ਤਰਨਤਾਰਨ (ਰਮਨ)- ਵਿਜੀਲੈਂਸ ਵਿਭਾਗ ਦੇ ਫ਼ਲਾਇੰਗ ਟੀਮ ਵਲੋਂ 7 ਲੱਖ ਰੁਪਏ ਦੀ ਕਥਿਤ ਰਿਸ਼ਵਤ ਵਸੂਲਣ ਸਬੰਧੀ ਤਰਨਤਾਰਨ ਦੇ ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਇਹ ਰਿਸ਼ਵਤ ਦਰਜ ਇਕ ਮਾਮਲੇ ’ਚ ਨਾਮਜ਼ਦ ਜੋੜੇ ਨੂੰ ਰਿਹਾਅ ਕਰਵਾਉਣ ’ਚ ਮਦਦ ਕਰਨ ਸਬੰਧੀ ਮੰਗੀ ਗਈ ਸੀ, ਜਿਸ ਨੂੰ ਵਸੂਲ ਕਰਨ ਲਈ ਸਬੰਧਿਤ ਇੰਸਪੈਕਟਰ ਨੇ 2 ਦਿਨਾਂ ਦੀ ਛੁੱਟੀ ਵੀ ਲਈ ਸੀ, ਜਿਸ ਨੂੰ ਸ਼ਨੀਵਾਰ ਵਿਜੀਲੈਂਸ ਵਲੋਂ ਟ੍ਰੈਪ ਲਗਾਉਂਦੇ ਹੋਏ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਬਿਆਸ ਨੇੜੇ ਗੈਂਗਸਟਰ ਅਤੇ ਪੁਲਸ ਵਿਚਾਲੇ ਮੁਕਾਬਲਾ, ਪੁਲਸ ਮੁਲਾਜ਼ਮ ਨੂੰ ਲੱਗੀ ਗੋਲੀ
ਮਿਲੀ ਜਾਣਕਾਰੀ ਅਨੁਸਾਰ ਪੁਰਾਣੇ ਸਮੇਂ ਦੌਰਾਨ ਇਕ ਜੋੜੇ ਖ਼ਿਲਾਫ਼ ਦਰਜ ਐੱਨ. ਡੀ. ਪੀ. ਐੱਸ. ਐੱਕਟ ਤਹਿਤ ਮੁਕੱਦਮੇ ਦੀ ਉਸ ਵੇਲੇ ਜਾਂਚ ਕਰਨ ਵਾਲੇ ਇੰਸਪੈਕਟਰ ਬਲਜੀਤ ਸਿੰਘ ਵੜੈਚ ਵਲੋਂ ਮਾਣਯੋਗ ਅਦਾਲਤ ’ਚ ਗਵਾਹੀ ਅਤੇ ਹੋਰ ਕਈ ਗੱਲਾਂ ਤੋਂ ਪਾਸਾ ਵੱਟਣ ਆਦਿ ਨੂੰ ਲੈ 10 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਜਿਸ ਤੋਂ ਬਾਅਦ ਇਸ ਮਾਮਲੇ ’ਚ 7 ਲੱਖ ਰੁਪਏ ਦੀ ਪਹਿਲੀ ਕਿਸ਼ਤ ਦੇਣ ਤੋਂ ਬਾਅਦ ਬਾਕੀ 3 ਲੱਖ ਰੁਪਏ 2 ਕਿਸ਼ਤਾਂ ’ਚ ਦੇਣ ਦਾ ਇੰਸਪੈਕਟਰ ਬਲਜੀਤ ਸਿੰਘ, ਜੋ ਇਸ ਵੇਲੇ ਜ਼ਿਲ੍ਹਾ ਤਰਨਤਾਰਨ ਵਿਖੇ ਬਤੌਰ ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਵਜੋਂ ਤਾਇਨਾਤ ਹੈ ਨਾਲ ਡੀਲ ਫਿਕਸ ਹੋਈ। ਇੰਸਪੈਕਟਰ ਬਲਜੀਤ ਸਿੰਘ ਵਲੋਂ ਰਿਸ਼ਵਤ ਦੀ ਰਕਮ ਵਸੂਲ ਕਰਨ ਲਈ ਜ਼ਿਲ੍ਹੇ ਤੋਂ ਬਾਹਰ ਰਹਿਣ ਸਬੰਧੀ ਜ਼ਿਲ੍ਹਾ ਪੁਲਸ ਪਾਸੋਂ 2 ਦਿਨ ਦੀ ਛੁੱਟੀ ਲੈ ਲਈ ਗਈ, ਜਿਸ ਤੋਂ ਬਾਅਦ ਵਿਜੀਲੈਂਸ ਵਿਭਾਗ ਦੇ ਫ਼ਲਾਇੰਗ ਵਿਭਾਗ ਨੂੰ ਲਿਖਤੀ ਰੂਪ ’ਚ ਸ਼ਿਕਾਇਤ ਦੇਣ ਵਾਲੇ ਸ਼ਰਨਜੀਤ ਸਿੰਘ ਵਾਸੀ ਖਰੜ ਵਲੋਂ ਇਨਸਾਫ਼ ਦੀ ਮੰਗ ਕੀਤੇ ਜਾਣ ਤੋਂ ਬਾਅਦ ਇੰਸਪੈਕਟਰ ਬਲਜੀਤ ਸਿੰਘ ਨੂੰ 7 ਲੱਖ ਰੁਪਏ ਦੀ ਰਕਮ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਪਹਿਲਾਂ ਵੀ ਸਮੱਗਲਰਾਂ ਨੂੰ ਛੱਡਣ ਸਬੰਧੀ ਦਰਜ ਹੈ ਮਾਮਲਾ
