ਖਰੜ- ਪੰਜਾਬ ਸਰਕਾਰ ਵੱਲੋਂ ਖਰੜ ਦੀ ਅਣਦੇਖੀ ਅਤੇ ਵਿਧਾਇਕ ਅਨਮੋਲ ਗਗਨ ਮਾਨ ਦੀ ਨਾਕਾਮੀ ਦੇ ਨਤੀਜੇ ਵਜੋਂ ਖਰੜ ਸ਼ਹਿਰ ਦੀ ਜਨਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਸਾਲ ਮੰਤਰੀ ਰਹਨ ਦੇ ਬਾਵਜੂਦ ਐਮ ਐਲ ਏ ਅਨਮੋਲ ਗਗਨ ਮਾਨ ਨੇ ਖਰੜ ਸ਼ਹਿਰ ਦੀਆਂ ਮੁਸ਼ਕਲਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ। ਦੇਰ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਸ਼ਹਿਰ ਦੇ ਹਰੇਕ ਹਿੱਸੇ ਵਿੱਚ ਪਾਣੀ ਭਰ ਗਿਆ ਤੇ ਖਰੜ ਛੱਪੜਾਂ ਦਾ ਸ਼ਹਿਰ ਬਣ ਗਿਆ ਹੈ। ਇਹ ਕਹਿਣਾ ਹੈ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਦਾ, ਜਿਨਾਂ ਨੇ ਬੀਤੇ ਕੱਲ੍ਹ ਅਤੇ ਅੱਜ ਭਾਰੀ ਮੀਂਹ ਦੌਰਾਨ ਖਰੜ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਸੁਸਾਇਟੀਆਂ ਦਾ ਦੌਰਾ ਕੀਤਾ।
ਆਪ ਸਰਕਾਰ ਤੇ ਅਨਮੋਲ ਕਿਉਂ ਜ਼ਿੰਮੇਵਾਰ
ਵਿਨੀਤ ਜੋਸ਼ੀ ਨੇ ਦੱਸਿਆ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਧਾਇਕ ਅਨਮੋਲ ਗਗਨ ਮਾਨ ਇਸ ਲਈ ਜ਼ਿੰਮੇਵਾਰ ਹਨ, ਕਿਉਂਕਿ 2022, 2023 ਅਤੇ 2024 ਵਿੱਚ ਹਰ ਵਾਰੀ ਮੀਂਹ ਪੈਣ ਤੋਂ ਬਾਅਦ ਸ਼ਹਿਰ ਦੀ ਹਾਲਤ ਖਰਾਬ ਹੋਈ ਹੈ, ਗਲੀਆਂ ਛੱਪੜ ਬਣ ਜਾਂਦੀਆਂ ਹਨ ਤੇ ਕਈ ਥਾਵਾਂ ਤੇ ਤਾਲਾਬ ਵਰਗੇ ਹਾਲਾਤ ਬਣ ਜਾਂਦੇ ਹਨ, ਪਰ ਵਿਧਾਇਕ ਹੋਣ ਦੇ ਨਾਤੇ ਅਨਮੋਲ ਗਗਨ ਮਾਨ ਅਤੇ ਆਪ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ ਹਾਲਤ ਨੂੰ ਠੀਕ ਕਰਨ ਲਈ ਕੋਈ ਵੀ ਹੀਲਾ ਨਹੀਂ ਕੀਤਾ ਗਿਆ।
ਜੋਸ਼ੀ ਨੇ ਕਿਹਾ ਕਿ ਖਰੜ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ, ਚਾਹੇ ਉਹ ਖਰੜ-ਲਾਂਡਰਾ ਰੋਡ, ਨਿੱਜਰ ਰੋਡ ਹੋਵੇ ਜਾਂ ਖੂਨੀ ਮਾਜਰਾ ਰੋਡ, ਸੰਤੇ ਮਾਜਰਾ ਰੋਡ, ਆਰੀਆ ਕਾਲਜ ਰੋਡ, ਮੰਡੀ ਚੌਂਕ ਤੋਂ ਸੁਰਜੀਤ ਡੇਅਰੀ ਰੋਡ, ਜੈਨ ਮੰਦਰ ਵਾਲੀ ਗਲੀ, ਝੁੱਗੀਆਂ ਰੋਡ, ਨੂਰ ਸਿਟੀ ਤੋਂ ਅੱਗੇ ਵਾਲੀ ਰੋਡ, ਐਚ ਐਲ ਵੀ. ਫਿਲਮ ਸਿਟੀ ਕੋਲ ਪਿੰਡ ਭੂਕਰੀ ਰੋਡ, ਸ਼ਿਵਾਲਿਕ ਸਿਟੀ ਦਾ ਮੇਨ ਗੇਟ, ਨਿਰਵਾਣਾ ਗਰੀਨ, ਐਲ ਆਈ ਸੀ ਕਾਲੋਨੀ, ਚੰਡੀਗੜ੍ਹ ਐਨਕਲੇਵ, ਨਿਊ ਸਨੀ ਦਾ ਵਾਰਡ ਨੰਬਰ 9 ਜਾਂ ਵਾਰਡ ਨੰਬਰ 10 ਦੀ ਸਿਲਵਰ ਸਿਟੀ ਹੀ ਕਿਉਂ ਨਾ ਹੋਵੇ ਹਰ ਥਾਂ ਪਾਣੀ ਹੀ ਪਾਣੀ ਹੈ। ਜਿਸਦੇ ਚਲਦਿਆਂ ਲੋਕਾਂ ਦੀ ਜ਼ਿੰਦਗੀ ਨਰਕ ਬਣ ਗਈ ਹੈ। ਜੋਸ਼ੀ ਨੇ ਆਖ਼ਰ 'ਚ ਕਿਹਾ ਕਿ ਵਿਧਾਇਕ ਅਨਮੋਲ ਗਗਨ ਮਾਨ ਦੀ ਨਲਾਈਕੀ ਦੇ ਕਾਰਨ ਅੱਜ ਖਰੜ ਛੱਪੜਾਂ 'ਚ ਨੰਬਰ ਵਨ ਹੋ ਗਿਆ ਹੈ।
1,50,000 ਰੁਪਏ ਦੀ ਰਿਸ਼ਵਤ ਲੈਂਦਾ ਜੰਗਲਾਤ ਗਾਰਡ ਰੰਗੇ ਹੱਥੀਂ ਕਾਬੂ
NEXT STORY