ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ, (ਪਵਨ, ਸੁਖਪਾਲ)- ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਦਾਣਾ ਮੰਡੀ ਵਿਚ ਇਸ ਵੇਲੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਕਾਰਨ ਨਾਜਾਇਜ਼ ਕਬਜ਼ਿਅਾਂ ਦੀ ਭਰਮਾਰ ਹੋ ਰਹੀ ਹੈ, ਜਿਸ ਕਰ ਕੇ ਜਿੱਥੇ ਆਡ਼੍ਹਤੀਆ ਵਰਗ, ਪੱਲੇਦਾਰ ਅਤੇ ਗੱਲਾ ਮੰਡੀ ਮਜ਼ਦੂਰ ਯੂਨੀਅਨ ਵਾਲੇ ਤੰਗ-ਪ੍ਰੇਸ਼ਾਨ ਹੋ ਰਹੇ ਹਨ, ਉੱਥੇ ਹੀ ਉਕਤ ਦਾਣਾ ਮੰਡੀ ਵਿਚ ਆਪਣੀਆਂ ਜਿਣਸਾਂ ਵੇਚਣ ਵਾਲੇ ਕਿਸਾਨ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਭ ਕੁਝ ਪ੍ਰਸ਼ਾਸਨ ਦੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਦੇ ਅਧਿਕਾਰੀ ਅੱਖਾਂ ਬੰਦ ਕਰ ਕੇ ਬੈਠੇ ਹਨ।
ਬਡ਼ੀ ਹਾਸੋ-ਹੀਣੀ ਗੱਲ ਹੈ ਕਿ ਮੰਡੀ ਵਿਚ ਭਾਵੇਂ ਨਾਜਾਇਜ਼ ਕਬਜ਼ਿਆਂ ਦੀ ਵੱਡੀ ਭਰਮਾਰ ਹੈ ਪਰ ਮਾਰਕੀਟ ਕਮੇਟੀ ਦੇ ਸਕੱਤਰ ਨੇ ਕੁਝ ਦੁਕਾਨਦਾਰਾਂ ਨੂੰ ਦੁਕਾਨਾਂ ਅੱਗਿਓਂ ਨਾਜਾਇਜ਼ ਕਬਜ਼ੇ ਹਟਾਉਣ ਲਈ ਨੋਟਿਸ ਕੱਢੇ ਹਨ ਅਤੇ ਦੋ ਦਿਨਾਂ ਦੇ ਅੰਦਰ ਦੁਕਾਨਾਂ ਅੱਗਿਓਂ ਥਡ਼੍ਹੀਆਂ ਢਾਹੁਣ ਦੀ ਹਦਾਇਤ ਕੀਤੀ ਗਈ ਹੈ।
ਮੰਡੀ ਦੀ ਚਾਰਦੀਵਾਰੀ ਕਰਵਾਉਣ ਦੀ ਮੰਗ
ਜਦੋਂ ਕਿਸਾਨ ਕਣਕ, ਝੋਨਾ ਤੇ ਨਰਮਾ ਆਦਿ ਲੈ ਕੇ ਮੰਡੀ ਵਿਚ ਆਉਂਦੇ ਹਨ ਤਾਂ ਕਈ ਵਾਰ ਉਨ੍ਹਾਂ ਨੂੰ ਮੰਡੀ ਵਿਚ ਫ਼ਸਲ ਸੁੱਟਣ ਲਈ ਥਾਂ ਨਹੀਂ ਮਿਲਦੀ ਅਤੇ ਉਹ ਸਡ਼ਕਾਂ ’ਤੇ ਆਪਣੀ ਫ਼ਸਲ ਰੱਖਦੇ ਹਨ ਕਿਉਂਕਿ ਕਈ ਦੁਕਾਨਦਾਰਾਂ ਨੇ ਮੰਡੀ ਦੇ ਫਡ਼੍ਹਾਂ ’ਤੇ ਵੀ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਟਰੈਕਟਰ-ਟਰਾਲੀਅਾਂ ਵੀ ਇਸ ਥਾਂ ’ਤੇ ਹਮੇਸ਼ਾ ਖਡ਼੍ਹੀਅਾਂ ਰਹਿੰਦੀਆਂ ਹਨ। ਗੱਲਾ ਮੰਡੀ ਮਜ਼ਦੂਰ ਯੂਨੀਅਨ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੰਡੀ ਦੀ ਚਾਰਦੀਵਾਰੀ ਕਰਵਾਈ ਜਾਵੇ ਅਤੇ ਚੌਕੀਦਾਰ ਲਾਏ ਜਾਣ। ਰੇਤ-ਬੱਜਰੀ ਆਦਿ ਨੂੰ ਚੁਕਵਾਇਆ ਜਾਵੇ ਤਾਂ ਕਿ ਇੱਥੇ ਕਿਸਾਨ ਫ਼ਸਲਾਂ ਰੱਖ ਸਕਣ।
ਦੁਕਾਨਦਾਰ ਮਿਲੇ ਡਿਪਟੀ ਕਮਿਸ਼ਨਰ ਨੂੰ
