਡਾਂਗਾ ਸੋਟਿਆਂ ਨਾਲ ਹਮਲਾ ਕਰ ਕੇ ਉਨ੍ਹਾਂ ਦੇ ਤਿੰਨ ਵਰਕਰਾਂ ਨੂੰ ਜ਼ਖਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮੌਕੇ ’ਤੇ ਪੁੱਜੇ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜਦੋਂ ਪੋਲਿੰਗ ਬੂਥ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਡਿਊਟੀ ’ਤੇ ਮੌਜੂਦ ਇਕ ਪੁਲਸ ਅਧਿਕਾਰੀ ਨੇ ਉਨ੍ਹਾਂ ਨੂੰ ਅੰਦਰ ਦਾਖਲ ਹੋਣ ਤੋ ਮਨ੍ਹਾ ਕਰ ਦਿੱਤਾ। ਇਸ ਦੌਰਾਨ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਕਮਲਮੀਤ ਸਿੰਘ ਨੇ ਮੌਕੇ ’ਤੇ ਪੁੱਜ ਕੇ ਸਾਰੀ ਸਥਿਤੀ ਨੂੰ ਸੰਭਾਲਿਆ ਅਤੇ ਲੋਕਾਂ ਨੂੰ ਸਮਝਾ ਕੇ ਉਨ੍ਹਾਂ ਦੇ ਘਰ ਭੇਜਿਆ। ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਕਮਲਮੀਤ ਸਿੰਘ ਨੇ ਦੱਸਿਆ ਕਿ ਦੋਵਾਂ ਪਾਰਟੀਆਂ ਵਿਚ ਮਾਮੂਲੀ ਝਗਡ਼ਾ ਹੋਇਆ ਹੈ, ਜਿਸ ਵਿਚ ਕਰੀਬ 7 ਵਿਅਕਤੀ ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਝਗਡ਼ੇ ਵਿਚ ਕੋਈ ਵੀ ਫਾਇਰਿੰਗ ਨਹੀਂ ਹੋਈ।
ਕੀ ਕਹਿੰਦੇ ਹਨ ਡੀ. ਐੱਸ. ਪੀ. ਸਿਟੀ-
ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਦੋਵਾਂ ਪਾਰਟੀਆਂ ਵੱਲੋ ਥਾਣਾ ਸਦਰ ਵਿਖੇ ਦਰਖਾਸਤਾਂ ਆ ਗਈਆਂ ਹਨ, ਜਿਸ ਦੀ ਜਾਂਚ ਕਰਨ ਤੋਂ ਬਾਅਦ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਸਾਹਿਬ ਦੇ ਹੁਕਮਾਂ ਤਹਿਤ ਲਾਅ ਐਂਡ ਆਰਡਰ ਨੂੰ ਕਾਇਮ ਰੱਖਿਆ ਗਿਆ ਹੈ ਅਤੇ ਵੋਟਾਂ ਸ਼ਾਂਤੀਪੂਰਵਕ ਮੁਕੱਮਲ ਹੋ ਗਈਆਂ ਹਨ। ਇਸ ਤੋਂ ਇਲਾਵਾ ਪਿੰਡ ਝੰਡੇਰ ਵਿਖੇ ਵੀ ਅਕਾਲੀ ਅਤੇ ਕਾਂਗਰਸੀ ਵਰਕਰਾਂ ਚ ਝਡ਼ਪ ਹੋਈ।
ਬੀਮੇ ਦੇ ਨਾਂ ’ਤੇ 90 ਹਜ਼ਾਰ ਦੀ ਠੱਗੀ
NEXT STORY