ਧੂਰੀ, (ਸ਼ਰਮਾ)- ਪਾਠਸ਼ਾਲਾ ਮੁਹੱਲੇ ’ਚ ਪਿਛਲੇ 3 ਦਿਨਾਂ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋਣ ਨਾਲ ਮੁਹੱਲੇ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਹੈ, ਜਿਸ ਨੂੰ ਲੈ ਕੇ ਮੁੱਹਲੇ ’ਚ ਰਹਿਣ ਵਾਲੇ ਗੁਰਦਿਆਲ, ਮਨੋਜ ਕੁਮਾਰ, ਅਕਾਲੀ ਨੇਤਾ ਗਿਆਨ ਸਿੰਘ, ਨਿਰੰਕਾਰੀ ਮੁਖੀ ਵਿਨੋਦ ਕੁਮਾਰ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਧੂਰੀ ਦੇ ਲੋਕਾਂ ਨੂੰ ਦਿਨ-ਪ੍ਰਤੀਦਿਨ ਫੈਲ ਰਹੇ ਸਵਾਈਨ ਫਲੂ ਦੇ ਕਹਿਰ ਤੋਂ ਬਚਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰੀ ਸਰਗਰਮੀ ਨਾਲ ਜੁਟਣ ਦੀ ਲੋਡ਼ ਹੈ। ਘਰ-ਘਰ ਜਾ ਕੇ ਇਸ ਬੀਮਾਰੀ ਦੇ ਮੁੱਖ ਲੱਛਣਾਂ ਨਾਲ ਪੀਡ਼ਤ ਵਿਅਕਤੀਆਂ ਦੇ ਟੈਸਟ ਜਾਂਚ ਲਈ ਭੇਜਣ ਦੀ ਲੋਡ਼ ਹੈ। ਜਾਣਕਾਰੀ ਅਨੁਸਾਰ ਪਿਛਲੇ 3 ਦਿਨਾਂ ’ਚ ਜਸਪਾਲ ਸਿੰਘ ਨਿਰੰਕਾਰੀ ਟੇਲਰ ਮਾਸਟਰ ਅਤੇ ਰਾਮਪਾਲ ਜਿੰਦਲ ਦੀ ਸਵਾਈਨ ਫਲੂ ਨਾਲ ਮੌਤ ਹੋਣ ਕਾਰਨ ਸ਼ਹਿਰ ’ਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਪਾਠਸ਼ਾਲਾ ਮੁਹੱਲੇ ’ਚ ਰਹਿਣ ਵਾਲੇ ਜਸਪਾਲ ਸਿੰਘ ਜੋ ਕਿ ਟੇਲਰ ਮਾਸਟਰ ਦਾ ਕੰਮ ਕਰਦਾ ਸੀ, ਦੀ 25 ਜਨਵਰੀ ਨੂੰ ਅਚਾਨਕ ਤਬੀਅਤ ਖਰਾਬ ਹੋਣ ਨਾਲ ਉਸ ਨੂੰ 26 ਜਨਵਰੀ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ, ਜਿਥੇ ਅਗਲੇ ਦਿਨ 27 ਜਨਵਰੀ ਨੂੰ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਪਾਠਸ਼ਾਲਾ ਮੁਹੱਲੇ ਦੇ ਦੂਜੇ ਵਾਸੀ ਰਾਮਪਾਲ ਜਿੰਦਲ ਜੋ ਕਿ ਡੀ. ਐੱਮ. ਸੀ. ਲੁਧਿਆਣਾ ’ਚ ਪਿਛਲੇ ਕਈ ਦਿਨਾਂ ਤੋਂ ਇਲਾਜ ਅਧੀਨ ਸੀ, ਦੀ ਮੌਤ 29 ਜਨਵਰੀ ਨੂੰ ਹੋ ਗਈ। ਸਿਵਲ ਹਸਪਤਾਲ ’ਚ ਤਾਇਨਾਤ ਮੈਡੀਕਲ ਸਪੈਸ਼ਲਿਸਟ ਪ੍ਰਗਟ ਸਿੰਘ ਨੇ ਦੋ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕੀ ਦੋਨੋਂ ਵਿਅਕਤੀਆਂ ਦੇ ਸਵਾਈਨ ਫਲੂ ਹੋਣ ਬਾਰੇ ਸਾਡੇ ਕੋਲ ਅਜੇ ਕੋਈ ਅਧਿਕਾਰਿਤ ਰਿਪੋਰਟ ਨਹੀਂ ਪਹੁੰਚੀ। ਪਰਿਵਾਰਕ ਮੈਂਬਰਾਂ ਤੋਂ ਹੋਏ ਸੰਪਰਕ ’ਤੇ ਇਨ੍ਹਾਂ ਮ੍ਰਿਤਕ ਵਿਅਕਤੀਆਂ ਨੂੰ ਸਵਾਈਨ ਫਲੂ ਹੋਣ ਦੀ ਸ਼ੰਕਾ ਪ੍ਰਕਟਾਈ ਜਾ ਰਹੀ ਹੈ । ਮ੍ਰਿਤਕਾਂ ਦੇ ਜੋ ਵਾਰਿਸ ੳਕਤ ਮਰੀਜ਼ਾਂ ਦੇ ਸੰਪਰਕ ’ਚ ਰਹੇ ਸੀ ਉਨਾਂ ਨੂੰ ਸਵਾਈਨ ਫਲੂ ਤੋਂ ਬਚਣ ਲਈ ਦਵਾਈ ਦਿੱਤੀ ਗਈ ਹੈ। ਆਸ਼ਾ ਵਰਕਰਾਂ ਨੂੰ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਹੈ ।
ਕੈਪਟਨ ਦੀ ਰੈਲੀ ਦੌਰਾਨ 2 ਮੋਟਰਸਾਈਕਲ ਚੋਰੀ
NEXT STORY