ਪਠਾਨਕੋਟ (ਸ਼ਾਰਦਾ)- ‘ਭਾਰਤ ਜੋੜੋ ਯਾਤਰਾ’ ’ਚ ਸਭ ਤੋਂ ਵੱਡੀ ਰੈਲੀ ਪਠਾਨਕੋਟ ਵਿਚ ਕੀਤੀ ਗਈ ਸੀ। ਇਸ ’ਚ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ, ਦਿਗਵਿਜੇ ਸਿੰਘ ਅਤੇ ਬਾਕੀ ਆਗੂਆਂ ਦੀ ਹਾਜ਼ਰੀ ’ਚ ਪ੍ਰਤਾਪ ਸਿੰਘ ਬਾਜਵਾ ਨੇ ਜੋ ਸਿਆਸੀ ਪੈਂਤੜਾ ਸੁੱਟਿਆ, ਉਸ ਦੇ ਕਈ ਸਿਆਸੀ ਅਰਥ ਕੱਢੇ ਜਾ ਰਹੇ ਹਨ। ਬਾਜਵਾ ਨੇ ਸਪਸ਼ਟ ਕੀਤਾ ਕਿ 2024 ’ਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਾਹੁਲ ਗਾਂਧੀ ਹੀ ਉਮੀਦਵਾਰ ਹੋਣੇ ਚਾਹੀਦੇ ਹਨ। ਸਾਨੂੰ ਕੋਈ ਪ੍ਰੋਕਸੀ ਆਗੂ ਨਹੀਂ ਚਾਹੀਦਾ। ਪ੍ਰਧਾਨ ਮੰਤਰੀ ਬਣ ਕੇ ਰਾਹੁਲ ਗਾਂਧੀ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ।
ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਸੀਨੀਅਰ ਆਗੂ ਹਨ। ਉਹ ਵਿਰੋਧੀ ਧਿਰ ਦੇ ਆਗੂ ਵੀ ਹਨ। ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। ਅਜਿਹੇ ਹਾਲਾਤ ’ਚ ਉਨ੍ਹਾਂ ਇਹ ਬਿਆਨ ਬਹੁਤ ਹੀ ਸੋਚ-ਸਮਝ ਕੇ ਦਿੱਤਾ ਹੋਵੇਗਾ। ਉਨ੍ਹਾਂ ਦੇ ਬਿਆਨ ਤੋਂ ਬਾਅਦ ਰਾਹੁਲ ਗਾਂਧੀ ਸਮੇਤ ਸਾਰੇ ਆਗੂ ਉਤਸ਼ਾਹਿਤ ਨਜ਼ਰ ਆਏ। ਵਰਕਰਾਂ ’ਚ ਵੀ ਉਤਸ਼ਾਹ ਵੇਖਣ ਨੂੰ ਮਿਲਿਆ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਰਾਹੁਲ ਗਾਂਧੀ ਨੂੰ ਇਕ ਵੱਡਾ ਅਤੇ ਹਰਮਨਪਿਆਰਾ ਆਗੂ ਦੱਸਦੇ ਹੋਏ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਰਾਹੁਲ ਗਾਂਧੀ ਹੀ ਇਕ ਅਜਿਹੇ ਆਗੂ ਹਨ, ਜੋ ਦਲਿਤਾਂ, ਗਰੀਬਾਂ, ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲ ਨੂੰ ਅੱਗੇ ਲਿਜਾ ਸਕਦੇ ਹਨ। ਨਾਲ ਹੀ ਉਨ੍ਹਾਂ ਦੇ ਹਿੱਤਾਂ ਲਈ ਲੜਾਈ ਵੀ ਲੜ ਸਕਦੇ ਹਨ।
ਇਹ ਵੀ ਪੜ੍ਹੋ- ਭਾਰਤ 'ਚ ਪਾਕਿ ਡਰੋਨ ਦੀ ਦਸਤਕ, BSF ਨੇ ਦਾਗੇ ਫ਼ਾਇਰ, ਤਲਾਸ਼ੀ ਮੁਹਿੰਮ ਜਾਰੀ
