ਸ੍ਰੀ ਮੁਕਤਸਰ ਸਾਹਿਬ (ਪਵਨ) - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬਾਬਾ ਕਸ਼ਮੀਰ ਸਿੰਘ ਦੇ ਗ੍ਰਹਿ ਵਿਖੇ ਇਕ ਪ੍ਰੈਸ ਕਾਨਫਰੰਸ ਬੁਲਾਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਦਾ ਨਾ ਫੜੇ ਜਾਣਾ ਸਿੱਧ ਕਰਦਾ ਹੈ ਕਿ ਭਾਜਪਾ ਅਤੇ ਕਾਂਗਰਸੀਆਂ 'ਚ ਕੋਈ ਫਰਕ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਿੱਖਾਂ ਨੂੰ ਇਨਸਾਫ ਦਿਵਾਉਣ ਦਾ ਯਤਨ ਕਰੇਗੀ ਤਾਂ ਹਿੰਦੂ ਵੋਟਰਾਂ ਨੇ ਉਨ੍ਹਾਂ ਨੂੰ ਵੋਟ ਨਹੀਂ ਪਾਉਣੀ। ਇਸ ਲਈ ਹਰ ਸਰਕਾਰ ਇਸ ਸੰਵੇਦਨਸ਼ੀਲ ਮੁੱਦੇ ਨੂੰ ਟਾਲਣ ਵਿਚ ਭਲਾਈ ਸਮਝਦੀ ਹੈ।
ਉਨ੍ਹਾਂ ਨੇ ਸਿੱਖ ਐੱਮ. ਪੀਜ਼ ਵੱਲੋਂ ਪਾਰਲੀਮੈਂਟ ਦੇ ਬਾਹਰ ਰੋਸ ਕੀਤੇ ਜਾਣ ਦੇ ਸਵਾਲ ਦੇ ਜਵਾਬ 'ਚ ਕਿਹਾ ਕਿ ਇਹ ਸਿੱਖ ਐੱਮ. ਪੀਜ਼ ਪਾਰਲੀਮੈਂਟ ਦੇ ਅੰਦਰ ਸਿੱਖਾਂ ਦੇ ਹੱਕ ਦੀ ਗੱਲ ਨਹੀਂ ਕਰ ਸਕਦੇ। ਜੇਕਰ ਪਾਰਲੀਮੈਂਟ ਤੋਂ ਬਾਹਰ ਆ ਕੇ ਰੋਸ ਪ੍ਰਗਟ ਕਰਨਾ ਸੀ ਤਾਂ ਐੱਮ. ਪੀ. ਬਣਨ ਦੀ ਕੀ ਲੋੜ ਸੀ? ਬਾਹਰ ਤਾਂ ਕੋਈ ਵੀ ਰੋਸ ਪ੍ਰਗਟ ਕਰ ਸਕਦਾ ਹੈ। ਇਸ ਤਰ੍ਹਾਂ ਦੇ ਵਤੀਰੇ ਨਾਲ ਸਿੱਖ ਜਗਤ ਅਤੇ ਪੰਜਾਬ ਦਾ ਨੁਕਸਾਨ ਹੋਣਾ ਤੈਅ ਹੈ। ਉਨ੍ਹਾਂ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਬਾਰੇ ਬੋਲਦਿਆਂ ਕਿਹਾ ਕਿ ਆਜ਼ਾਦੀ ਮਿਲਣ ਸਾਰ ਹੀ ਸਰਕਾਰਾਂ ਨੇ ਕਿਸਾਨ ਵਿਰੋਧੀ ਅਤੇ ਕਿਸਾਨ ਮਾਰੂ ਨੀਤੀਆਂ ਜਾਣਬੁੱਝ ਕੇ ਚਲਾਈਆਂ ਸਨ ਤਾਂ ਕਿ ਕਿਸਾਨਾਂ ਦੀ ਮਾਲਕੀ ਵਾਲੀਆਂ ਜ਼ਮੀਨਾਂ 'ਤੇ ਸਰਮਾਏਦਾਰਾਂ ਦਾ ਕਬਜ਼ਾ ਕਰਵਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਕੱਲਾ ਪੰਜਾਬ ਹੀ ਨਹੀਂ ਸਗੋਂ ਸਾਰੇ ਦੇਸ਼ ਦੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਜਾਣਗੇ, ਕਿਉਂਕਿ ਸਰਕਾਰਾਂ ਦਾ ਧਿਆਨ ਕਿਸਾਨਾਂ ਦੀ ਬਦਤਰ ਹੋ ਚੁੱਕੀ ਹਾਲਤ ਵੱਲ ਨਹੀਂ ਹੈ। ਉਨ੍ਹਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਵਲੋਂ ਕੱਢੇ 525 ਮੁਲਾਜ਼ਮਾਂ ਦੇ ਹੱਕ ਵਿਚ ਵੀ ਹਾਅ ਦਾ ਨਾਅਰਾ ਮਾਰਿਆ। ਇਸ ਮੌਕੇ ਮਹੰਤ ਕਸ਼ਮੀਰ ਸਿੰਘ, ਇਕਬਾਲ ਸਿੰਘ ਬਰੀਵਾਲਾ, ਗੁਰਬਖਸ਼ ਸਿੰਘ ਰੂਬੀ ਬਰਾੜ, ਗੁਰਜੰਟ ਸਿੰਘ ਕੱਟੂ ਪੀ. ਏ. ਆਦਿ ਹਾਜ਼ਰ ਸਨ।
ਹੁਣ ਆਨਲਾਈਨ ਦਿੱਤਾ ਜਾ ਸਕੇਗਾ ਕੈਦੀਆਂ ਦੇ ਹੱਥਾਂ 'ਚ ਬਣੇ ਖਾਣੇ ਦਾ ਆਰਡਰ
NEXT STORY