ਅੰਮ੍ਰਿਤਸਰ (ਨੀਰਜ, ਇੰਦਰਜੀਤ)- ਇਕ ਪਾਸੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਆਯੋਗ ਨੀਲੇ ਕਾਰਡ ਧਾਰਕਾਂ ਦੇ ਕਾਰਡ ਕੱਟਣ ਦੀ ਪੂਰੀ ਤਿਆਰੀ ਕਰ ਲਈ ਹੈ, ਜਿਨ੍ਹਾਂ ਨਿਯਮਾਂ ਦੀ ਉਲੰਘਣਾ ਕਰ ਕੇ ਗਰੀਬਾਂ ਦਾ ਅਨਾਜ ਡਕਾਰਨ ਲਈ ਕਾਰਡ ਬਣਾਇਆ ਹੋਇਆ ਸੀ ਅਤੇ ਸਾਲਾਂ ਤੋਂ ਦੋ ਰੁਪਏ ਕਿਲੋ ਅਤੇ ਮੁਫ਼ਤ ਵਿਚ ਮਿਲਣ ਵਾਲੀ ਕਣਕ ਡਕਾਰ ਰਹੇ ਸਨ ਤਾਂ ਉਥੇ ਇਕ ਵਾਰ ਫਿਰ ਤੋਂ ਫੂਡ ਸਪਲਾਈ ਵਿਭਾਗ ਦੇ ਇਕ ਸਰਕਾਰੀ ਗੋਦਾਮ ਵਿਚ ਕਣਕ ਦੀਆਂ ਬੋਰੀਆਂ ਵਿਚ ਬੰਬੂ ਮਾਰ ਕੇ ਕਣਕ ਕੱਢਣ ਦੀ ਵੀਡੀਓ ਵਾਇਰਲ ਹੋ ਚੁੱਕੀ ਹੈ।
ਜਾਣਕਾਰੀ ਮੁਤਾਬਕ ਵੀਡੀਓ ਵਿਚ ਗੋਦਾਮ ਦਾ ਨਾਂ ਨਾਗਕਾਲਾ ਦੱਸਿਆ ਜਾ ਰਿਹਾ ਹੈ ਅਤੇ ਵੀਡੀਓ ਬਣਾਉਣ ਵਾਲਾ ਵਿਅਕਤੀ ਕਹਿ ਰਿਹਾ ਹੈ ਕਿ ਇਹ ਵੀਡੀਓ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਆਪਣੇ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਵੀ ਡੀ. ਐੱਫ. ਐੱਸ. ਓ. ਮਹਿੰਦਰ ਅਰੋੜਾ ਨੂੰ ਜਾਂਚ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ- ਆਸਟਰੇਲੀਆ ਤੋਂ ਮੁੜ ਆਈ ਦੁਖਦਾਈ ਖ਼ਬਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਮਾਜ ਸੇਵੀ ਅਤੇ ਸੀਨੀਅਰ ਆਗੂ ਮਨਦੀਪ ਸਿੰਘ ਮੰਨਾ ਨੇ ਇਕ ਸਰਕਾਰੀ ਗੋਦਾਮ 'ਚ ਜਾ ਕੇ ਸਰਕਾਰੀ ਕਣਕ ਦੀਆਂ ਬੋਰੀਆਂ ਵਿਚ ਪਾਣੀ ਪਾਉਣ ਦਾ ਮਾਮਲਾ ਉਠਾਇਆ ਸੀ। ਡਿਪੂ ਹੋਲਡਰ ਯੂਨੀਅਨ ਵੱਲੋਂ ਪਹਿਲਾਂ ਵੀ ਉੱਚ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਕਿ ਦੋ ਰੁਪਏ ਕਿਲੋ ਜਾਂ ਮੁਫ਼ਤ ਵਿਚ ਕਣਕ ਦੀਆਂ ਬੋਰੀਆਂ ਵਿਚ ਘੱਟ ਕਣਕ ਨਿਕਲਦੀ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਲਾਡੀ ਨੇ ਦੱਸਿਆ ਕਿ ਇਕ ਬੋਰੀ ਵਿਚੋਂ ਪੰਜ ਤੋਂ ਸਤ ਕਿਲੋ ਜਾਂ ਇਸ ਤੋਂ ਵੱਧ ਕਣਕ ਘੱਟ ਨਿਕਲਦੀ ਹੈ ਅਤੇ ਕਣਕ ਵਿਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੋਣ ਕਾਰਨ ਪਾਣੀ ਲਾਇਆ ਜਾਂਦਾ ਹੈ ।ਕਈ ਵਾਰ ਡਿਪੂ ਹੋਲਡਰਾਂ ਨਾਲ ਝਗੜੇ ਵੀ ਹੋ ਚੁੱਕੇ ਹਨ।