ਇਸ ਦਾ ਭਾਵ ਇਹ ਹੈ ਕਿ ਕਾਂਗਰਸ ਆਉਣ ਵਾਲੇ ਸਮੇਂ ’ਚ ਚਾਹੇ ਜਿੰਨੇ ਵੀ ਗਠਜੋੜ ਕਰੇ, ਉਸ ਦਾ ਯਤਨ ਇਹੀ ਰਹੇਗਾ ਕਿ ਰਾਹੁਲ ਗਾਂਧੀ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋਣ। ਬਾਕੀ ਪਾਰਟੀਆਂ ਸਹਿਯੋਗੀ ਦੀ ਭੂਮਿਕਾ ਵਿਚ ਰਹਿਣ। ਇਹ ਕੰਮ ਇੰਨਾ ਆਸਾਨ ਨਹੀਂ ਕਿਉਂਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਤਿੰਨ-ਚਾਰ ਦਾਅਵੇਦਾਰ ਹੋਰ ਵੀ ਹਨ। ਪੱਛਮੀ ਬੰਗਾਲ ਤੋਂ ਮਮਤਾ ਬੈਨਰਜੀ, ਬਿਹਾਰ ਤੋਂ ਨਿਤੀਸ਼ ਕੁਮਾਰ, ਮਹਾਰਾਸ਼ਟਰ ਤੋਂ ਸ਼ਰਦ ਪਵਾਰ ਅਤੇ ਤੇਲੰਗਾਨਾ ਤੋਂ ਚੰਦਰ ਸ਼ੇਖਰ ਰਾਓ ਵੀ ਆਪਣੀ ਤਾਲ ਠੋਕ ਰਹੇ ਹਨ। ਆਮ ਆਦਮੀ ਪਾਰਟੀ ਵੀ ਅਰਵਿੰਦ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰ ਰਹੀ ਹੈ।
ਪਠਾਨਕੋਟ ਦੀ ਰੈਲੀ ’ਚ ਜਿਸ ਤਰ੍ਹਾਂ ਨਾਲ ਪੂਰੇ ਜ਼ੋਰ-ਸ਼ੋਰ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਰੱਖੀ ਹੈ, ਯਕੀਨੀ ਤੌਰ ’ਤੇ ਸਾਰੇ ਵੱਡੇ ਆਗੂਆਂ ਨਾਲ ਬਣੀ ਸਹਿਮਤੀ ਤੋਂ ਬਾਅਦ ਹੀ ਉਨ੍ਹਾਂ ਇਸ ਏਜੰਡੇ ਨੂੰ ਅੱਗੇ ਕੀਤਾ ਹੋਵੇਗਾ। ਕਾਂਗਰਸ ਇਸ ਗੱਲ ਦਾ ਪੂਰਾ ਪ੍ਰਚਾਰ ਕਰ ਰਹੀ ਹੈ ਕਿ ਹਰਿਆਣਾ ਅਤੇ ਪੰਜਾਬ ’ਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਬਹੁਤ ਸਫ਼ਲ ਰਹੀ ਹੈ । ਵੀਰਵਾਰ ਇਹ ਯਾਤਰਾ ਜੰਮੂ-ਕਸ਼ਮੀਰ ’ਚ ਦਾਖ਼ਲ ਹੋ ਗਈ ਪਰ ਸਿਆਸੀ ਮਾਹਿਰ ਇਹ ਮੰਨਦੇ ਹਨ ਕਿ ਜੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਬਾਕੀ ਪਾਰਟੀਆਂ ਦੀ ਹਮਾਇਤ ਚਾਹੀਦੀ ਹੈ ਤਾਂ ਕਾਂਗਰਸ ਨੂੰ ਹਰ ਹਾਲਤ ’ਚ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਉਣਾ ਹੋਵੇਗਾ ।
ਇਹ ਵੀ ਪੜ੍ਹੋ- 1984 ਸਿੱਖ ਕਤਲੇਆਮ ਨੂੰ ਲੈ ਕੇ ਬੋਲੇ ਰਾਹੁਲ ਗਾਂਧੀ, ਦਿੱਤਾ ਅਹਿਮ ਬਿਆਨ
ਭਾਜਪਾ ਨੇ ਵੀ ਲੋਕ ਸਭਾ ਚੋਣਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ । ਕਾਂਗਰਸ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਆਹੁਦੇ ਲਈ ਅਜੇ ਦਾਅਵੇਦਾਰ ਵਜੋਂ ਪੇਸ਼ ਕੀਤਾ ਹੈ। ‘ਭਾਰਤ ਜੋੜੋ ਯਾਤਰਾ’ ਦੇ ਹੁਣ ਸਿਆਸੀ ਅਰਥ ਸਾਹਮਣੇ ਆਉਣ ਲੱਗੇ ਹਨ । ਕਾਂਗਰਸ ਇਸ ਯਾਤਰਾ ਨੂੰ ਲੈ ਕੇ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਨੌਕਰੀਸ਼ੁਦਾ ਪਰਿਵਾਰ ਦੇ ਘਰ ਹੋਈ ਚੋਰੀ, ਲੱਖਾਂ ਦਾ ਹੋਇਆ ਨੁਕਸਾਨ, ਚੋਰ ਹੋਇਆ cctv 'ਚ ਕੈਦ
NEXT STORY