ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਬੀਤੇ ਦਿਨੀਂ ਦੀਨਾਨਗਰ ਸਥਿਤ ਸ਼ੇਰ-ਏ-ਪੰਜਾਬ ਮਹਰਾਜਾ ਰਣਜੀਤ ਸਿੰਘ ਦੀ ਇਤਿਹਾਸਕ ਸ਼ਾਹੀ ਬਾਰਾਂਦਰੀ ਦੀ ਭੰਨ-ਤੋੜ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਰਵਾਈ ਨਾ ਕਰਨ `ਤੇ ਸੰਗਤਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਰੋਸ ਦੀ ਲਹਿਰ ਹੈ। ਵਿਰਾਸਤੀ ਮੰਚ ਬਟਾਲਾ ਦੇ ਚੇਅਰਮੈਨ ਐਡਵੋਕੇਟ ਐੱਚ.ਐੱਸ. ਮਾਂਗਟ, ਪ੍ਰਧਾਨ ਬਲਦੇਵ ਸਿੰਘ ਰੰਧਾਵਾ, ਜਨਰਲ ਸਕੱਤਰ ਇੰਦਰਜੀਤ ਸਿੰਘ ਹਰਪੁਰਾ ਸਮੇਤ ਮੰਚ ਦੇ ਸਮੂਹ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਕੋਲੋਂ ਮੰਗ ਕੀਤੀ ਹੈ ਕਿ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਵੱਲੋਂ ਸੁਰੱਖਿਅਤ ਘੋਸ਼ਿਤ ਕੀਤੀ ਗਈ ਇਸ ਇਮਾਰਤ ਦੀ ਭੰਨ-ਤੋੜ ਕਰਨ ਵਾਲੇ ਵਿਅਕਤੀਆਂ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇ ਅਤੇ ਇਸ ਇਮਾਰਤ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਤੁਰੰਤ ਰੋਕਿਆ ਜਾਵੇ।
ਇਹ ਵੀ ਪੜ੍ਹੋ- ਪੰਜਾਬ ਭਰ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ
ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਕੁਝ ਸ਼ਰਾਰਤੀ ਵਿਅਕਤੀਆਂ ਵੱਲੋਂ ਇਤਿਹਾਸਕ ਬਾਰਾਂਦਰੀ ਦੀਨਾਨਗਰ ਭੰਨ-ਤੋੜ ਕਰਕੇ ਉਸ ਉੱਪਰ ਗੈਰ ਕਾਨੂੰਨੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸਬੰਧੀ ਵਿਰਾਸਤੀ ਮੰਚ ਵੱਲੋਂ ਇੱਕ ਲਿਖਤੀ ਸ਼ਿਕਾਇਤ ਐੱਸ.ਡੀ.ਐੱਮ. ਦੀਨਾਨਗਰ ਨੂੰ ਵੀ ਦਿੱਤੀ ਗਈ ਸੀ ਤਾਂ ਜੋ ਬਾਰਾਂਦਰੀ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬਾਰਾਂਦਰੀ ਦੇ ਬਾਹਰ ਸ਼ਰਾਰਤੀ ਅਨਸਰਾਂ ਵੱਲੋਂ ਰੇਤ ਅਤੇ ਬੱਜਰੀ ਦੇ ਢੇਰ ਵੀ ਲਗਾਏ ਗਏ ਹਨ ਜੋ ਕਿ ਬਾਰਾਂਦਰੀ `ਤੇ ਲੈਂਟਰ ਪਾ ਕੇ ਇਸ ਉੱਪਰ ਕਬਜ਼ਾ ਕਰ ਸਕਣ। ਉਨ੍ਹਾਂ ਕਿਹਾ ਕਿ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਸਥਾਨਿਕ ਪ੍ਰਸ਼ਾਸਨ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜੋ ਕਿ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ- ਪੰਜਾਬ: ਗਰਮੀ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਲਈ ਅਹਿਮ ਹਦਾਇਤਾਂ ਜਾਰੀ
ਵਿਰਾਸਤੀ ਮੰਚ ਦੇ ਅਹੁਦੇਦਾਰਾਂ ਨੇ ਕਿਹਾ ਕਿ ਇਹ ਇਤਿਹਾਸਕ ਬਾਰਾਂਦਰੀ ਸਰਕਾਰ ਵੱਲੋਂ ਸੁਰੱਖਿਅਤ ਇਮਾਰਤ ਘੋਸ਼ਿਤ ਕੀਤੀ ਗਈ ਹੈ ਅਤੇ ਕੋਈ ਵੀ ਵਿਅਕਤੀ ਇਸ ਸਮਾਰਕ ਉੱਪਰ ਕਬਜ਼ਾ ਨਹੀਂ ਕਰ ਸਕਦਾ ਅਤੇ ਨਾ ਹੀ ਆਪਣੇ ਪੱਧਰ `ਤੇ ਇਸ ਉੱਪਰ ਲੈਂਟਰ ਪਾ ਕੇ ਇਸ ਦੀ ਵਿਰਾਸਤੀ ਦਿੱਖ ਨੂੰ ਵਿਗਾੜ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਇਸ ਇਤਿਹਾਸਕ ਇਮਾਰਤ ਉੱਪਰ ਕਬਜ਼ਾ ਕਰਨ ਦੀ ਨੀਅਤ ਨਾਲ ਕੀਤੀ ਜਾ ਰਹੀ ਭੰਨ-ਤੋੜ ਨੂੰ ਤੁਰੰਤ ਰੋਕੇ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਵਿਰਾਸਤੀ ਮੰਚ ਦੇ ਸਮੂਹ ਮੈਂਬਰਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਇਤਿਹਾਸਕ ਬਾਰਾਂਦਰੀ ਦੀ ਸਾਂਭ-ਸੰਭਾਲ ਕੀਤੀ ਜਾਵੇ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਸ਼ਾਹੀ ਬਾਰਾਂਦਰੀ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਵਿਰਾਸਤੀ ਮੰਚ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਇਹ ਬਾਰਾਂਦਰੀ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ ਅਤੇ ਉਹ ਅਕਸਰ ਹੀ ਹਰ ਸਾਲ ਗਰਮੀਆਂ ਦੇ ਮਹੀਨੇ ਦੀਨਾਨਗਰ ਵਿਖੇ ਗੁਜ਼ਾਰਦੇ ਸਨ। ਦੀਨਾਨਗਰ ਵਿਖੇ ਹੀ ਸਰਕਾਰ ਖ਼ਾਲਸਾ ਦੀ ਇੱਕ ਵੱਡੀ ਫ਼ੌਜੀ ਛਾਊਣੀ ਵੀ ਸੀ। ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਦੀਨਾਨਗਰ ਵਿਖੇ ਕਈ ਇਤਿਹਾਸਕ ਦਰਬਾਰ ਸਜਾਏ ਗਏ। ਇਸੇ ਕਰਕੇ ਇਸਨੂੰ ਸਰਕਾਰ ਖ਼ਾਲਸਾ ਜੀ ਦੀ ਗਰਮੀਆਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਸੀ।
ਇਹ ਵੀ ਪੜ੍ਹੋ- ਪੰਜਾਬ: ਚੱਲਦੀ ਬੱਸ ਦੀ ਛੱਤ 'ਤੇ ਲੜ ਪਏ ਪ੍ਰਵਾਸੀ, ਵੀਡੀਓ ਵਾਇਰਲ
ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਵਿਖੇ ਲਾਹੌਰ ਦਰਬਾਰ, ਅੰਗਰੇਜ਼ ਹਕੂਮਤ ਅਤੇ ਅਫ਼ਗਾਨਿਸਤਾਨ ਦੇ ਬਾਦਸ਼ਾਹ ਸ਼ਾਹ ਸੂਜਾ ਦਰਮਿਆਨ ਤ੍ਰੈ-ਪੱਖੀ ਸੰਧੀ ਹੋਈ ਸੀ। ਇਸ ਤੋਂ ਇਲਾਵਾ ਕਸ਼ਮੀਰ ਨੂੰ ਫ਼ਤਹਿ ਕਰਨ ਦੀ ਵਿਉਂਤਬੰਧੀ ਵੀ ਏਥੇ ਹੀ ਘੜੀ ਗਈ ਸੀ। ਉਨ੍ਹਾਂ ਦੱਸਿਆ ਕਿ ਅੰਗਰੇਜ਼ ਲਿਖਾਰੀ ਵਿਲੀਅਮ ਜੀ. ਆਸਬਰਨ ਦੀ ਕਿਤਾਬ ‘ਮਹਾਰਾਜਾ ਰਣਜੀਤ ਸਿੰਘ ਕੋਰਟ ਐਂਡ ਕੈਂਪਸ’ ਵਿੱਚ ਦੀਨਾਨਗਰ ਦੇ ਸ਼ਾਹੀ ਦਰਬਾਰ ਦੀ ਸ਼ਾਨ ਦਾ ਬਾਖੂਬੀ ਵਰਨਣ ਕੀਤਾ ਗਿਆ ਹੈ।
ਇੰਦਰਜੀਤ ਸਿੰਘ ਹਰਪੁਰਾ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਸਾਲ 2010 ਵਿੱਚ ਇਸ ਇਤਿਹਾਸਕ ਬਾਰਾਂਦਰੀ ਨੂੰ ਸੁਰੱਖਿਆ ਇਮਾਰਤ ਦਾ ਦਰਜਾ ਦਿੱਤਾ ਸੀ ਅਤੇ ਸਰਕਾਰ ਵੱਲੋਂ 1.60 ਕਰੋੜ ਰੁਪਏ ਦਾ ਟੈਂਡਰ ਵੀ ਬਾਰਾਂਦਰੀ ਦੀ ਮੁਰੰਮਤ ਲਈ ਲਗਾਇਆ ਗਿਆ ਹੈ, ਪਰ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਵਿਰਾਸਤੀ ਇਮਾਰਤ ਦੀ ਸੰਭਾਲ ਵੱਲ ਧਿਆਨ ਦਿੱਤਾ ਜਾਵੇ। ਇਸ ਮੌਕੇ ਵਿਰਾਸਤੀ ਮੰਚ ਦੇ ਅਹੁਦੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਸ਼ਮਸ਼ੇਰ ਸਿੰਘ ਮੱਲ੍ਹੀ, ਖਜ਼ਾਨਚੀ ਸੁਖਦੇਵ ਸਿੰਘ ਫੈਜਪੁਰਾ, ਪ੍ਰਿੰਸਪਾਲ ਸਿੰਘ ਚੱਠਾ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਹਰਵਿੰਦਰ ਸਿੰਘ ਹਰਪੁਰਾ, ਵੈਬੀਜੋਤ ਸਿੰਘ ਕਾਹਲੋਂ, ਵਰਿੰਦਰ ਸਿੰਘ ਤੋਂ ਇਲਾਵਾ ਹੋਰ ਅਹੁਦੇਦਾਰ ਵੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ: ਚੱਲਦੀ ਬੱਸ ਦੀ ਛੱਤ 'ਤੇ ਲੜ ਪਏ ਪ੍ਰਵਾਸੀ, ਵੀਡੀਓ ਵਾਇਰਲ
NEXT STORY