ਜਿਨ੍ਹਾਂ ਦੁਕਾਨਦਾਰਾਂ ਸੁਰਿੰਦਰ ਕੁਮਾਰ, ਅਸ਼ਵਨੀ ਕੁਮਾਰ ਅਤੇ ਐੱਸ. ਕੇ. ਦਾਬਡ਼ਾ ਨੂੰ ਨੋਟਿਸ ਕੱਢੇ ਗਏ ਹਨ, ਉਹ ਅੱਜ ਡਿਪਟੀ ਕਮਿਸ਼ਨਰ ਨੂੰ ਮਿਲੇ ਹਨ ਅਤੇ ਉਨ੍ਹਾਂ ਤੋਂ ਮੰਗ ਕੀਤੀ ਕਿ ਪਹਿਲਾਂ ਮੰਡੀ ਵਿਚੋਂ ਸਾਰੇ ਨਾਜਾਇਜ਼ ਕਬਜ਼ਿਆਂ ਨੂੰ ਹਟਵਾਇਆ ਜਾਵੇ। ਅਸੀਂ ਦੁਕਾਨਾਂ ਅੱਗਿਓਂ ਥਡ਼੍ਹੀਅਾਂ ਢਾਹੁਣ ਲਈ ਤਿਆਰ ਹਾਂ। ਉਨ੍ਹਾਂ ਦੋਸ਼ ਲਾਇਆ ਕਿ ਸਿਰਫ਼ ਸਾਨੂੰ ਹੀ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ, ਜਦਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਦੂਜਿਅਾਂ ਨਾਲ ਕਥਿਤ ਤੌਰ ’ਤੇ ਮਿਲੀਭੁਗਤ ਹੈ। ਡਿਪਟੀ ਕਮਿਸ਼ਨਰ ਨੇ ਐੱਸ. ਡੀ. ਐੱਮ. ਰਾਜਪਾਲ ਸਿੰਘ ਨੂੰ ਇਸ ਦੀ ਪਡ਼ਤਾਲ ਕਰਨ ਲਈ ਕਿਹਾ ਹੈ।
ਰੇਤ-ਬੱਜਰੀ ਵਾਲਿਆਂ ਨੇ ਕੀਤੇ ਹੋਏ ਹਨ ਨਾਜਾਇਜ਼ ਕਬਜ਼ੇ
ਜ਼ਿਕਰਯੋਗ ਹੈ ਕਿ ਉਕਤ ਦਾਣਾ ਮੰਡੀ ਵਿਚ ਸੀਮੈਂਟ, ਰੇਤ, ਬੱਜਰੀ, ਸਰੀਆ ਅਤੇ ਹੋਰ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਨੇ ਵੱਡੀ ਪੱਧਰ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਮਾਰਕੀਟ ਕਮੇਟੀ ਦੇ ਦਫ਼ਤਰ ਦੇ ਬਾਹਰਲੇ ਪਾਸੇ ਵੀ ਨਾਜਾਇਜ਼ ਤੌਰ ’ਤੇ ਖੋਖੇ ਲੱਗੇ ਹੋਏ ਹਨ। ਦੁਕਾਨਾਂ ਦੇ ਅੱਗੇ ਜਿਹਡ਼ੇ ਵਰਾਂਡੇ ਸਨ, ਉਨ੍ਹਾਂ ਨੂੰ ਵੀ ਕਈ ਦੁਕਾਨਦਾਰਾਂ ਨੇ ਆਪਣੀਅਾਂ ਦੁਕਾਨਾਂ ਵਿਚ ਹੀ ਮਿਲਾ ਲਿਆ ਹੈ। ਮੰਡੀ ਦੇ ਸ਼ੈੱਡ ਹੇਠਾਂ ਟਰੱਕਾਂ ਅਤੇ ਟਰਾਲੀਆਂ ਵਾਲੇ ਖਡ਼੍ਹ ਜਾਂਦੇ ਹਨ। ਕਿਸਾਨਾਂ ਦੀ ਮੰਗ ਹੈ ਕਿ ਇਹ ਸ਼ੈੱਡ ਉਨ੍ਹਾਂ ਵਾਸਤੇ ਖਾਲੀ ਕਰਵਾਏ ਜਾਣ।
ਕੀ ਕਹਿਣਾ ਹੈ ਮਾਰਕੀਟ ਕਮੇਟੀ ਦੇ ਸਕੱਤਰ ਦਾ
ਨਾਜਾਇਜ਼ ਕਬਜ਼ਿਆਂ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹੁਣ ਤਾਂ 3-4 ਦੁਕਾਨਦਾਰਾਂ ਨੂੰ ਨੋਟਿਸ ਕੱਢੇ ਹਨ ਪਰ ਸਾਰੇ ਨਾਜਾਇਜ਼ ਕਬਜ਼ੇ ਹਟਵਾਏ ਜਾਣਗੇ। ਨਾਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਨਾਲ ਅਧਿਕਾਰੀਅਾਂ ਦੀ ਕਥਿਤ ਮਿਲੀਭੁਗਤ ਬਾਰੇ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ। ਮਹਿਕਮੇ ਵੱਲੋਂ ਕਾਨੂੰਨ ਦੀ ਪਾਲਣਾ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਦਡ਼ਾ-ਸੱਟਾ ਲਵਾਉਂਦੇ 2 ਵਿਅਕਤੀ ਕਾਬੂ
NEXT STORY