ਸ੍ਰੀ ਮੁਕਤਸਰ ਸਾਹਿਬ(ਪਵਨ ਤਨੇਜਾ, ਖ਼ੁਰਾਣਾ) - ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਪਾਜ਼ੇਟਿਵ ਪਾਏ ਗਏ ਕੋਵਿਡ-19 ਦੇ 67 ਵਿਅਕਤੀਆਂ ਨੂੰ ਭਾਵੇਂ ਜਾਰੀ ਇਲਾਜ ਮਗਰੋਂ ਠੀਕ ਹੋਣ ਤੱਕ ਘਰਾਂ ਅੰਦਰ ਇਕਾਂਤਵਾਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਰ ਇਕਾਂਤਵਾਸ ਦੀ ਉਲੰਘਣਾ ਸਾਹਮਣੇ ਆਉਣ ਤੋਂ ਬਾਅਦ ਪ੍ਰਸਾਸ਼ਨ ਨੇ ਸਖਤੀ ਵਧਾਉਂਦਿਆਂ ਇਕਾਂਤਵਾਸ ਭੰਗ ਕਰਨ ਵਾਲੇ 75 ਵਿਅਕਤੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਉਕਤ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਕਰਨ ਲਈ ਇਸ ਸਮੇਂ ਘਰਾਂ ਅੰਦਰ ਕੁਆਰੀਟਾਈਨ ਹੋਏ ਵਿਅਕਤੀਆਂ 'ਚ ਨਿਯਮਾਂ ਦੀ ਪਾਲਣਾ ਅਤਿ ਜ਼ਰੂਰੀ ਹੈ, ਕਿਉਂਕਿ ਇਸ ਸਮੇਂ ਪਾਜ਼ੇਟਿਵ ਕੇਸ ਤਾਂ ਭਾਵੇਂ ਸਾਹਮਣੇ ਨਹੀਂ ਆਏ, ਪਰ ਜੇਕਰ ਘਰਾਂ ਵਿਚ ਇਕਾਂਤਵਾਸ ਨਿਯਮ ਨੂੰ ਭੰਗ ਕੀਤਾ ਜਾਵੇਗਾ ਤਾਂ ਜ਼ਿਲ੍ਹੇ 'ਚ ਕੋਰੋਨਾ ਦਾ ਖ਼ਤਰਾ ਫ਼ਿਰ ਤੋਂ ਵੱਧ ਸਕਦਾ ਹੈ। ਉਨ੍ਹਾਂ ਦੱਸਿਆ ਕਿ ਛੁੱਟੀ ਲੈ ਕੇ ਘਰਾਂ ਨੂੰ ਗਏ ਵਿਅਕਤੀਆਂ ਲਈ ਘਰਾਂ ਅੰਦਰ 14 ਦਿਨਾਂ ਲਈ ਇਕਾਂਤਵਾਸ 'ਚ ਰਹਿਣਾ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਪਿੰਡਾਂ ਅੰਦਰ ਕੁਆਰੰਟਾਈਨ ਹੋਏ ਲੋਕਾਂ ਲਈ ਪ੍ਰਸਾਸ਼ਨ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ। ਪਿੰਡ ਪੱਧਰ 'ਤੇ ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ, ਜੋ ਅਜਿਹੇ ਲੋਕਾਂ ਦੇ ਰਾਸ਼ਨ, ਪਾਣੀ, ਦਵਾਈ ਆਦਿ ਦਾ ਪ੍ਰਬੰਧ ਦੇਖਣਗੇ ਅਤੇ 24 ਘੰਟੇ ਕੁਆਰਟਾਈਨ ਹੋਏ ਵਿਅਕਤੀ ਨਾਲ ਰਾਬਤਾ ਰੱਖਣਗੇ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਘਰਾਂ ਅੰਦਰ ਇਕਾਂਤਵਾਸ ਹੋਏ ਵਿਅਕਤੀਆਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ, ਜੇਕਰ ਫ਼ਿਰ ਵੀ ਕੋਈ ਵਿਅਕਤੀ ਇਸ ਨਿਯਮ ਨੂੰ ਭੰਗ ਕਰੇਗਾ ਤਾਂ ਉਸਨੂੰ 2 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਦੇ ਨਾਲ-ਨਾਲ ਚਲਾਨ ਕੱਟਣ ਦੀ ਪ੍ਰਕਿਰਿਆ ਵੀ ਪ੍ਰਸਾਸ਼ਨ ਵੱਲੋਂ ਅਪਣਾਈ ਜਾਵੇਗੀ। ਸਿਰਫ ਇੰਨਾ ਹੀ ਨਹੀਂ, ਇਸ ਨਿਯਮ ਨੂੰ ਤੋੜਣ ਵਾਲਿਆਂ ਨੂੰ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਨੂੰ ਵੀ ਬੰਦ ਕੀਤਾ ਜਾਵੇਗਾ, ਜਦੋਂਕਿ ਧਾਰਾ 188 ਤਹਿਤ ਅਜਿਹੇ ਵਿਅਕਤੀਆਂ ਖ਼ਿਲਾਫ਼ ਪਰਚੇ ਵੀ ਦਰਜ ਕੀਤੇ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਦੱਸਿਆ ਕਿ ਕੋਰੋਨਾ ਬਿਮਾਰੀ ਤੋਂ ਬਾਅਦ ਜਿੰਨ੍ਹਾਂ ਨੂੰ ਘਰਾਂ ਅੰਦਰ 14 ਦਿਨਾਂ ਲਈ ਇਕਾਂਤਵਾਸ 'ਚ ਰਹਿਣ ਲਈ ਕਿਹਾ ਗਿਆ ਹੈ, ਅਜਿਹੇ ਵਿਅਕਤੀਅਾਂ ਵਿੱਚੋਂ ਇਕਾਂਤਵਾਸ ਨਿਯਮ ਨੂੰ ਭੰਗ ਕਰਨ ਦੇ ਦੋਸ਼ ਹੇਠ 75 ਵਿਅਕਤੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ, ਜਦੋਂਕਿ 12 ਵਿਅਕਤੀਆਂ ਖ਼ਿਲਾਫ਼ ਐਫਆਰਆਈ ਵੀ ਦਰਜ ਹੋਈ ਹੈ। ਉਨ੍ਹਾਂ ਦੱਸਿਆ ਕਿ ਬਾਹਰੋਂ ਆਉਣ ਵਾਲੇ ਵਿਅਕਤੀਆਂ ਨੂੰ ਘਰਾਂ ਅੰਦਰ ਇਕਾਂਤਵਾਸ 'ਚ ਰਹਿਣਾ ਜ਼ਰੂਰੀ ਹੈ ਤੇ ਇਸ ਨਿਯਮ ਨੂੰ ਭੰਗ ਕਰਨ ਵਾਲਿਆਂ ਖ਼ਿਲਾਫ਼ ਪ੍ਰਸਾਸ਼ਨ ਸਖਤ ਰੁਖ ਅਖਤਿਆਰ ਕਰੇਗਾ। ਉਨ੍ਹਾਂ ਦੱਸਿਆ ਕਿ ਚਾਰ ਕਮੇਟੀਆਂ ਵਲੰਟੀਅਰ ਆਰਗੇਨਾਈਜ਼ੇਸ਼ਨ, ਸਕੂਲ ਐਜੂਕੇਸ਼ਨ, ਡਿਊਟੀ ਮੈਜਿਸਟ੍ਰੇਟ ਅਤੇ ਜੀਓਜੀ ਵੱਲੋਂ ਇਸ ਪੂਰੀ ਪ੍ਰਕਿਰਿਆ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ ਤੇ ਇਕਾਂਤਵਾਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਹਜ਼ਾਰਾਂ ਰੁਪਏ ਦੀ ਡਰੱਗ ਮਨੀ ਸਮੇਤ ਹੈਰੋਇਨ ਬਰਾਮਦ, ਦੋ ਵਿਅਕਤੀ ਗ੍ਰਿਫਤਾਰ
NEXT STORY