ਠੰਡੇ ਬਸਤੇ ’ਚ ਪੈ ਚੁੱਕੀ ਹੈ ਮਾਰਕਫੈੱਡ ਰਾਹੀਂ ਆਟਾ ਵੰਡਣ ਦੀ ਯੋਜਨਾ
ਕਣਕ ਦੀ ਵੰਡ ਵਿਚ ਆਏ ਦਿਨ ਵੱਡੇ ਘਪਲੇ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਰੀਬਾਂ ਨੂੰ ਕਣਕ ਦੀ ਬਜਾਏ ਘਰ-ਘਰ ਆਟਾ ਵੰਡਣ ਦਾ ਫ਼ੈਸਲਾ ਕੀਤਾ ਹੈ ਪਰ ਆਟਾ ਵੰਡਣ ਵਾਲੇ ਠੇਕੇਦਾਰ ਦੇ ਸਾਹਮਣੇ ਅਜਿਹੇ ਸ਼ਰਤਾਂ ਰੱਖ ਦਿੱਤੀਆਂ ਗਈਆਂ ਕਿ ਮਾਰਕਫੈੱਡ ਨੂੰ ਕੋਈ ਵੀ ਠੇਕੇਦਾਰ ਨਹੀਂ ਮਿਲਿਆ, ਜਦਕਿ ਵਿਭਾਗ ਵੱਲੋਂ ਕਈ ਵਾਰ ਟੈਂਡਰ ਕੱਢੇ ਗਏ। ਦੂਜੇ ਪਾਸੇ ਇਹ ਮਾਮਲਾ ਅਦਾਲਤ ਵਿਚ ਜਾਣ ਤੋਂ ਬਾਅਦ ਘਰ-ਘਰ ਆਟਾ ਸਪਲਾਈ ਕਰਨ ਦੀ ਯੋਜਨਾ ਠੰਡੇ ਬਸਤੇ 'ਚ ਪੈ ਗਈ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦਾ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ 14 ਦਿਨਾਂ ਦੀ ਨਿਆਇਕ ਹਿਰਾਸਤ ’ਚ
ਅਕਤੂਬਰ ਤੋਂ ਮਾਰਚ ਤੱਕ ਦੇ ਮਹੀਨਿਆਂ ਦੀ ਮਿਲਣੀ ਹੈ ਮੁਫ਼ਤ ਕਣਕ
ਗਰੀਬਾਂ ਨੂੰ ਇਕ ਵਾਰ ਫਿਰ ਖੁਸ਼ ਕਰਨ ਲਈ ਸਰਕਾਰ ਨੇ ਇਕ ਮਹੀਨੇ ਜਾਂ ਦੋ ਮਹੀਨਿਆਂ ਲਈ ਨਹੀਂ ਸਗੋਂ ਅਕਤੂਬਰ ਤੋਂ ਮਾਰਚ ਤੱਕ ਛੇ ਮਹੀਨਿਆਂ ਲਈ ਮੁਫ਼ਤ ਕਣਕ ਵੰਡਣ ਦਾ ਐਲਾਨ ਵੀ ਕੀਤਾ ਹੈ।
ਕੇਂਦਰ ਨੇ ਪਹਿਲਾਂ ਹੀ ਲਾ ਦਿੱਤੀ ਹੈ 27 ਫ਼ੀਸਦੀ ਕਟੌਤੀ
ਕਣਕ ਦੀ ਵੰਡ ਵਿਚ ਵਾਰ-ਵਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੇਂਦਰ ਸਰਕਾਰ ਨੇ ਕਣਕ ਦੇ ਕੋਟੇ ਦੀ ਵੰਡ ਵਿਚ 27 ਫ਼ੀਸਦੀ ਦੀ ਕਟੌਤੀ ਕਰਨ ਦੀਆਂ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਹਨ, ਵਿਚ ਕਣਕ ਦੇ ਗੋਦਾਮਾਂ ਵਿਚ ਬਾਂਸ ਮਾਰ ਕੇ ਕਣਕ ਕੱਢਣ ਦੇ ਮਾਮਲੇ ਸਾਹਮਣੇ ਆਉਣ ’ਤੇ ਸਥਿਤੀ ਹੋਰ ਗੰਭੀਰ ਹੋਣ ’ਤੇ ਪੂਰੀ ਸੰਭਾਵਨਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਦੋ ਧਿਰਾਂ ’ਚ ਹੋਏ ਝਗੜੇ ਦੌਰਾਨ ਚੱਲੀ ਗੋਲੀ, ਇਕ ਜ਼ਖ਼ਮੀ
NEXT STORY