ਗਿੱਦਡ਼ਬਾਹਾ, (ਕੁਲਭੂਸ਼ਨ)- ਕਾਂਗਰਸੀ ਲੀਡਰਾਂ ’ਤੇ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਵਿਚ ਧੱਕੇਸ਼ਾਹੀ ਦਾ ਦੋਸ਼ ਲਾਉਂਦਿਅਾਂ ਅੱਜ ਸੈਂਕਡ਼ਿਆਂ ਦੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਸੀਨੀਅਰ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ ’ਚ ਸਥਾਨਕ ਐੱਸ. ਡੀ. ਐੱਮ. ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਵਿਧਾਇਕ ਰਾਜਾ ਵਡ਼ਿੰਗ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਡਿੰਪੀ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਵਿਚ ਆਪਣੀ ਹਾਰ ਸਾਹਮਣੇ ਦੇਖਦੇ ਹੋਏ ਘਬਰਾਅ ਗਈ ਹੈ ਅਤੇ ਹੁਣ ਗੁੰਡਾਗਰਦੀ ’ਤੇ ਉਤਰ ਆਈ ਹੈ, ਜਿਸ ਤਹਿਤ ਵੱਖ-ਵੱਖ ਪਿੰਡਾਂ ਵਿਚ ਅਕਾਲੀ ਉਮੀਦਵਾਰਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਰੂ ਜ਼ੋਨ ਤੋਂ ਬਲਾਕ ਸੰਮਤੀ ਉਮੀਦਵਾਰ ਹਰਦੀਪ ਕੌਰ ਪਤਨੀ ਕਰਨੈਲ ਸਿੰਘ ਪੁਰੀ ਨੂੰ ਐੱਸ. ਡੀ. ਐੱਮ. ਦਫ਼ਤਰ ਗਿੱਦਡ਼ਬਾਹਾ ਵਿਖੇ ਬੁਲਾ ਕੇ ਧੋਖੇ ਨਾਲ ਐੱਸ. ਡੀ. ਐੱਮ. ਦਫ਼ਤਰ ਦੇ ਇਕ ਮੁਲਾਜ਼ਮ ਵੱਲੋਂ ਨਾਮਜ਼ਦਗੀ ਕਾਗਜ਼ ਵਾਪਸ ਲੈਣ ਸਬੰਧੀ ਫਾਰਮਾਂ ’ਤੇ ਦਸਤਖਤ ਕਰਵਾ ਲਏ ਅਤੇ ਬਾਅਦ ਵਿਚ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਹ ਦਸਤਖਤ ਨਾਮਜ਼ਦਗੀ ਵਾਪਸ ਲੈਣ ਸਬੰਧੀ ਸਨ।
ਇਸੇ ਤਰ੍ਹਾਂ ਜ਼ਿਲਾ ਪ੍ਰੀਸ਼ਦ ਲਈ ਜ਼ੋਨ ਕੋਟਭਾਈ ਤੋਂ ਅਕਾਲੀ ਉਮੀਦਵਾਰ ਮਹਿੰਦਰ ਨੂੰ ਕੁਝ ਕਾਂਗਰਸੀਆਂ ਵੱਲੋਂ ਉਸ ਦੇ ਘਰ ਜਾ ਕੇ ਡਰਾਇਆ-ਧਮਕਾਇਆ ਗਿਆ ਅਤੇ ਇੱਥੋਂ ਤੱਕ ਕੇ ਉਮੀਦਵਾਰ ਦੇ ਪੁੱਤਰ ਨੂੰ ਕਿਸੇ ਨਜਾਇਜ਼ ਕੇਸ ਵਿਚ ਫਸਾਉਣ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ। ਡਿੰਪੀ ਢਿੱਲੋਂ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਗਰੀਬ ਪਰਿਵਾਰ ਦਾ ਨੁਕਸਾਨ ਹੋਵੇ। ਇਸ ਲਈ ਉਨ੍ਹਾਂ ਪਾਰਟੀ ਉਮੀਦਵਾਰ ਨੂੰ ਉਕਤ ਚੋਣ ਮੈਦਾਨ ’ਚੋਂ ਹਟਾਉਣ ਦਾ ਫੈਸਲਾ ਲਿਆ ਹੈ ਅਤੇ ਪਾਰਟੀ ਇਸ ਜ਼ੋਨ ਵਿਚ ਚੋਣ ਨਹੀਂ ਲਡ਼ੇਗੀ।
ਉੱਧਰ, ਜਦੋਂ ਇਸ ਸਬੰਧੀ ਗਿੱਦਡ਼ਬਾਹਾ ਦੇ ਐੱਸ. ਡੀ. ਐੱਮ. ਅਰਸ਼ਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਭ ਕੁਝ ਕਾਨੂੰਨ ਅਤੇ ਨਿਯਮਾਂ ਅਨੁਸਾਰ ਹੀ ਕੀਤਾ ਗਿਆ ਹੈ। ਕਿਸੇ ਵੀ ਵਿਅਕਤੀ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਮੁਲਾਜ਼ਮ ਵੱਲੋਂ ਕਿਸੇ ਦੇ ਦਸਤਖਤ ਕਰਵਾਏ ਕੀਤੇ ਗਏ ਹਨ।
ਇਸ ਦੌਰਾਨ ਅਮਿਤ ਕੁਮਾਰ ਸਿੰਪੀ ਬਾਂਸਲ, ਅਸ਼ੋਕ ਬੁੱਟਰ, ਹਰਜੀਤ ਸਿੰਘ ਨੀਲਾ ਮਾਨ, ਲੱਖੀ ਕਿੰਗਰਾ, ਗੁਰਵਿੰਦਰ ਸਿੰਘ, ਹਰਮੀਤ ਸਿੰਘ ਬੁੱਟਰ, ਸੁਖਪਾਲ ਗੋਲਡੀ, ਜਗਤਾਰ ਸਿੰਘ ਧਾਲੀਵਾਲ, ਬੀਰਬਲ ਸਿੰਘ ਸਰਾਂ ਆਦਿ ਮੌਜੂਦ ਸਨ।
ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਨਵੀਂ ਦਾਣਾ ਮੰਡੀ ’ਚ ਨਾਜਾਇਜ਼ ਕਬਜ਼ਿਅਾਂ ਦੀ ਭਰਮਾਰ
NEXT STORY