ਸਾਲ 2021 ਦੌਰਾਨ ਪੁਲਸ ਲਾਈਨ, ਤਰਨ ਤਾਰਨ ਵਿਖੇ ਤਾਇਨਾਤ ਇੰਸਪੈਕਟਰ ਬਲਜੀਤ ਸਿੰਘ ਵਲੋਂ ਪੈਰਵੀ ਸੈੱਲ ਅੰਮ੍ਰਿਤਸਰ ’ਚ ਤਾਇਨਾਤ ਪੁਲਸ ਮੁਲਜ਼ਮ ਨਾਲ ਮਿਲ ਕੇ ਬੀਤੀ 31 ਮਾਰਚ 2021 ਨੂੰ ਮਲਕੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਗੁਰੂਵਾਲੀ, ਜ਼ਿਲ੍ਹਾ ਅੰਮ੍ਰਿਤਸਰ ਅਤੇ ਉਸ ਦੇ ਸਾਲੇ ਬਾਊ ਸਿੰਘ ਵਾਸੀ ਗੋਹਲਵੜ੍ਹ ਨੂੰ ਥਾਣਾ ਸਿਟੀ ਤਰਨ ਤਾਰਨ ਦੀ ਹੱਦ ਅੰਦਰੋਂ ਇਕ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਸੀ, ਜਿਸ ਬਾਬਤ ਕਿਸੇ ਵੀ ਪੁਲਸ ਅਧਿਕਾਰੀ ਨੂੰ ਸੂਚਨਾ ਨਹੀਂ ਦਿੱਤੀ ਗਈ। ਜਿਸ ਤੋਂ ਬਾਅਦ ਇਸ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ ਜਸਬੀਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਗੁਰੂਵਾਲੀ ਨੇ ਇੰਸਪੈਕਟਰ ਦੇ ਘਰ ਬੈਠ 3 ਲੱਖ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਤੋਂ ਬਾਅਦ ਇੰਸਪੈਕਟਰ ਬਲਜੀਤ ਸਿੰਘ ਨੇ ਦੋਵਾਂ ਸਮੱਗਲਰਾਂ ਨੂੰ ਬਰਾਮਦ ਕੀਤੀ ਗਈ ਹੈਰੋਇਨ ਸਮੇਤ ਬਿਨਾਂ ਕੋਈ ਕਾਰਵਾਈ ਕੀਤੇ ਛੱਡ ਦਿੱਤਾ। ਇਹ ਮਾਮਲਾ ਉਸ ਵੇਲੇ ਦੇ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਲੇ ਦੇ ਧਿਆਨ ਵਿਚ ਆਉਣ ਤੋਂ ਬਾਅਦ ਇੰਸਪੈਕਟਰ ਬਲਜੀਤ ਸਿੰਘ, ਮੁੱਖ ਸਿਪਾਹੀ ਦਵਿੰਦਰ ਸਿੰਘ, ਸਮਗੱਲਰ ਮਲਕੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਗੁਰੂਵਾਲੀ, ਬਾਊ ਸਿੰਘ ਵਾਸੀ ਗੋਹਲਵੜ੍ਹ ਅਤੇ ਜਸਬੀਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਗੁਰੂਵਾਲੀ ਖ਼ਿਲਾਫ਼ ਥਾਣਾ ਸਿਟੀ ਤਰਨ ਤਾਰਨ ਵਿਖੇ ਮਿਤੀ 12 ਅਪ੍ਰੈਲ 2021 ਨੂੰ ਦਰਜ ਕਰ ਲਿਆ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਲੱਖਾਂ ਦੇ ਸੋਨੇ ਦੀ ਲੁੱਟ, ਦੁਕਾਨਦਾਰ ਨੇ ਚੋਰਾਂ ਨੂੰ ਫੜਨ ਵਾਲਿਆਂ ਲਈ ਕਰ ਦਿੱਤਾ ਵੱਡਾ ਐਲਾਨ
ਇਸ ਬਾਬਤ ਐੱਸ.ਐੱਸ.ਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਇਸ ਮਾਮਲੇ ’ਚ ਇੰਸਪੈਕਟਰ ਬਲਜੀਤ ਸਿੰਘ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਲਜੀਤ ਸਿੰਘ ਲਿਖਤੀ ਰੂਪ ’ਚ 20 ਅਤੇ 21 ਜਨਵਰੀ ਨੂੰ ਛੁੱਟੀ ’ਤੇ ਸੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਰਾਮ ਰਹੀਮ ਦੀ ਪੈਰੋਲ 'ਤੇ ਸੁਖਬੀਰ ਬੋਲੇ,ਅਪਰਾਧੀ ਨੂੰ ਵਾਰ-ਵਾਰ ਪੈਰੋਲ ਪਰ ਬੰਦੀ ਸਿੰਘਾਂ ਨੂੰ ਨਹੀਂ ਮਿਲ ਰਿਹਾ ਇਨਸਾਫ਼
NEXT STORY