ਚੰਡੀਗੜ੍ਹ (ਵਿਜੇ) : ਜੇਲ 'ਚ ਕੈਦੀ ਕਿਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਦੇ ਹਨ ਤੇ ਉਨ੍ਹਾਂ ਦੀ ਰੁਟੀਨ ਕੀ ਹੁੰਦੀ ਹੈ, ਇਸ ਦੀ ਜਾਣਕਾਰੀ ਹੁਣ ਲੋਕਾਂ ਨੂੰ ਵੈੱਬਸਾਈਟ ਰਾਹੀਂ ਮਿਲ ਸਕੇਗੀ। ਸਭ ਤੋਂ ਖਾਸ ਗੱਲ ਇਹ ਹੈ ਕਿ ਹੁਣ ਜੇਲ 'ਚ ਬਣਨ ਵਾਲੇ ਖਾਣੇ ਦਾ ਲੁਤਫ ਵੀ ਟ੍ਰਾਈਸਿਟੀ ਦੇ ਰੈਜ਼ੀਡੈਂਟਸ ਉਠਾ ਸਕਣਗੇ। ਟ੍ਰਾਈਸਿਟੀ ਤੋਂ ਕਿਤੇ ਵੀ ਜੇਕਰ 2000 ਰੁਪਏ ਤੋਂ ਜ਼ਿਆਦਾ ਖਾਣੇ ਦਾ ਆਰਡਰ ਦਿੱਤਾ ਜਾਂਦਾ ਹੈ ਤਾਂ ਹੋਮ ਡਲਿਵਰੀ ਫ੍ਰੀ ਹੋਵੇਗੀ। ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਯੂ. ਟੀ. ਸਕੱਤਰੇਤ ਵਿਚ ਡਿਪਾਰਟਮੈਂਟ ਆਫ ਪ੍ਰਿਜ਼ਨਸ ਐਂਡ ਕੁਲੈਕਸ਼ਨਲ ਐਡਮਨਿਸਟ੍ਰੇਸ਼ਨ ਦੀ ਵੈੱਬਸਾਈਟ ਲਾਂਚ ਕੀਤੀ। ਵੈੱਬਸਾਈਟ 'ਤੇ ਆਰਡਰ ਦੇ ਕੇ ਲੋਕ ਆਪਣੇ ਘਰ 'ਚ ਜੇਲ ਵਿਚ ਬਣਿਆ ਹੋਇਆ ਖਾਣਾ ਮੰਗਵਾ ਸਕਣਗੇ। ਇਸ ਦੇ ਨਾਲ ਹੀ ਕੈਦੀਆਂ ਵਲੋਂ ਤਿਆਰ ਕੀਤਾ ਗਿਆ ਹੋਰ ਸਾਮਾਨ ਵੀ ਇਸ ਵੈੱਬਸਾਈਟ 'ਤੇ ਆਰਡਰ ਕਰਕੇ ਮੰਗਵਾਇਆ ਜਾ ਸਕਦਾ ਹੈ। ਖਾਣੇ ਦਾ ਬਿੱਲ ਜੇਕਰ 2000 ਰੁਪਏ ਤੋਂ ਘੱਟ ਆਉਂਦਾ ਹੈ ਤਾਂ ਉਸ 'ਤੇ 100 ਰੁਪਏ ਚਾਰਜ ਲਿਆ ਜਾਵੇਗਾ। ਇਸੇ ਤਰ੍ਹਾਂ ਕੈਦੀਆਂ ਵਲੋਂ ਤਿਆਰ ਕੀਤੇ ਗਏ ਫਰਨੀਚਰ ਦੀ ਕੀਮਤ ਜੇਕਰ 5000 ਤੋਂ ਜ਼ਿਆਦਾ ਹੁੰਦੀ ਹੈ ਤਾਂ ਹੋਮ ਡਲਿਵਰੀ ਫ੍ਰੀ ਹੋਵੇਗੀ, ਨਹੀਂ ਤਾਂ 500 ਰੁਪਏ ਵਾਧੂ ਚਾਰਜ ਲਏ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਜਿਹੜੇ ਵੀ ਪ੍ਰੋਡਕਟ ਵੈੱਬਸਾਈਟ 'ਚ ਦੱਸੇ ਗਏ ਹਨ, ਉਨ੍ਹਾਂ ਦੀ ਕੀਮਤ ਮਾਰਕੀਟ 'ਚ ਮਿਲਣ ਵਾਲੇ ਪ੍ਰੋਡਕਟਸ ਦੀ ਤੁਲਨਾ 'ਚ ਕਾਫੀ ਘੱਟ ਹੈ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਪਰਿਮਲ ਰਾਏ, ਗ੍ਰਹਿ ਸਕੱਤਰ ਅਨੁਰਾਗ ਅਗਰਵਾਲ, ਡੀ. ਜੀ. ਪੀ. ਤਜਿੰਦਰ ਸਿੰਘ ਲੁਥਰਾ, ਆਈ. ਜੀ. ਪ੍ਰਿਜ਼ਨਸ ਓ. ਪੀ. ਮਿਸ਼ਰਾ ਅਤੇ ਐਡੀਸ਼ਨਲ ਆਈ. ਜੀ. ਪ੍ਰਿਜ਼ਨਸ ਸਤੀਸ਼ ਕੁਮਾਰ ਜੈਨ ਵੀ ਮੌਜੂਦ ਸਨ।
ਡੀ. ਸੀ. ਨੇ 17 ਕਲਰਕਾਂ ਦੇ ਕੀਤੇ ਤਬਾਦਲੇ
NEXT STORY