ਵੈਰੋਵਾਲ (ਗਿੱਲ) : ਪੰਜਾਬ ਸਰਕਾਰ ਵਲੋਂ ਭਾਵੇ ਪੰਜਾਬ 'ਚ ਸਿੱਖਿਆ ਨੂੰ ਉੱਚਾ ਚੁੱਕਣ ਲਈ ਲੱਖਾਂ ਦਾਅਦੇ ਕੀਤੇ ਜਾਂਦੇ ਹਨ ਪਰ ਅਸਲੀਅਤ 'ਚ ਪੰਜਾਬ ਦੇ ਬੱਚਿਆਂ ਦੇ ਭਵਿੱਖ ਪ੍ਰਤੀ ਸਰਕਾਰ ਬੇਪਰਵਾਹ ਹੀ ਨਜ਼ਰ ਆ ਰਹੀ ਹੈ। ਇੱਕ ਪਾਸੇ ਬੇਰੁਜ਼ਗਾਰ ਅਧਿਆਪਕ ਨੌਕਰੀਆਂ ਨਾ ਮਿਲਣ ਕਾਰਣ ਸੜਕਾਂ 'ਤੇ ਧੱਕੇ ਖਾ ਰਹੇ ਹਨ ਅਤੇ ਦੂਜੇ ਪਾਸੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਘਾਟ ਹੋਣ ਕਰਕੇ ਬੱਚਿਆਂ ਦਾ ਭਵਿੱਖ ਵੀ ਬਰਬਾਦ ਹੋ ਰਿਹਾ ਹੈ। ਅਜਿਹੇ ਹੀ ਕੁਝ ਹਾਲਾਤ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਭਲਾਈਪੁਰ ਡੋਗਰਾਂ ਦੇ, ਜਿਸ 'ਚ 450 ਦੇ ਕਰੀਬ ਬੱਚੇ ਪੜ੍ਹਦੇ ਹਨ ਪਰ ਇਸ ਸਕੂਲ 'ਚ 31 ਅਧਿਆਪਕਾਂ ਦੀਆਂ ਅਸਾਮੀਆਂ ਹਨ। ਜਿਨ੍ਹਾਂ 'ਚੋਂ 17 ਪਿਛਲੇ ਲੰਮੇ ਸਮੇਂ ਤੋਂ ਖਾਲੀ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਬਰਿੰਦਰ ਸਿੰਘ ਗੋਰਾ ਭਲਾਈਪੁਰ ਨੇ ਪੱਤਰਕਾਰਾਂ ਨਾਲ ਕੀਤਾ। ਉਨ੍ਹਾਂ ਦੱਸਿਆ ਕਿ ਲੈਕਚਰਾਰ ਦੀਆਂ 6 ਪੋਸਟਾਂ, ਮਾਸਟਰ ਕਾਡਰ ਦੀਆਂ 6 ਪੋਸਟਾਂ, ਵੋਕੇਸ਼ਨਲ ਅਸਾਮੀਆਂ 5 ਖਾਲੀ ਹਨ। ਇਸ ਤੋਂ ਇਲਾਵਾ ਨਾਨ-ਟੀਚਿੰਗ ਸਟਾਫ ਦੀਆਂ ਵੀ 2 ਅਸਾਮੀਆਂ ਖਾਲੀ ਹਨ । ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਸਕੂਲ 'ਚੋਂ ਹਿਸਟਰੀ ਦਾ ਅਧਿਆਪਕ 17 ਅਕਤੂਬਰ 2007 ਤੋਂ ਤੇ ਫਿਜ਼ਿਕਸ ਦਾ ਅਧਿਆਪਕ 2 ਜੁਲਾਈ 2010 ਤੋਂ ਵਿਦੇਸ਼ ਗਏ ਹੋਏ ਹਨ। ਇਨ੍ਹਾਂ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਆਸਾਮੀਆਂ ਹਾਲੇ ਤੱਕ ਨਹੀਂ ਭਰੀਆਂ ਗਈਆਂ, ਇਹ ਮਹਿਕਮੇ ਦੀ ਵੱਡੀ ਅਣਗਹਿਲੀ ਹੈ। ਇਹ ਤਾਂ ਸਿਰਫ ਪੰਜਾਬ ਦੇ ਇਕ ਸਰਕਾਰੀ ਸਕੂਲ ਦੇ ਅੰਕੜੇ ਸਨ ਜੇਕਰ ਪੂਰੇ ਪੰਜਾਬ ਦੇ ਸਕੂਲਾਂ 'ਚ ਦੇਖਿਆ ਜਾਵੇ ਤਾਂ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਹੋਣਗੀਆਂ। ਇਸ ਮੌਕੇ ਕਲੱਬ ਪ੍ਰਧਾਨ ਗੋਰਾਂ ਤੋਂ ਇਲਾਵਾ ਕੁਲਜਿੰਦਰ ਸਿੰਘ ਟੁੱਲ, ਜਸਬੀਰ ਸਿੰਘ ਲਾਟੀ, ਹਰਪ੍ਰੀਤ ਸਿੰਘ ਹੈਪੀ, ਗੁਰਸਾਹਿਬ ਸਿੰਘ ਸਾਬੀ, ਹਰਮਨ ਸਿੰਘ, ਕੁਲਦੀਪ ਸਿੰਘ ਪੰਨੂੰ, ਪ੍ਰਦੀਪ ਸਿੰਘ ਪੰਨੂੰ, ਕੰਵਲ ਸਿੰਘ ਸੰਧੂ, ਟੇਕਪਾਲ ਸਿੰਘ ਆਦਿ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਕੋਲੋ ਮੰਗ ਕੀਤੀ ਕਿ ਸਕੂਲਾਂ 'ਚ ਦੀਆਂ ਖਾਲੀ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਤਾਂ ਜੋ ਪੰਜਾਬ ਦੇ ਗਰੀਬ ਅਤੇ ਮੱਧ ਵਰਗ ਦੇ ਬੱਚੇ ਵੀ ਉੱਚ ਸਿੱਖਿਆ ਪ੍ਰਾਪਤ ਕਰ ਸਕਣ।
ਤੰਦਰੁਸਤ ਪੰਜਾਬ ਮਿਸ਼ਨ ਤਹਿਤ ਤੰਦਰੁਸਤ ਤਰਨਤਾਰਨ ਮੁਹਿੰਮ ਦਾ ਝਬਾਲ ਤੋਂ ਹੋਇਆ ਆਗਾਜ਼
NEXT STORY